ਲੁਧਿਆਣਾ : ਰਿਹਾਇਸ਼ੀ ਇਲਾਕੇ 'ਚ ਸਥਿਤ ਪਲਾਸਟਿਕ ਫੈਕਟਰੀ 'ਚ ਮਚੇ ਅੱਗ ਦੇ ਭਾਂਬੜ (ਵੀਡੀਓ)

Friday, Aug 23, 2019 - 01:22 PM (IST)

ਲੁਧਿਆਣਾ (ਨਰਿੰਦਰ ਮਹਿੰਦਰੂ) : ਗਿੱਲ ਰੋਡ ਸਥਿਤ ਸਾਈਕਲ ਮਾਰਕੀਟ ਨੇੜੇ ਸਥਿਤ ਅਹੂਜਾ ਇੰਟਰਪ੍ਰਾਈਜ਼ਿਜ਼ ਨਾਂ ਦੀ ਫੈਕਟਰੀ ਵਿਚ ਸ਼ੁੱਕਰਵਾਰ ਨੂੰ ਅਚਾਨਕ ਅੱਗ ਲੱਗ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਫੈਕਟਰੀ 'ਚ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਨੇ ਆ ਕੇ ਅੱਗ 'ਤੇ ਕਾਬੂ ਪਾਇਆ। ਇਸ ਦੌਰਾਨ ਘਟਨਾ ਸਥਾਨ 'ਤੇ ਇਲਾਕੇ ਦੇ ਵਿਧਾਇਕ ਸੁਰਿੰਦਰ ਡਾਵਰ ਵੀ ਪਹੁੰਚੇ ਅਤੇ ਹਾਲਾਤ ਦਾ ਜਾਇਜ਼ਾ ਲਿਆ। 

ਇਲਾਕਾ ਵਾਸੀਆਂ ਨੇ ਦੱਸਿਆ ਕਿ ਇਹ ਅੱਗ ਸਵੇਰੇ 11.30 ਸਾਲ ਵਜੇ ਦੇ ਕਰੀਬ ਲੱਗੀ ਹੈ ਅਤੇ ਅੱਗ ਵੇਖਦਿਆਂ ਹੀ ਤੁਰੰਤ ਅੱਗ ਬੁਝਾਊ ਅਮਲੇ ਅਤੇ ਬਿਜਲੀ ਵਿਭਾਗ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਮੌਕੇ 'ਤੇ ਪਹੁੰਚੇ ਅੱਗ ਬੁਝਾਊ ਦਸਤੇ ਦੇ ਅਫਸਰ ਸ੍ਰਿਸ਼ਟੀ ਨਾਥ ਸ਼ਰਮਾ ਨੇ ਦੱਸਿਆ ਕਿ ਅੱਗ 'ਤੇ ਲਗਭਗ ਕਾਬੂ ਪਾ ਲਿਆ ਗਿਆ ਹੈ ਅਤੇ ਅੱਗ ਬੁਝਾਉਣ 'ਤੇ ਫਾਇਰ ਬ੍ਰਿਗੇਡ ਦੀ 9-10 ਗੱਡੀਆਂ ਲਗਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਇੱਥੇ ਪਲਾਸਟਿਕ ਦਾ ਸਾਮਾਨ ਬਣਦਾ ਹੈ ਜਿਸ ਕਾਰਨ ਅੱਗ 'ਤੇ ਕਾਬੂ ਪਾਉਣ ਵਿਚ ਕਾਫੀ ਮੁਸ਼ੱਕਲ ਕਰਨੀ ਪਈ। 

ਉਧਰ ਮੌਕੇ 'ਤੇ ਪਹੁੰਚੇ ਵਿਧਾਇਕ ਸੁਰਿੰਦਰ ਡਾਵਰ ਨੇ ਇਲਾਕੇ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਪਰ ਜਦੋਂ ਰਿਹਾਇਸ਼ੀ ਇਲਾਕੇ ਵਿਚ ਫੈਕਟਰੀ ਹੋਣ ਦੀ ਗੱਲ ਕਹੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਂਚ ਕਰਵਾਈ ਜਾਵੇਗੀ। ਹਾਲਾਂਕਿ ਸਮਾਂ ਰਹਿੰਦਿਆਂ ਅੱਗ 'ਤੇ ਕਾਬੂ ਪਾ ਲਿਆ ਗਿਆ ਪਰ ਇਥੇ ਵੱਡਾ ਸਵਾਲ ਇਹ ਖੜ੍ਹਾ ਹੋਇਆ ਹੈ ਕਿ ਰਿਹਾਇਸ਼ੀ ਇਲਾਕੇ ਵਿਚ ਸਥਿਤ ਫੈਕਟਰੀ 'ਚ ਭਾਰੀ ਮਾਤਰਾ 'ਚ ਜਲਣਸ਼ੀਲ ਪਦਾਰਥ ਕਿਉਂ ਬਣਾਇਆ ਜਾ ਰਿਹਾ ਸੀ, ਜੋ ਕਿ ਇਕ ਵੱਡੀ ਜਾਂਚ ਦਾ ਵਿਸ਼ਾ ਹੈ।


author

Gurminder Singh

Content Editor

Related News