ਇਨ੍ਹਾਂ ਕਬੂਤਰਾਂ ਦੀ ਕੀਮਤ ਹੈ ਕਰੋੜਾਂ ਰੁਪਏ, ਖੁਰਾਕ ਨੂੰ ਜਾਣ ਹੋਵੋਗੇ ਹੈਰਾਨ
Monday, Mar 02, 2020 - 02:47 PM (IST)
ਜਲੰਧਰ— ਹਰ ਇਨਸਾਨ ਦੇ ਆਪਣੇ ਵੱਖਰੇ ਸ਼ੌਕ ਹੁੰਦੇ ਹਨ। ਸ਼ੌਕ ਕਦੋ, ਕਿੱਥੇ ਅਤੇ ਕਿਸ ਦਾ ਪੈ ਜਾਵੇ, ਇਸ ਬਾਰੇ ਕੁਝ ਵੀ ਪਤਾ ਨਹੀਂ ਚਲਦਾ। ਐਤਵਾਰ ਨੂੰ ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਪਿਜ਼ਨ ਫਲਾਇੰਗ ਐਂਡ ਬ੍ਰੀਡ ਸ਼ੋਅ ਕਲੱਬ ਵੱਲੋਂ ਐੱਸ. ਡੀ. ਕਾਲਜ 'ਚ ਕਰਵਾਏ ਗਏ 56ਵੇਂ ਨਸਲਿੰਗ ਸ਼ੋਅ ਮੁਕਾਬਲੇ 'ਚ ਕਬੂਤਰ ਪ੍ਰੇਮੀਆਂ ਦਾ ਨਿਰਾਲਾ ਹੀ ਸ਼ੌਕ ਦਿੱਸਿਆ। ਸ਼ੋਅ 'ਚ ਲਿਆਂਦੇ ਗਏ ਸਾਰੇ ਹੀ ਕਬੂਤਰਾਂ ਦੀ ਆਪਣੀ ਹੀ ਖਾਸੀਅਤ ਸੀ। ਕੋਈ ਆਪਣੀ ਦਿਖਾਵਟ ਕਾਰਨ ਸਾਰਿਆਂ ਨੂੰ ਆਪਣੇ ਵੱਲ ਖਿੱਚ ਰਿਹਾ ਸੀ ਤਾਂ ਕੋਈ ਆਪਣੀ ਉਡਾਣ ਦੀ ਸਮਰਥਾ ਨੂੰ ਲੈ ਕੇ ਲੋਕਾਂ ਦਾ ਦਿਲ ਜਿੱਤ ਰਿਹਾ ਸੀ। ਸ਼ੋਅ 'ਚ ਕਲੱਬ ਦੇ ਪ੍ਰਧਾਨ ਸਰਵਨ ਸਿੰਘ ਦੇ ਕਲਸਰੇ ਅਤੇ ਸਲੇਟੀ ਜੀਰੇ ਕਬੂਤਰਾਂ ਦੀ ਜੋੜੀ ਦੀ ਕੀਮਤ 7 ਕਰੋੜ ਰੁਪਏ ਸੀ। ਇਨ੍ਹਾਂ ਦੀ ਖੁਰਾਕ ਸੁੱਚੇ ਮੋਤੀ, ਬਾਦਾਮ, ਕੇਸਰ ਅਤੇ ਦੇਸੀ ਘਿਓ ਹੈ। ਇਸ ਤੋਂ ਇਲਾਵਾ ਵੀ ਹੋਰ ਕਈ ਅਜਿਹੇ ਕਬੂਤਰ ਹਨ, ਜਿਨ੍ਹਾਂ ਦੀ ਕੀਮਤ ਜਾਣ ਤੁਸੀਂ ਵੀ ਹੈਰਾਨ ਰਹਿ ਜਾਓਗੇ।
ਸ਼ਾਕੇ ਮਲਵਈ
