ਪਲਾਸਟਿਕ ਬੋਤਲ ਬੈਨ ਦੀਆਂ ਚਰਚਾਵਾਂ ਨੇ ਉਡਾਈ ਕਾਰੋਬਾਰੀਆਂ ਦੀ ਨੀਂਦ

09/17/2019 4:16:16 PM

ਚੰਡੀਗੜ੍ਹ (ਟੱਕਰ) : ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਸ਼ੁਰੂ ਕੀਤੀ ਗਈ ਸਵੱਛ ਭਾਰਤ ਮੁਹਿੰਮ ਤਹਿਤ ਪਲਾਸਟਿਕ ਲਿਫਾਫਿਆਂ ਦੀ ਵਿਕਰੀ 'ਤੇ ਮੁਕੰਮਲ ਪਾਬੰਦੀ ਲਾ ਦਿੱਤੀ ਗਈ ਹੈ ਅਤੇ ਹੁਣ ਕੁਝ ਹੋਰ ਪਲਾਸਟਿਕ ਨਾਲ ਸਬੰਧਿਤ ਵਸਤੂਆਂ 'ਤੇ ਪਾਬੰਦੀ ਲਗਾਉਣ ਦੀਆਂ ਚਰਚਾਵਾਂ ਨਾਲ ਇਸ ਕਾਰੋਬਾਰ ਨਾਲ ਜੁੜੇ ਲੱਖਾਂ ਲੋਕਾਂ ਦੇ ਚਿਹਰਿਆਂ 'ਤੇ ਚਿੰਤਾ ਛਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵਲੋਂ ਕੁੱਝ ਪਲਾਸਟਿਕ ਦੀਆਂ ਵਸਤੂਆਂ ਜਿਸ 'ਚ ਪਲਾਸਟਿਕ ਦੇ ਛੋਟੇ ਪਾਣੀ ਵਾਲੇ ਗਲਾਸ, ਛੋਟੀ ਬੋਤਲ, ਥਰਮਾਕੋਲ ਦੀਆਂ ਪਲੇਟਾਂ, ਗਲਾਸ, ਪਲਾਸਟਿਕ ਦੀ ਸਟਰਾਅ ਜੋ ਕਿ ਬਹੁਤ ਹੀ ਘੱਟ ਰੀਸਾਈਕਲ ਹੁੰਦੀਆਂ ਹਨ, ਉਨ੍ਹਾਂ ਨੂੰ ਮੁਕੰਮਲ ਤੌਰ 'ਤੇ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਪਾਣੀ ਦੀ ਵੱਡੀ ਬੋਤਲ ਅਤੇ ਕੋਲਡਿੰ੍ਰਕ ਨਾਲ ਸਬੰਧਿਤ ਬੋਤਲਾਂ ਜੋ ਕਿ ਖਾਲੀ ਹੋਣ ਤੋਂ ਬਾਅਦ 90 ਫੀਸਦੀ ਰੀਸਾਈਕਲ ਹੋ ਜਾਂਦੀਆਂ ਹਨ, ਉਹ ਵੀ ਬੰਦ ਹੁੰਦੀ ਹੈ ਤਾਂ ਲੱਖਾਂ ਲੋਕ ਬੇਰੋਜ਼ਗਾਰ ਹੋ ਜਾਣਗੇ ਅਤੇ ਕਰੋੜਾਂ ਰੁਪਏ ਦੀ ਇੰਡਸਟਰੀ ਵੀ ਡੁੱਬ ਜਾਵੇਗੀ। ਜਾਣਕਾਰੀ ਅਨੁਸਾਰ ਪਲਾਸਟਿਕ ਦੀ ਖਾਲੀ ਬੋਤਲ ਤੋਂ ਧਾਗਾ ਬਣਾਉਣ ਲਈ ਪੂਰੇ ਭਾਰਤ ਵਿਚ 100 ਦੇ ਕਰੀਬ ਵੱਡੇ, ਛੋਟੇ ਕਾਰਖਾਨੇ ਲੱਗੇ ਹੋਏ ਹਨ। ਪਲਾਸਟਿਕ ਦੀਆਂ ਬੋਤਲਾਂ ਤੋਂ ਧਾਗਾ ਬਣਾਉਣ ਦੇ ਕਾਰੋਬਾਰ ਵਿਚ ਇੱਕ ਗਰੀਬ ਕਬਾੜੀਏ ਤੋਂ ਲੈ ਕੇ ਵੱਡੇ ਉਦਯੋਗਪਤੀ ਜਿਸ ਵਿਚ ਰਿਲਾਇੰਸ, ਸ਼ਿਵਾ ਗਰੁੱਪ ਵੀ ਸ਼ਾਮਿਲ ਹਨ ਉਹ ਇਸ ਬੋਤਲ ਨੂੰ ਰੀਸਾਈਕਲ ਕਰ ਜਿੱਥੇ 80 ਲੱਖ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇ ਰਹੇ ਹਨ ਅਤੇ ਭਾਰਤ ਦੇ ਕੱਪੜਾ ਉਦਯੋਗ ਵਿਚ ਧਾਗਾ ਬਣਾ ਕੇ ਵੇਚ ਰਹੇ ਹਨ। ਜਿਸ ਦਿਨ ਤੋਂ ਪਲਾਸਟਿਕ ਬੋਤਲ ਬੈਨ ਦੀ ਚਰਚਾ ਛਿੜੀ ਹੈ ਉਸ ਦਿਨ ਤੋਂ ਲੱਖਾਂ ਹੀ ਬੋਤਲਾਂ ਇਕੱਠੀਆਂ ਕਰਨ ਵਾਲੇ ਮਜ਼ਦੂਰ, ਇਨ੍ਹਾਂ ਨੂੰ ਖਰੀਦਣ ਵਾਲੇ ਕਬਾੜੀਏ ਅਤੇ ਅੱਗੇ ਮਿੱਲਾਂ ਨੂੰ ਵੇਚਣ ਵਾਲੇ ਕਰੀਬ 8 ਤੋਂ 10 ਹਜ਼ਾਰ ਵਾਈਂਡਰ ਚਿੰਤਤ ਹਨ ਕਿ ਪਹਿਲਾਂ ਹੀ ਪੂਰਾ ਭਾਰਤ ਆਰਥਿਕ ਮੰਦੀ ਦੇ ਦੌਰ 'ਚੋਂ ਗੁਜ਼ਰ ਰਿਹਾ ਹੈ ਅਤੇ ਜੇਕਰ ਪਲਾਸਟਿਕ ਬੋਤਲ ਬੰਦ ਕਰ ਦਿੱਤੀ ਗਈ ਤਾਂ ਇਸ ਨਾਲ ਸਬੰਧਿਤ 4 ਹਜ਼ਾਰ ਕਰੋੜ ਦੀ ਇੰਡਸਟਰੀ ਵੀ ਬੰਦ ਹੋ ਜਾਵੇਗੀ, ਲੱਖਾਂ ਲੋਕ ਬੇਰੁਜ਼ਗਾਰ ਹੋ ਜਾਣਗੇ, ਆਰਥਿਕ ਸਥਿਤੀ ਦੇਸ਼ ਦੀ ਹੋਰ ਡਾਂਵਾਡੋਲ ਹੋ ਜਾਵੇਗੀ।
ਪਲਾਸਟਿਕ ਦੀ ਵੱਡੀ ਬੋਤਲ ਮਨੁੱਖਤਾ ਤੇ ਵਾਤਾਵਰਣ ਲਈ ਘਾਤਕ ਨਹੀਂ
