PM ਮੋਦੀ ਤੇ ਅਮਿਤ ਸ਼ਾਹ ਦਾ ਪੰਜਾਬ ਦੌਰਾ ਬੇਹੱਦ ਅਹਿਮ, ਸੂਬੇ 'ਚ ਸਿਆਸੀ ਜ਼ਮੀਨ ਮਜ਼ਬੂਤ ਕਰਨ 'ਚ ਲੱਗੀ ਭਾਜਪਾ
Saturday, Jan 31, 2026 - 01:00 PM (IST)
ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੰਜਾਬ ਦੌਰਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਇਹ ਦੌਰਾ ਪੰਜਾਬ 'ਚ ਭਾਜਪਾ ਦੀ ਲਗਾਤਾਰ ਵੱਧ ਰਹੀ ਸਰਗਰਮੀ ਵੱਲ ਸੰਕੇਤ ਦੇ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਮੌਕੇ 1 ਫਰਵਰੀ ਨੂੰ ਜਲੰਧਰ 'ਚ ਡੇਰਾ ਬੱਲਾਂ ਵਿਖੇ ਆ ਰਹੇ ਹਨ। ਇਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੋਗਾ 'ਚ 22 ਫਰਵਰੀ ਨੂੰ ਕਿਸਾਨਾਂ ਦੀ ਰੈਲੀ ਨੂੰ ਸੰਬੋਧਨ ਕਰਨਗੇ। ਇਨ੍ਹਾਂ ਦੌਰਿਆਂ ਨਾਲ ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਠੀਕ ਇਕ ਸਾਲ ਪਹਿਲਾਂ ਭਾਜਪਾ ਨੇ ਸੂਬੇ 'ਚ ਸਿਆਸੀ ਜ਼ਮੀਨ ਨੂੰ ਮਜ਼ਬੂਤ ਕਰਨ ਦੇ ਸੰਕੇਤ ਦਿੱਤੇ ਹਨ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਡੇਰਾ ਸੱਚਖੰਡ ਬੱਲਾਂ ਨੂੰ ਰਵਿਦਾਸੀਆ ਭਾਈਚਾਰੇ ਦਾ ਧਾਰਮਿਕ ਕੇਂਦਰ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਬੰਬ ਦੀਆਂ ਧਮਕੀਆਂ ਮਗਰੋਂ ਸਕੂਲਾਂ ਲਈ ਨਵੀਂ ਐਡਵਾਈਜ਼ਰੀ ਜਾਰੀ, CCPCR ਨੇ ਦਿੱਤੇ ਸਖ਼ਤ ਹੁਕਮ
ਇੱਥੇ ਪ੍ਰਧਾਨ ਮੰਤਰੀ ਦਾ ਆਉਣਾ ਅਤੇ ਮੋਗਾ 'ਚ ਸ਼ਾਹ ਦੀ ਰੈਲੀ ਪਾਰਟੀ ਦੇ ਸੂਬੇ 'ਚ ਸਿਆਸੀ ਪੈਰ ਪਸਾਰਨ ਦੇ ਇਰਾਦੇ ਦਾ ਸਪੱਸ਼ਟ ਸੰਕੇਤ ਹਨ। ਪ੍ਰਧਾਨ ਮੰਤਰੀ ਦਾ ਇਹ ਦੌਰਾ ਗਣਤੰਤਰ ਦਿਹਾੜੇ ਤੋਂ ਪਹਿਲਾਂ ਕੇਂਦਰ ਵਲੋਂ ਡੇਰਾ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਜੀ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕਰਨ ਤੋਂ ਬਾਅਦ ਹੋ ਰਿਹਾ ਹੈ। ਜਲੰਧਰ ਤੋਂ 18 ਕਿਲੋਮੀਟਰ ਦੂਰ ਡੇਰਾ ਸੱਚਖੰਡ ਬੱਲਾਂ ਨੂੰ ਦੋਆਬਾ ਖੇਤਰ 'ਚ ਮਜ਼ਬੂਤ ਸਿਆਸੀ ਪ੍ਰਭਾਵ ਮੰਨਿਆ ਜਾਂਦਾ ਹੈ। ਸਿਆਸੀ ਮਾਹਰਾਂ ਦੇ ਮੁਤਾਬਕ ਡੇਰੇ ਨੇ ਕਦੇ ਵੀ ਆਪਣਾ ਸਿਆਸੀ ਝੁਕਾਅ ਜਨਤਕ ਨਹੀਂ ਕੀਤਾ ਪਰ ਇਹ ਦੋਆਬਾ ਖੇਤਰ 'ਚ 19 ਸੀਟਾਂ 'ਤੇ ਪ੍ਰਭਾਵ ਰੱਖਦਾ ਹੈ। ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿਚ ਅਨੁਸੂਚਿਤ ਜਾਤੀ ਦੀ ਆਬਾਦੀ ਲਗਭਗ 45 ਫ਼ੀਸਦੀ ਹੈ, ਜਿਸ ਵਿਚੋਂ 35 ਫ਼ੀਸਦੀ ਪੂਰੀ ਤਰ੍ਹਾਂ ਸਰਗਰਮ ਵੋਟਰ ਹਨ। ਲਿਹਾਜ਼ਾ ਭਾਜਪਾ ਨੂੰ ਇਸ ਦਾ ਸਿੱਧਾ-ਸਿੱਧਾ ਲਾਭ ਵੋਟਾਂ ਦੌਰਾਨ ਮਿਲ ਸਕਦਾ ਹੈ।
ਇਕ ਸਿਆਸੀ ਮਾਹਰ ਨੇ ਨਾਮ ਨਾਂ ਦੱਸਣ ਦੀ ਸ਼ਰਤ 'ਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਡੇਰਾ ਬੱਲਾਂ ਦਾ ਦੌਰਾ ਸਿਆਸੀ ਤੌਰ 'ਤੇ ਬਹੁਤ ਅਹਿਮ ਹੈ। ਇਸ ਦਾ ਮਕਸਦ ਪੰਜਾਬ ਦੇ ਦਲਿਤ ਵੋਟ ਬੈਂਕ 'ਚ ਆਪਣੀ ਪੈਠ ਬਣਾਉਣਾ ਹੈ। ਭਾਰਤ ਦੇ ਸੂਬਿਆਂ 'ਚ ਪੰਜਾਬ 'ਚ ਦਲਿਤ ਅਬਾਦੀ ਦਾ ਸਭ ਤੋਂ ਵੱਧ ਅਨੁਪਾਤ ਹੈ ਅਤੇ ਰਵਿਦਾਸੀਆ ਭਾਈਚਾਰਾ ਚੋਣ ਨਤੀਜਿਆਂ 'ਚ ਫ਼ੈਸਲਾਕੁੰਨ ਭੂਮਿਕਾ ਨਿਭਾਉਂਦਾ ਹੈ। ਦੂਜੇ ਪਾਸੇ ਅਮਿਤ ਸ਼ਾਹ ਦੀ ਪ੍ਰਸਤਾਵਿਤ ਕਿਸਾਨ ਰੈਲੀ 'ਚ ਭਾਜਪਾ ਦਾ ਮਕਸਦ ਕਰੀਬ ਇਕ ਲੱਖ ਕਿਸਾਨਾਂ ਨੂੰ ਇਕੱਠਾ ਕਰਨਾ ਹੈ। ਇਸ ਨੂੰ ਪਾਰਟੀ ਦੀ ਖੇਤੀਬਾੜੀ ਭਾਈਚਾਰੇ ਤੱਕ ਪਹੁੰਚ ਵਜੋਂ ਦੇਖਿਆ ਜਾ ਰਿਹਾ ਹੈ, ਜਿਸ 'ਚ ਜ਼ਿਆਦਾਤਰ ਜਾਟ ਸਿੱਖਾਂ ਦਾ ਦਬਦਬਾ ਹੈ। ਪਾਰਟੀ ਦੇ ਸੂਬਾ ਜਨਰਲ ਸਕੱਤਰ (ਸੰਗਠਨ) ਨੇ ਪਹਿਲਾਂ ਹੀ ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਵਰਕਰਾਂ ਨੂੰ ਇਕੱਠ ਦੇ ਪ੍ਰਬੰਧਨ ਦਾ ਕੰਮ ਸੌਂਪ ਦਿੱਤਾ ਹੈ। ਸਿਆਸੀ ਮਾਹਰਾਂ ਮੁਤਾਬਕ ਪਾਰਟੀ ਨੂੰ ਜਨਤਾ ਵਲੋਂ ਸਕਾਰਾਤਮਕ ਹੁੰਗਾਰਾ ਮਿਲ ਰਿਹਾ ਹੈ। ਇਕ ਮਹੀਨੇ 'ਚ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਦੇ ਲਗਾਤਾਰ ਦੌਰੇ ਸਪੱਸ਼ਟ ਤੌਰ 'ਤੇ ਦਰਸਾਉਂਦੇ ਹਨ ਕਿ ਪਾਰਟੀ ਨੇ ਪੰਜਾਬ 'ਤੇ ਧਿਆਨ ਕੇਂਦਰਿਤ ਕਰਨ ਦਾ ਫ਼ੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਡੇਰਾ ਬੱਲਾਂ ਦੇ ਨਿਰਧਾਰਿਤ ਦੌਰੇ ਨੇ ਸੂਬੇ 'ਚ ਸਿਆਸੀ ਗਤੀਵਿਧੀਆਂ ਪਹਿਲਾਂ ਹੀ ਤੇਜ਼ ਕਰ ਦਿੱਤੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
