ਪੀ. ਕੇ. ਐੱਫ. ਦੀ ਚੇਅਰਪਰਸਨ ਰਾਜਮੋਹਿਨੀ ਸੋਂਧੀ ਦਾ ਦਿਹਾਂਤ

01/28/2020 1:22:44 AM

ਜਲੰਧਰ,(ਕਮਲੇਸ਼)–ਪੰਜਾਬ ਕਸ਼ਮੀਰ ਫਾਈਨਾਂਸ (ਪੀ. ਕੇ. ਐੱਫ.) ਕੰਪਨੀ ਦੀ ਚੇਅਰਪਰਸਨ ਰਾਜਮੋਹਿਨੀ ਸੋਂਧੀ ਦਾ ਸੋਮਵਾਰ ਅੱਜ ਦਿਹਾਂਤ ਹੋ ਗਿਆ। ਸ਼੍ਰੀਮਤੀ ਸੋਂਧੀ ਦੇ ਵੱਡੇ ਬੇਟੇ ਆਲੋਕ ਸੋਂਧੀ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ 87 ਸਾਲ ਦੀ ਉਮਰ ਵਿਚ ਕਾਫੀ ਐਕਟਿਵ ਸਨ ਅਤੇ ਦਫਤਰ ਦਾ ਕੰਮਕਾਜ ਸੰਭਾਲਦੇ ਸਨ। ਇਸ ਦੇ ਇਲਾਵਾ ਪੀ. ਕੇ. ਐੱਫ. ਵਲੋਂ ਆਯੋਜਿਤ ਕੀਤੇ ਜਾਣ ਵਾਲੇ ਹਰ ਪ੍ਰੋਗਰਾਮ 'ਚ ਉਹ ਸ਼ਾਮਲ ਹੁੰਦੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮਾਤਾ ਰਾਜਮੋਹਿਨੀ ਸੋਂਧੀ ਦਾ ਜਨਮ ਦੇਹਰਾਦੂਨ ਵਿਚ ਹੋਇਆ ਸੀ। ਉਨ੍ਹਾਂ ਗੁਰੂਕੁਲ ਕਾਂਗੜੀ ਹਰਿਦੁਆਰ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਸੀ। ਆਪਣੀ ਪੂਰੀ ਜ਼ਿੰਦਗੀ ਵਿਚ ਉਨ੍ਹਾਂ ਨੇ ਧਾਰਮਕ ਤੇ ਸਮਾਜਕ ਕਾਰਜਾਂ ਵਿਚ ਹਿੱਸਾ ਲਿਆ, ਖਾਸ ਕਰ ਕੇ ਉਹ ਆਰੀਆ ਸਮਾਜ ਮਾਡਲ ਟਾਊਨ ਨਾਲ ਜੁੜੇ ਹੋਏ ਸਨ ਅਤੇ ਇਸਤਰੀ ਆਰੀਆ ਸਮਾਜ ਮਾਡਲ ਟਾਊਨ ਵਿਚ ਪ੍ਰਧਾਨ ਦੇ ਅਹੁਦੇ 'ਤੇ ਰਹਿ ਕੇ ਉਨ੍ਹਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਸਨ।