ਪਲਾਸਟਿਕ ਦੇ ਬੋਤਲ ਦੇ ਕਾਰੋਬਾਰ ਨਾਲ ਸਬੰਧਿਤ ਤੇ ਮਾਹਿਰ ਮੁੰਬਈ ਨਿਵਾਸੀ ਸੰਦੀਪ ਕੁਮਾਰ ਸੋਨੀ ਨੇ ਦੱਸਿਆ ਕਿ ਪੈਟ ਬੋਤਲ ਦਾ ਇਹ ਕਾਰੋਬਾਰ ਪੂਰੀ ਤਰ੍ਹਾਂ ਡਿਜੀਟਲ ਹੋ ਚੁੱਕਾ ਹੈ ਅਤੇ ਇਹ ਖਾਲੀ ਬੋਤਲ ਮਨੁੱਖਤਾ ਤੇ ਵਾਤਾਵਰਣ ਲਈ ਘਾਤਕ ਨਹੀਂ ਕਿਉਂਕਿ ਦੇਸ਼ ਵਿਚ ਜਿੰਨੀ ਵੀ ਇਹ ਪੈਟ ਬੋਤਲ ਖਾਲੀ ਹੁੰਦੀ ਹੈ ਉਸਦਾ 90 ਪ੍ਰਤੀਸ਼ਤ ਰੀਸਾਈਕਲ ਹੋ ਕੇ ਧਾਗਾ ਬਣ ਜਾਂਦਾ ਹੈ ਜੋ ਕਿ ਕੱਪੜਾ ਉਦਯੋਗ ਵਿਚ ਵਰਤੋ ਹੁੰਦਾ ਹੈ। ਮਾਹਿਰ ਸੰਦੀਪ ਸੋਨੀ ਨੇ ਦੱਸਿਆ ਕਿ 8 ਲੱਖ 40 ਹਜ਼ਾਰ ਟਨ ਬੋਤਲ ਰੀਸਾਈਕਲ ਹੋਣ ਦੇ ਬਾਵਜ਼ੂਦ ਇਸ ਦੀ ਲੋੜ ਐਨੀ ਜਿਆਦਾ ਹੈ ਕਿ ਵਿਦੇਸ਼ਾਂ ਤੋਂ ਵੀ ਪੈਟ ਬੋਤਲ ਦਾ ਧੋਤਾ ਹੋਇਆ ਫਲੇਕਸ 12 ਹਜ਼ਾਰ ਟਨ   ਹਰੇਕ ਸਾਲ ਮੰਗਵਾਇਆ ਜਾ ਰਿਹਾ ਹੈ ਅਤੇ ਜੇਕਰ ਭਾਰਤ ਸਰਕਾਰ ਇਹ ਪੈਟ ਬੋਤਲ ਨੂੰ ਬੰਦ ਕਰ ਦੇਵੇਗੀ ਉਸ ਨਾਲ ਦੇਸ਼ ਦੀ ਇੰਡਸਟਰੀ ਤੇ ਆਰਥਿਕ ਵਿਵਸਥਾ ਤਾਂ ਡੁੱਬੇਗੀ ਅਤੇ ਕੱਪੜੇ ਬਣਾਉਣ ਦੀ ਖਪਤ ਨੂੰ ਪੂਰਾ ਕਰਨ ਲਈ ਵਿਦੇਸ਼ਾਂ ਤੋਂ ਧਾਗਾ ਮੰਗਵਾਉਣਾ ਪਵੇਗਾ। ਮਾਹਿਰ ਸੋਨੀ ਨੇ ਕਿਹਾ ਕਿ ਜੇਕਰ ਭਾਰਤ ਵਿਚ ਪੈਟ ਬੋਤਲ ਤੋਂ ਧਾਗਾ ਤਿਆਰ ਕੀਤਾ ਜਾ ਸਕਦਾ ਹੈ ਤਾਂ ਉਸ ਨੂੰ ਬੰਦ ਕਰਕੇ ਵਿਦੇਸ਼ਾਂ 'ਤੇ ਨਿਰਭਰ ਹੋਣ ਨਾਲ ਦੇਸ਼ ਦੀ ਕਾਰੰਸੀ ਹੋਰ ਡਿੱਗੇਗੀ।  


Babita

Content Editor

Related News