ਸ਼ਾਕੇ ਮਲਵਈ ਨਸਲ ਦੇ ਕਬੂਤਰ ਦੀ ਕੀਮਤ 20 ਹਜ਼ਾਰ ਰੁਪਏ ਜੋੜਾ ਹੈ। ਇਸ ਦੀ ਖਾਸੀਅਤ ਇਹ ਹੈ ਕਿ ਇਸ ਨਸਲ ਦੇ ਕਬੂਤਰ ਦੀਆਂ ਅੱਖਾਂ ਕਾਲੀਆਂ ਹੁੰਦੀਆਂ ਹਨ ਅਤੇ ਇਹ 12 ਘੰਟੇ ਆਸਮਾਨ 'ਚ ਉਡਾਣ ਭਰਦੇ ਹਨ। ਜੇਕਰ ਇਨ੍ਹਾਂ ਦੀ ਖੁਰਾਕ ਦੀ ਗੱਲ ਕੀਤੀ ਜਾਵੇ ਤਾਂ ਇਹ ਬਾਜਰਾ, ਸਰੋਂ ਤੋਰੀਆਂ ਅਤੇ ਛੋਲੇ ਖਾਂਦੇ ਹਨ।
ਕਲਸਰੇ ਅਤੇ ਸਲੇਟੀ ਜੀਰੇ ਨਸਲ
ਕਲਸਰੇ ਅਤੇ ਸਲੇਟੀ ਜੀਰੇ ਨਸਲ ਦੇ ਕਬੂਤਰਾਂ ਦੀ ਕੀਮਤ 7 ਕਰੋੜ ਰੁਪਏ ਜੋੜਾ ਹੈ। ਇਸ ਦੀ ਖਾਸੀਅਤ ਇਹ ਹੈ ਕਿ ਇਹ 15 ਘੰਟੇ ਲਗਾਤਾਰ ਆਸਮਾਨ 'ਚ ਉੱਡਣ ਦੀ ਸਮਰਥਾ ਰੱਖਦੇ ਹਨ। ਇਨ੍ਹਾਂ ਦੀ ਖੁਰਾਕ ਸੁੱਚੇ ਮੋਤੀ, ਬਾਦਾਮ, ਕੇਸਰ, ਦੁੱਧ, ਦੇਸੀ ਘਿਓ, ਦੇਸੀ ਘਿਓ ਦੀ ਚੂਰੀ ਅਤੇ ਮੇਵਾ ਹੈ।
ਮਲਵਈ ਨਸਲ
ਮਲਵਈ ਨਸਲ ਦੇ ਕਬੂਤਰ ਦੀ ਕੀਮਤ ਇਕ ਲੱਖ ਰੁਪਏ ਜੋੜਾ ਹੈ। ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਇਹ ਮਾਲਕ ਦੇ ਇਸ਼ਾਰੇ 'ਤੇ ਕੰਮ ਕਰਦੇ ਹਨ। ਇਨ੍ਹਾਂ ਦੀ ਖੁਰਾਕ ਕਣਕ, ਛੋਲੇ, ਬਾਜਰਾ, ਦਾਲ ਆਦਿ ਹੈ।
ਮਸਕਲੀ ਨਸਲ
ਮਸਕਲੀ ਨਸਲ ਦੇ ਕਬੂਤਰ ਦੀ ਕੀਮਤ 15 ਹਜ਼ਾਰ ਰੁਪਏ ਜੋੜਾ ਹੈ। ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਇਹ ਆਪਣੀ ਪੂੰਛ ਨੂੰ ਘੁਮਾਵਦਾਰ ਬਣਾ ਲੈਂਦੇ ਹਨ। ਇਹ ਵੀ ਫੈਂਸੀ ਸ਼੍ਰੇਣੀ 'ਚ ਆਉਂਦੇ ਹਨ। ਇਹ ਉਡਾਣ ਨਹੀਂ ਭਰਦੇ ਹਨ। ਇਹ ਖੁਰਾਕ 'ਚ ਕਣਕ, ਛੋਲੇ, ਬਾਜਰਾ ਅਤੇ ਦਾਲ ਲੈਂਦੇ ਹਨ।
