ਪਿਸਤੌਲ ਦੀ ਨੋਕ ’ਤੇ ਦੁਕਾਨਦਾਰ ਤੋਂ ਨਕਦੀ ਅਤੇ ਮੋਬਾਈਲ ਦੀ ਕੀਤੀ ਲੁੱਟ
Tuesday, Jan 16, 2024 - 05:18 PM (IST)
ਤਪਾ ਮੰਡੀ (ਸ਼ਾਮ, ਗਰਗ) : ਤਪਾ-ਆਲੀਕੇ ਲਿੰਕ ਰੋਡ ’ਤੇ ਬੀਤੀ ਸ਼ਾਮ 6 ਵਜੇ ਦੇ ਕਰੀਬ ਦੋ ਮੋਟਰਸਾਇਕਲ ਸਵਾਰ ਲੁਟੇਰਿਆਂ ਨੇ ਇਕ ਸਕੂਟਰ ਸਵਾਰ ਦੁਕਾਨਦਾਰ ਨੂੰ ਘੇਰ ਕੇ ਪਿਸਤੋਲ ਦੀ ਨੋਕ ’ਤੇ ਲਗਭਗ 9 ਹਜ਼ਾਰ ਰੁਪਏ ਨਗਦ ਅਤੇ ਮੋਬਾਇਲ ਖੋਹ ਲਿਆ। ਇਸ ਸੰਬੰਧੀ ਪ੍ਰੇਮ ਕੁਮਾਰ ਰਾਈਆ ਵਾਸੀ ਬਾਗ ਬਸਤੀ ਤਪਾ ਨੇ ਦੱਸਿਆ ਕਿ ਉਹ ਤੁਰ ਫਿਰ ਕੇ ਕਾਸਮੈਟਿਕ ਦਾ ਸਮਾਨ ਪਿੰਡਾਂ ’ਚ ਵੇਚਣ ਦਾ ਕੰਮ ਲੰਬੇ ਸਮੇਂ ਤੋਂ ਕਰ ਰਿਹਾ ਹੈ। ਇਸ ਦੌਰਾਨ ਬੀਤੀ ਸ਼ਾਮ ਭਾਈਰੂਪਾ ਤੋਂ ਸਮਾਨ ਵੇਚ ਕੇ ਵਾਪਸ ਤਪਾ ਆ ਰਿਹਾ ਸੀ ਤਾਂ 6 ਵਜੇ ਦੇ ਕਰੀਬ ਤਪਾ-ਆਲੀਕੇ ਰੋਡ ਸਥਿਤ ਗੰਦੇ ਨਾਲੇ ਕੋਲ ਦੋ ਮੋਟਰਸਾਇਕਲ ਸਵਾਰ ਜਿਨ੍ਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ ਨੇ ਬਰਾਬਰ ਆ ਕੇ ਸਕੂਟਰ ਦੀ ਚਾਬੀ ਕੱਢ ਲਈ ਅਤੇ ਕਹਿਣ ਲੱਗੇ ਜੋ ਕੁਝ ਹੈ ਦੇ ਦਿਉ ਅਤੇ ਹੱਥੋਪਾਈ ਕਰਨ ਲੱਗ ਪਏ।
ਉਕਤ ਨੇ ਦੱਸਿਆ ਕਿ ਜਦੋਂ ਮੈਂ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਪਿੱਛੋਂ ਦੋ ਜਣੇ ਮੋਟਰਸਾਈਕਲ ਸਵਾਰ ਲੁਟੇਰੇ ਹੋਰ ਆ ਗਏ ਅਤੇ ਕਹਿਣ ਲੱਗੇ ਪਿਸਤੌਲ ਕੱਢ ਕੇ ਮਾਰ ਜਦੋਂ ਉਨ੍ਹਾਂ ਪਿਸਤੋਲ ਕੱਢਿਆਂ ਤਾਂ ਮੈਂ ਡਰ ਦੇ ਮਾਰੇ ਨੇ ਜੇਬ੍ਹ ’ਚੋਂ ਲਗਭਗ 9 ਹਜ਼ਾਰ ਰੁਪਏ ਅਤੇ ਮੋਬਾਈਲ ਕੱਢ ਕੇ ਉਨ੍ਹਾਂ ਨੂੰ ਫੜਾ ਦਿੱਤਾ। ਇਸ ’ਤੇ ਲੁਟੇਰੇ ਸਕੂਟਰ ਦੀ ਚਾਬੀ ਖੋਹ ਕੇ ਆਲੀਕੇ ਸਾਈਡ ਨੂੰ ਫਰਾਰ ਹੋ ਗਏ। ਜਦ ਨੇੜੇ ਦੀ ਇਕ ਸ਼ੈਲਰ ਮਾਲਕ ਲੰਘਣ ਲੱਗਾ ਤਾਂ ਉਸ ਨੂੰ ਸਾਰੀ ਕਹਾਣੀ ਦੱਸੀ ਜਿਸ ਨੇ ਆਪਣੇ ਮੋਬਾਈਲ ’ਤੇ ਮੇਰੇ ਲੜਕੇ ਲਵੀ ਨੂੰ ਦੱਸਿਆ। ਜੋ ਮੌਕੇ ’ਤੇ ਪਹੁੰਚਿਆ ਅਤੇ ਵਾਰਦਾਤ ਸੰਬੰਧੀ ਘਟਨਾ ਪੁਲਸ ਚੌਂਕੀ ਤਪਾ ’ਚ ਦਿੱਤੀ। ਜਦ ਥਾਣਾ ਮੁਖੀ ਤਪਾ ਗੁਰਵਿੰਦਰ ਸਿੰਘ ਨਾਲ ਉਕਤ ਘਟਨਾ ਸੰਬੰਧੀ ਦੱਸਿਆ ਕਿ ਪੁਲਸ ਆਲੀਕੇ ਰੋਡ ’ਤੇ ਲੱਗੇ ਸੀਸੀਟੀਵੀ ਖੰਘਾਲੇ ਜਾ ਰਹੇ ਹਨ ਜਲਦੀ ਹੀ ਮੋਟਰਸਾਈਕਲ ਸਵਾਰ ਲੁਟੇਰਿਆਂ ਨੂੰ ਫੜ ਲਿਆ ਜਾਵੇਗਾ।