ਸਵ. ਰਾਜਮੋਹਿਨੀ ਸੋਂਧੀ ਲੰਬੇ ਸਮੇਂ ਤੱਕ ਉਹ ਪੰਜਾਬ ਕੇਸਰੀ ਗਰੁੱਪ ਨਾਲ ਵੀ ਜੁੜੇ ਰਹੇ। ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੇ ਨਾਲ ਉਨ੍ਹਾਂ ਦਾ ਬੜਾ ਨੇੜੇ ਦਾ ਰਿਸ਼ਤਾ ਸੀ ਅਤੇ ਉਹ ਸਵਦੇਸ਼ ਚੋਪੜਾ ਜੀ ਦੇ ਨਾਲ ਹਰ ਸਮਾਜਕ ਅਤੇ ਧਾਰਮਕ ਪ੍ਰੋਗਰਾਮ ਵਿਚ ਹਿੱਸਾ ਲੈਂਂਦੇ ਰਹੇ। ਇਸਦੇ ਇਲਾਵਾ ਸਵ. ਰਾਜਮੋਹਿਨੀ ਸੋਂਧੀ ਅਤੇ ਸਵ. ਸਵਦੇਸ਼ ਚੋਪੜਾ ਦੋਵਾਂ ਨੇ ਹੀ ਇਨਰਵ੍ਹੀਲ ਕਲੱਬ ਦੇ ਨਾਲ ਜੁੜ ਕੇ ਸਮਾਜ ਭਲਾਈ ਦੇ ਕਾਰਜਾਂ ਵਿਚ ਵਧ-ਚੜ੍ਹ ਕੇ ਹਿੱਸਾ ਪਾਇਆ। ਆਲੋਕ ਸੋਂਧੀ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਦਾ ਪੀ. ਕੇ. ਐੱਫ. ਨੂੰ ਚੋਟੀ 'ਤੇ ਲਿਜਾਣ ਵਿਚ ਕਾਫੀ ਯੋਗਦਾਨ ਰਿਹਾ ਹੈ ਅਤੇ ਅੱਜ ਪੀ. ਕੇ. ਐੱਫ. ਕੰਪਨੀ ਜਿਸ ਮੁਕਾਮ 'ਤੇ ਪਹੁੰਚ ਚੁੱਕੀ ਹੈ ਉਸ ਦਾ ਪੂਰਾ ਸਿਹਰਾ ਉਨ੍ਹਾਂ ਦੀ ਮਾਤਾ ਨੂੰ ਹੀ ਜਾਂਦਾ ਹੈ। ਉਨ੍ਹਾਂ ਦੇ ਪਿਤਾ ਸ਼੍ਰੀ ਬਲਬੀਰ ਰਾਜ ਸੋਂਧੀ ਦਾ 1993 ਵਿਚ ਦਿਹਾਂਤ ਹੋ ਗਿਆ ਸੀ, ਜੋ ਕਿ ਉਸ ਸਮੇਂ ਪੀ. ਕੇ. ਐੱਫ. ਦੇ ਮੈਨੇਜਰ ਡਾਇਰੈਕਟਰ ਸਨ। ਉਨ੍ਹਾਂ ਦੇ ਪਿਤਾ ਕੰਨਿਆ ਮਹਾਵਿਦਿਆਲਿਆ ਦੇ ਸਕੱਤਰ ਦੇ ਅਹੁਦੇ 'ਤੇ ਬਿਰਾਜਮਾਨ ਸਨ ਅਤੇ ਇਸ ਦੇ ਇਲਾਵਾ ਉਨ੍ਹਾਂ ਨੇ ਵੀ ਸਮਾਜ ਭਲਾਈ ਦੇ ਕਾਰਜਾਂ ਵਿਚ ਵਧ-ਚੜ੍ਹ ਕੇ ਹਿੱਸਾ ਲਿਆ। ਪਿਤਾ ਦੇ ਦਿਹਾਂਤ ਦੇ ਬਾਅਦ ਮਾਤਾ ਜੀ ਨੇ ਪੂਰੇ ਪਰਿਵਾਰ ਨੂੰ ਇਕ ਮਾਲਾ ਵਿਚ ਪਿਰੋ ਕੇ ਰੱਖਿਆ। ਉਨ੍ਹਾਂ ਦੀ ਘਾਟ ਹਮੇਸ਼ਾ ਹੀ ਪੂਰੇ ਪਰਿਵਾਰ ਅਤੇ ਸਮਾਜ ਨੂੰ ਰੜਕੇਗੀ। ਸਵ. ਰਾਜਮੋਹਿਨੀ ਸੋਂਧੀ ਆਪਣੇ ਪਿਛੇ ਬੇਟਿਆਂ ਆਲੋਕ ਸੋਂਧੀ, ਵਿਵੇਕ ਸੋਂਧੀ, ਬੇਟੀਆਂ ਜੋਤੀ ਸੱਗੀ, ਕੀਰਤੀ ਧਵਨ ਅਤੇ ਭਰੇ ਪੂਰੇ ਪਰਿਵਾਰ ਨੂੰ ਛੱਡ ਗਏ ਹਨ। ਸ਼੍ਰੀਮਤੀ ਰਾਜਮੋਹਿਨੀ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਨਿਵਾਸ ਅਸਥਾਨ 317, ਨਿਊ ਜਵਾਹਰ ਨਗਰ, ਸਾਹਮਣੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ ਸ਼ਾਮ 4.30 ਵਜੇ ਨਿਕਲੇਗੀ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਾਮ 5 ਵਜੇ ਕਿਸ਼ਨਪੁਰਾ ਸ਼ਮਸ਼ਾਨਘਾਟ ਵਿਚ ਹੋਵੇਗਾ।


Related News