ਥੀਫ ਪੋਟਰ
ਇਸੇ ਤਰ੍ਹਾਂ ਥੀਫ ਪੋਟਰ ਨਸਲ ਦੇ ਕਬੂਤਰ ਦੀ ਕੀਮਤ 1200 ਰੁਪਏ ਜੋੜਾ ਹੈ। ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਫੈਂਸੀ ਕੈਟੇਗਿਰੀ ਦੇ ਇਸ ਨਸਲ ਦੇ ਕਬੂਤਰ ਉਡਾਣ ਨਹੀਂ ਭਰਦੇ ਹਨ। ਖੁਰਾਕ 'ਚ ਇਹ ਕਣਕ, ਛੋਲੇ, ਬਾਜਰਾ ਅਤੇ ਦਾਲ ਖਾਂਦੇ ਹਨ।
ਪਾਕਿਸਤਾਨੀ ਸਰੈਜੀ ਨਸਲ
ਪਾਕਿਸਤਾਨੀ ਸਰੈਜੀ ਨਸਲ ਦੇ ਕਬੂਤਰ ਦੀ ਕੀਮਤ 2500 ਰੁਪਏ ਜੋੜਾ ਹੈ। ਖਾਸੀਅਤ ਇਹ ਹੈ ਕਿ ਇਹ ਨਸਲ ਵੀ ਫੈਂਸੀ ਕੈਟੇਗਿਰੀ 'ਚ ਆਉਂਦੀ ਹੈ। ਇਹ ਵੀ ਉਡਾਣ ਨਹੀਂ ਭਰਦੇ ਹਨ। ਖੁਰਾਕ 'ਚ ਇਹ ਕਣਕ, ਛੋਲੇ, ਬਾਜਰਾ ਅਤੇ ਦਾਲ ਖਾਉਂਦੇ ਹਨ।
ਇੰਡੀਅਨ ਫਾਊਂਟੇਨ ਨਸਲ
ਇੰਡੀਅਨ ਫਾਊਂਟੇਨ ਨਸਲ ਦੇ ਕਬੂਤਰ ਦੀ ਕੀਮਤ 2500 ਰੁਪਏ ਜੋੜਾ ਹੈ। ਖਾਸੀਅਤ ਇਹ ਹੈ ਕਿ ਇਹ ਆਪਣੀ ਪੂੰਛ ਨੂੰ ਫੁਵਾਰੇ ਦੇ ਰੂਪ 'ਚ ਫੈਲਾ ਲੈਂਦੇ ਹਨ। ਖੁਰਾਕ 'ਚ ਇਹ ਛੋਲੇ, ਬਾਜਰਾ ਅਤੇ ਦਾਲ ਖਾਂਦੇ ਹਨ।
ਨਕਾਬਪੋਸ਼ ਨਸਲ
ਨਕਾਬਪੋਸ਼ ਨਸਲ ਦੇ ਕਬੂਤਰ 5 ਤੋਂ 8 ਹਜ਼ਾਰ ਰੁਪਏ ਜੋੜੇ 'ਚ ਮਿਲਦੇ ਹਨ। ਖਾਸੀਅਤ ਇਹ ਹੈ ਕਿ ਇਹ ਕਬੂਤਰ ਆਪਣੀ ਗਰਦਨ ਦੇ ਕੋਲ ਪੰਖ ਫੈਲਾ ਕੇ ਘੇਰਾ ਬਣਾਉਂਦਾ ਹੈ ਅਤੇ ਉਡਾਣ ਨਹੀਂ ਭਰਦੇ ਹਨ। ਇਹ ਖੁਰਾਕ 'ਚ ਕਣਕ, ਛੋਲੇ ਮੌਠ ਅਤੇ ਸੋਇਆਬੀਨ ਖਾਂਦੇ ਹਨ।