ਪਲਾਸਟਿਕ ਕੈਰੀ ਬੈਗ ’ਤੇ ਪਾਬੰਦੀ ਲਈ ਅੱਜ ਤੋਂ ਸ਼ੁਰੂ ਹੋਵੇਗੀ ਡਰਾਈਵ
Thursday, Jan 21, 2021 - 11:12 AM (IST)
ਲੁਧਿਆਣਾ (ਹਿਤੇਸ਼) : ਨਗਰ ਨਿਗਮ ਵੱਲੋਂ ਪਲਾਸਟਿਕ ਕੈਰੀ ਬੈਗ ’ਤੇ ਲੱਗੀ ਪਾਬੰਦੀ ਲਈ ਵੀਰਵਾਰ ਨੂੰ ਡਰਾਈਵ ਸ਼ੁਰੂ ਕੀਤੀ ਜਾਵੇਗੀ। ਇਹ ਫ਼ੈਸਲਾ ਕਮਿਸ਼ਨਰ ਪ੍ਰਦੀਪ ਸੱਭਰਵਾਲ ਦੀ ਹੈਲਥ ਸ਼ਾਖਾ ਦੇ ਅਫ਼ਸਰਾਂ ਨਾਲ ਹੋਈ ਮੀਟਿੰਗ 'ਚ ਲਿਆ ਗਿਆ, ਜਿਸ ਦੇ ਮੁਤਾਬਕ ਸੈਨੇਟਰੀ ਇੰਸਪੈਕਟਰਾਂ ਅਤੇ ਪੁਲਸ ਮੁਲਾਜ਼ਮਾਂ ਨੂੰ ਸ਼ਾਮਲ ਕਰਕੇ 10 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਸ਼ਹਿਰ ਭਰ 'ਚ ਪਾਬੰਦੀਸ਼ੁਦਾ ਪਲਾਸਟਿਕ ਕੈਰੀ ਬੈਗ ਬਣਾਉਣ, ਵੇਚਣ ਜਾਂ ਵਰਤੋਂ ਕਰਨ ਵਾਲਿਆਂ ਦੀ ਚੈਕਿੰਗ ਕਰਕੇ ਚਲਾਨ ਕੱਟਣ ਦੀ ਕਾਰਵਾਈ ਕੀਤੀ ਜਾਵੇਗੀ।
ਸਵੱਛਤਾ ਸਰਵੇਖਣ ਦੇ ਮੱਦੇਨਜ਼ਰ ਹੋਵੇਗੀ ਸਖ਼ਤੀ
ਉਂਝ ਤਾਂ ਪਲਾਸਟਿਕ ਕੈਰੀ ਬੈਗ ’ਤੇ ਪਾਬੰਦੀ ਨੂੰ ਕਾਫ਼ੀ ਸਮਾਂ ਬੀਤ ਗਿਆ ਹੈ ਪਰ ਉਸ ਨੂੰ ਲਾਗੂ ਕਰਨ ਦੇ ਨਾਂ ’ਤੇ ਜਾਗਰੂਕਤਾ ਫੈਲਾਉਣ ਤੋਂ ਜ਼ਿਆਦਾ ਕੁੱਝ ਨਹੀਂ ਹੋਇਆ। ਹੁਣ ਨਗਰ ਨਿਗਮ ਵੱਲੋਂ ਅਚਾਨਕ ਸਖ਼ਤੀ ਵਧਾਉਣ ਦਾ ਫ਼ੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਸਵੱਛਤਾ ਸਰਵੇਖਣ 'ਚ ਰੈਂਕਿੰਗ ਤੈਅ ਕਰਨ ਲਈ ਮਹਾਂਨਗਰ 'ਚ ਪਲਾਸਟਿਕ ਕੈਰੀ ਬੈਗ ’ਤੇ ਪਾਬੰਦੀ ਲਾਗੂ ਕਰਨ ਦੇ ਹਾਲਾਤ ਨੂੰ ਵੀ ਆਧਾਰ ਬਣਾਇਆ ਜਾਵੇਗਾ।