ਗੁਲਾਬੀ ਸੁੰਡੀ ਕਾਰਨ ਨੁਕਸਾਨੀ ਨਰਮੇ ਦੀ ਫਸਲ ਤੋਂ ਦੁਖੀ ਹੋ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
Monday, Sep 27, 2021 - 06:49 PM (IST)
ਮਾਨਸਾ (ਚਾਹਲ)-ਮਾਲਵਾ ਖੇਤਰ ’ਚ ਨਰਮੇ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਦੇ ਹੋਏ ਹਮਲੇ ਕਾਰਨ ਕਿਸਾਨ ਨਿੱਤ ਦਿਨ ਸੜਕਾਂ ’ਤੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਆਪਣੀ ਖ਼ਰਾਬ ਹੋ ਚੁੱਕੀ ਨਰਮੇ ਦੀ ਫਸਲ ਨੂੰ ਦੇਖ ਕੇ ਚਿੰਤਾ ’ਚ ਡੁੱਬੇ ਹੋਏ ਹਨ। ਇਸੇ ਤੋਂ ਦੁਖੀ ਹੋ ਕੇ ਮਾਨਸਾ ਜ਼ਿਲ੍ਹੇ ਦੇ ਪਿੰਡ ਖਿਆਲਾ ਕਲਾਂ ਦੇ ਨੌਜਵਾਨ ਕਿਸਾਨ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦੋ ਕਨਾਲ ਜ਼ਮੀਨ ਦਾ ਮਾਲਕ ਸੀ, ਜਦਕਿ ਅੱਠ ਏਕੜ ਜ਼ਮੀਨ ਠੇਕੇ ’ਤੇ ਲੈ ਕੇ ਨਰਮੇ ਦੀ ਫਸਲ ਦੀ ਬੀਜਾਈ ਕੀਤੀ ਸੀ ਪਰ ਨਰਮੇ ਦੀ ਫਸਲ ਖ਼ਰਾਬ ਹੋ ਗਈ, ਜਿਸ ਕਾਰਨ ਕਿਸਾਨ ਨੇ ਮੌਤ ਨੂੰ ਗਲੇ ਲਗਾ ਲਿਆ। ਜਾਂਚ ਅਧਿਕਾਰੀ ਸੁਖਪਾਲ ਸਿੰਘ ਵੱਲੋਂ 174 ਦੀ ਕਾਰਵਾਈ ਕਰ ਲਾਸ਼ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।
ਇਸ ਦੌਰਾਨ ਮ੍ਰਿਤਕ ਕਿਸਾਨ ਰਜਿੰਦਰ ਸਿੰਘ ਦੇ ਪਿਤਾ ਨਾਹਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਦੋ ਕਨਾਲ ਜ਼ਮੀਨ ਹੈ, ਜਦਕਿ ਅੱਠ ਏਕੜ ਜ਼ਮੀਨ ਉਨ੍ਹਾਂ ਨੇ ਠੇਕੇ ’ਤੇ ਲੈ ਕੇ ਨਰਮੇ ਦੀ ਬੀਜਾਈ ਕੀਤੀ ਸੀ, ਜੋ 55 ਹਜ਼ਾਰ ਰੁਪਏ ਪ੍ਰਤੀ ਏਕੜ ਠੇਕੇ ’ਤੇ ਜ਼ਮੀਨ ਲਈ ਗਈ ਸੀ ਪਰ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਪੈਣ ਕਾਰਨ ਦੁਖੀ ਹੋਏ ਉਨ੍ਹਾਂ ਦੇ ਛੋਟੇ ਪੁੱਤ ਵੱਲੋਂ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਸਿਰ ਆੜ੍ਹਤੀਏ ਦਾ ਅੱਠ ਲੱਖ ਰੁਪਏ ਕਰਜ਼ਾ ਹੈ, ਜਦਕਿ ਬੈਂਕ ਦਾ ਕੋਈ ਵੀ ਉਨ੍ਹਾਂ ਨੇ ਕਰਜ਼ ਨਹੀਂ ਦੇਣਾ।
ਇਸ ਮੌਕੇ ਪਿੰਡ ਖਿਆਲਾ ਕਲਾਂ ਦੇ ਪੰਚ ਜਗਸੀਰ ਸਿੰਘ ਤੇ ਸਰਦੂਲ ਸਿੰਘ ਨੇ ਦੱਸਿਆ ਕਿ ਰਜਿੰਦਰ ਸਿੰਘ 27 ਸਾਲਾ ਨੌਜਵਾਨ ਸੀ ਤੇ ਇਨ੍ਹਾਂ ਦੀ ਨਰਮੇ ਦੀ ਫਸਲ ’ਤੇ ਗੁਲਾਬੀ ਸੁੰਡੀ ਪੈਣ ਕਾਰਨ ਇਹ ਪਰੇਸ਼ਾਨ ਰਹਿ ਰਿਹਾ ਸੀ, ਜਿਸ ਨੇ ਬੀਤੇ ਕੱਲਜ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਉਨ੍ਹਾਂ ਪੰਜਾਬ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਅਤੇ ਉਥੇ ਘਟੀਆ ਬੀਜ ਸਪਲਾਈ ਕਰਨ ਵਾਲੀਆਂ ਕੰਪਨੀਆਂ ਦੀ ਜਾਂਚ ਕਰ ਕੇ ਉਨ੍ਹਾਂ ’ਤੇ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।