ਪਾਈਪ ਫਟਿਆ; 3 ਦਿਨਾਂ ਤੋਂ ਨਹੀਂ ਹੋ ਰਹੀ ਪਿੰਡ ਬਨਾਂ ’ਚ ਪਾਣੀ ਦੀ ਸਪਲਾਈ
Thursday, Jun 21, 2018 - 12:42 AM (IST)

ਕਾਠਗਡ਼੍ਹ, (ਰਾਜੇਸ਼)- ਪਿੰਡ ਬਨਾਂ ’ਚ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਪਿਛਲੇ 3 ਦਿਨਾਂ ਤੋਂ ਲੋਕ ਕਾਫੀ ਅੌਖੇ ਹਨ।
ਇਸ ਸਮੱਸਿਆ ਨਾਲ ਜੂਝ ਰਹੇ ਪਿੰਡ ਬਨਾਂ ਦੇ ਵਸਨੀਕਾਂ ਵਾਸਦੇਵ ਭੂੰਬਲਾ, ਤਰਸੇਮ ਲਾਲ, ਹਰੀ ਕਿਸ਼ਨ, ਅਸ਼ੋਕ ਕੁਮਾਰ, ਜੀਤ ਰਾਮ, ਰਾਮਜੀਦ ਦਾਸ ਆਦਿ ਨੇ ਦੱਸਿਆ ਕਿ ਬੀਤੇ 2-3 ਦਿਨ ਤੋਂ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਉਨ੍ਹਾਂ ਨੂੰ ਦੂਰੋਂ ਨੇਡ਼ਿਓਂ ਪਾਣੀ ਲਿਆਉਣਾ ਪੈ ਰਿਹਾ ਹੈ ਜਾਂ ਫਿਰ ਪੁਰਾਣੇ ਖੂਹ ਤੋਂ ਪਾਣੀ ਲਿਆ ਕੇ ਸਮਾਂ ਲੰਘਾਉਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁਝ ਥਾਵਾਂ ਤੋਂ ਪਾਈਪਾਂ ਦੀ ਲੀਕੇਜ ਹੋ ਰਹੀ ਹੈ, ਜਿਸ ਕਾਰਨ ਪਾਣੀ ਘਰਾਂ ਤੱਕ ਨਹੀਂ ਪਹੁੰਚਦਾ।
ਉਨ੍ਹਾਂ ਦੱਸਿਆ ਕਿ ਲੀਕੇਜਾਂ ਨੂੰ ਠੀਕ ਕਰਨ ਲਈ ਖੱਡੇ ਤਾਂ ਪੁੱਟੇ ਗਏ ਹਨ ਪਰ ਉਨ੍ਹਾਂ ਖੱਡਿਆਂ ’ਚ ਵੇਲੇ-ਕੁਵੇਲੇ ਬੱਚਿਆਂ ਅਤੇ ਰਾਹਗੀਰਾਂ ਦੇ ਡਿੱਗਣ ਦਾ ਡਰ ਵੀ ਬਣਿਆ ਹੋਇਆ ਹੈ। ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜਲਘਰ ਦਾ ਅਾਪਰੇਟਰ ਵੀ ਪਾਣੀ ਛੱਡਣ ’ਚ ਲਾਪ੍ਰਵਾਹੀ ਵਰਤਦਾ ਹੈ। ਲੋਕਾਂ ਨੇ ਇਸ ਲੀਕੇਜ ਨੂੰ ਜਲਦੀ ਠੀਕ ਕਰਨ ਅਤੇ ਸਪਲਾਈ ਨੂੰ ਸਹੀ ਕਰਨ ਦੀ ਮੰਗ ਕੀਤੀ।
ਫਟੇ ਪਾਈਪ ਦੀ ਮੁਰੰਮਤ ਕੀਤੀ ਜਾ ਰਹੀ ਹੈ : ਸਰਪੰਚ
ਸਮੱਸਿਆ ਬਾਰੇ ਜਦੋਂ ਪਿੰਡ ਬਨਾਂ ਦੇ ਸਰਪੰਚ ਦੀਵਾਨ ਚੰਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ 3 ਦਿਨਾਂ ਤੋਂ ਮੇਨ ਪਾਈਪ ਫਟਿਆ ਹੋਇਅਾ ਸੀ, ਜਿਸ ਦੀ ਮੁਰੰਮਤ ਰਾਤ 10 ਵਜੇ ਤੱਕ ਕਰਵਾਉਣ ਉਪਰੰਤ ਜਦੋਂ ਟਿਊਬਵੈੱਲ ਚਲਾਇਆ ਤਾਂ ਪਾਈਪ ਫਿਰ ਤੋਂ ਫਟ ਗਿਆ, ਜਿਸ ਦੀ ਰਿਪੇਅਰ ਕੀਤੀ ਜਾ ਰਹੀ ਹੈ ਤੇ ਜਲਦੀ ਸਪਲਾਈ ਸਹੀ ਹੋ ਜਾਵੇਗੀ। ਜਦੋਂ ਅਾਪਰੇਟਰ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਪਰੇਟਰ ਸਵੇਰੇ-ਸ਼ਾਮ ਬਰਾਬਰ ਪਾਣੀ ਛੱਡਦਾ ਹੈ ਪਰ ਜੇਕਰ ਕਿਸੇ ਨੂੰ ਕੋਈ ਵੀ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਉਨ੍ਹਾਂ ਨੂੰ ਦੱਸ ਸਕਦਾ ਹੈ।