ਗੰਦਗੀ ਦੇ ਢੇਰਾਂ ''ਤੇ ਮਨਾਈ ਜੈਤੋ ਵਾਸੀਆਂ ਨੇ ਦੀਵਾਲੀ

Saturday, Oct 21, 2017 - 09:45 AM (IST)

ਗੰਦਗੀ ਦੇ ਢੇਰਾਂ ''ਤੇ ਮਨਾਈ ਜੈਤੋ ਵਾਸੀਆਂ ਨੇ ਦੀਵਾਲੀ


ਜੈਤੋ (ਜਿੰਦਲ) - ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਸਾਰੇ ਲੋਕ ਆਪਣੇ-ਆਪਣੇ ਘਰਾਂ, ਦੁਕਾਨਾਂ ਤੇ ਹੋਰਨਾਂ ਸਥਾਨਾਂ ਦੀ ਸਫ਼ਾਈ ਕਰਵਾਉਂਦੇ ਹਨ ਪਰ ਨਗਰ ਕੌਂਸਲ ਵੱਲੋਂ ਸ਼ਹਿਰ ਦੀ ਸਫ਼ਾਈ ਤਾਂ ਕੀ ਕਰਵਾਉਣੀ ਸੀ, ਬਲਕਿ ਪੂਰਾ ਸ਼ਹਿਰ ਇਕ ਗੰਦਗੀ ਦਾ ਘਰ ਬਣਿਆ ਰਿਹਾ। ਥਾਂ-ਥਾਂ 'ਤੇ ਗੰਦਗੀ ਦੇ ਵੱਡੇ-ਵੱਡੇ ਢੇਰ ਵੇਖਣ ਨੂੰ ਮਿਲੇ ਤੇ ਲੋਕਾਂ ਨੂੰ ਇਨ੍ਹਾਂ ਗੰਦਗੀ ਦੇ ਢੇਰਾਂ 'ਤੇ ਹੀ ਦੀਵਾਲੀ ਮਨਾਉਣੀ ਪਈ।
ਜ਼ਿਕਰਯੋਗ ਹੈ ਕਿ ਇਕ ਪਾਸੇ ਪ੍ਰਧਾਨ ਮੰਤਰੀ ਵੱਲੋਂ ਸਵੱਛ ਭਾਰਤ ਮੁਹਿੰਮ ਚਲਾ ਕੇ ਦੇਸ਼ ਨੂੰ ਸਾਫ਼-ਸੁਥਰਾ ਬਣਾਉਣ ਦੇ ਸੁਪਨੇ ਲਏ ਜਾ ਰਹੇ ਹਨ ਪਰ ਦੂਜੇ ਪਾਸੇ ਨਗਰ ਕੌਂਸਲ ਵੱਲੋਂ ਇਸ ਮੁਹਿੰਮ ਨੂੰ ਅੱਖੋਂ ਓਹਲੇ ਕਰ ਕੇ ਥਾਂ-ਥਾਂ 'ਤੇ ਲੱਗੇ ਗੰਦਗੀ ਦੇ ਢੇਰਾਂ ਨੂੰ ਵੀ ਨਜ਼ਰ-ਅੰਦਾਜ਼ ਕੀਤਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਦੀ ਦੀਵਾਲੀ ਫ਼ਿੱਕੀ ਰਹੀ।

ਕੀ ਕਹਿਣੈ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਦਾ
ਇਸ ਸਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਇੰਦਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਗੰਦਗੀ ਦੇ ਢੇਰਾਂ ਦੀਆਂ ਫ਼ੋਟੋਆਂ ਮੇਰੇ ਕੋਲ ਭੇਜ ਦਿਓ। ਅੱਜ ਤਾਂ ਸ਼ਹਿਰ 'ਚ ਇਹ ਗੰਦਗੀ ਨਹੀਂ ਚੁੱਕੀ ਜਾ ਸਕਦੀ, ਕੱਲ ਨੂੰ ਸਫ਼ਾਈ ਕਰਵਾ ਦਿੱਤੀ ਜਾਵੇਗੀ। ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਦੀਵਾਲੀ ਤਾਂ ਅੱਜ ਹੈ, ਲੋਕਾਂ ਨੂੰ ਅੱਜ ਸਫ਼ਾਈ ਚਾਹੀਦੀ ਹੈ ਤਾਂ ਉਨ੍ਹਾਂ ਲੋਕਾਂ ਦੀ ਇਸ ਫ਼ਰਿਆਦ ਨੂੰ ਅਣਗੌਲਿਆਂ ਕਰ ਕੇ ਫ਼ੋਨ ਹੀ ਬੰਦ ਕਰ ਦਿੱਤਾ। ਗੰਦਗੀ ਦੇ ਢੇਰਾਂ ਦੀਆਂ ਫ਼ੋਟੋਆਂ ਵੀ ਉਨ੍ਹਾਂ ਕੋਲ ਭੇਜ ਦਿੱਤੀਆਂ ਗਈਆਂ ਸਨ ਪਰ ਉਨ੍ਹਾਂ ਦੇ ਕੰਨ 'ਤੇ ਫ਼ਿਰ ਵੀ ਜੂੰ ਤੱਕ ਨਹੀਂ ਸਰਕੀ।


Related News