ਚੋਰੀ ਦੀਆਂ ਵਾਰਦਾਤਾਂ ਸਬੰਧਤ ਪ੍ਰਵਾਸੀ ਔਰਤਾਂ ਦੀਆਂ ਸੋਸ਼ਲ ਮੀਡੀਆਂ ’ਤੇ ਤਸਵੀਰਾਂ ਕੀਤੀਆਂ ਵਾਇਰਲ
Monday, Mar 01, 2021 - 07:36 PM (IST)
ਜ਼ੀਰਕਪੁਰ (ਮੇਸ਼ੀ) : ਜ਼ੀਰਕਪੁਰ ਸਬ-ਡਵੀਜਨ ਪੁਲਸ ਵੱਲੋਂ ਖੇਤਰ ’ਚ ਦਿਨੋ-ਦਿਨ ਵੱਧ ਰਹੀਆਂ ਚੋਰੀਆਂ, ਲੁੱਟਾਂ ਅਤੇ ਝਪਟਮਾਰਾਂ ਸਮੇਤ ਨੋਸਰਵਾਜ ਔਰਤਾਂ ਖ਼ਿਲਾਫ਼ ਮੁਹਿੰਮ ਵਿੱਢੀ ਹੋਈ ਹੈ। ਜਿਸ ਅਧੀਨ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਨਕੇਲ ਪਾਉਣ ਲਈ ਲੋਕਾਂ ਨੂੰ ਵੀ ਚੁਸਤ-ਦਰੁਸਤ ਸਮੇਤ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜ਼ੀਰਕਪੁਰ ਦੇ ਡੀ. ਐੱਸ. ਪੀ. ਅਮਰੋਜ ਸਿੰਘ ਨੇ ਦੱਸਿਆ ਕਿ ਖੇਤਰ ਅਧੀਨ ਬਲਟਾਣਾ, ਢਕੋਲੀ ਅਤੇ ਹੋਰ ਇਲਾਕੇ ’ਚ ਬੀਤੇ ਦਿਨਾਂ ਤੋਂ ਕੁਝ ਪ੍ਰਵਾਸੀ ਨੋਜਵਾਨ ਔਰਤਾਂ ਵੱਲੋਂ ਘਰੈਲੂ ਕੰਮਕਾਰ ਦੀ ਤਲਾਸ਼ ਦੇ ਬਹਾਣੇ ਘਰਾਂ ’ਚ ਚੋਰੀਆਂ ਕੀਤਆਂ ਜਾ ਰਹੀਆਂ ਹਨ। ਉਨ੍ਹਾਂ ਦੀ ਯੋਜਨਾ ਅਧੀਨ ਸੁਸਾਇਟੀਆਂ ਦੇ ਗੇਟ ’ਤੇ ਸਕਿਓਰਿਟੀ ਗਾਰਡਾਂ ਨੂੰ ਆਪਣੇ ਗਲਤ ਪਤੇ ਦੱਸ ਕੇ ਫਲੈਟ ਅੰਦਰ ਦਾਖ਼ਲ ਹੋ ਕੇ ਚੋਰੀ ਕਰਕੇ ਫਰਾਰ ਹੋਣ ਦੀਆਂ ਸੂਚਨਾਵਾਂ ਪ੍ਰਾਪਤ ਹੋਈਆਂ ਸਨ, ਜਿਸ ਸਬੰਧੀ ਖੇਤਰ ਦੇ ਥਾਣਾ ਮੁਖੀਆਂ ਨੂੰ ਗੰਭੀਰਤਾ ਨਾਲ ਇਨ੍ਹਾਂ ਦੀ ਖੋਜ ਸਬੰਧ ਹਦਾਇਤ ਜਾਰੀ ਕੀਤੀ ਗਈ ਹੈ। ਦੱਸ ਦਈਏ ਕਿ ਬੀਤੇ ਦਿਨੀਂ ਕੁਝ ਅਜਿਹਾ ਹੀ ਮੌਨਾ ਗ੍ਰੀਨ ਸੁਸਾਇਟੀ ਅਤੇ ਵੀ. ਆਈ. ਪੀ. ਰੋਡ ਦੇ ਇੱਕ ਫਲੈਟ ’ਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਜਿਨ੍ਹਾਂ ਸਬੰਧੀ ਦੋ ਵੱਖ-ਵੱਖ ਔਰਤਾਂ ਦੀਆਂ ਤਸਵੀਰਾਂ ਫਲੈਟਾਂ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋਈਆਂ ਹਨ। ਜਿਨ੍ਹਾਂ ਸਬੰਧੀ ਜ਼ੀਰਕਪੁਰ ਪੁਲਸ ਡੂੰਘਾਈ ਨਾਲ ਖੋਜ ਕਰ ਰਹੀ ਹੈ।
ਜਿਸ ਲਈ ਖੇਤਰ ਦੀਆਂ ਸਮੂਹ ਸੁਸਾਇਟੀਆਂ ਸਮੇਤ ਹੋਰ ਘਰਾਂ ਮੁਹੱਲਿਆਂ ਵਿਖੇ ਇਹ ਤਸਵੀਰਾਂ ਵਟਸਐਪ ਅਤੇ ਹੋਰ ਸਸ਼ਲ ਮੀਡੀਆ ਨੈੱਟਵਰਕ ਅਤੇ ਪੁਲਸ ਵੱਲੋਂ ਵਾਇਰਲ ਕੀਤੀਆਂ ਜਾ ਰਹੀਆਂ ਹਨ। ਤਾਂ ਜੋ ਇਨ੍ਹਾਂ ਦੀ ਪਛਾਣ ਕਰਕੇ ਕਾਰਵਾਈ ਅਧੀਨ ਪੁੱਛਗਿੱਛ ਦੌਰਾਨ ਇਲਾਕੇ ’ਚ ਘੁੰਮਦੇ ਗਿਰੋਹ ਮੈਂਬਰਾਂ ਨੂੰ ਕਾਬੂ ਕੀਤਾ ਜਾ ਸਕੇ। ਡੀ. ਐੱਸ. ਪੀ. ਨੇ ਇਹ ਵੀ ਦੱਸਿਆ ਕਿ ਇਲਾਕੇ ਦੀਆਂ ਸੁਸਾਇਟੀਆਂ ਦੇ ਸਕਿਓਰਿਟੀ ਗਾਰਡ ਬਿਨਾਂ ਵੈਰੀਫਿਕੇਸ਼ਨ ਕੀਤੇ ਅਣਜਾਣ ਔਰਤਾਂ ਅਤੇ ਵਿਅਕਤੀਆਂ ਨੂੰ ਬਿਨਾਂ ਚੈਕਿੰਗ ਤੋਂ ਫਲੈਟਾਂ ਅੰਦਰ ਜਾਣ ਦੀ ਇਜਾਜ਼ਤ ਦੇ ਦਿੰਦੇ ਹਨ। ਜਿਸ ਕਰਕੇ ਅਜਿਹੀਆਂ ਘਟਨਾਵਾਂ ਵਾਪਰਣ ਮਗਰੋਂ ਪੁਲਸ ਨੂੰ ਸੂਚਿਤ ਕਰਦੇ ਹਨ, ਜਿਸ ਲਈ ਸਥਾਨਕ ਪੁਲਸ ਵੱਲੋਂ ਉਕਤ ਸੁਸਾਇਟੀ ਪ੍ਰਬੰਧਕਾਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਕਿਸੇ ਵੀ ਵਿਅਕਤੀ ਨੂੰ ਬਿਨਾਂ ਵੈਰੀਫਿਕੇਸ਼ਨ ਤੋਂ ਸੁਸਾਇਟੀ ਅੰਦਰ ਦਾਖ਼ਲ ਨਾ ਹੋਣ ਦਿੱਤਾ ਜਾਵੇ। ਇਸ ਤੋਂ ਇਲਾਵਾ ਜੇਕਰ ਕਿਸੇ ਵੀ ਵਸਨੀਕ ਵੱਲੋਂ ਘਰੈਲੂ ਕਰਮਚਾਰੀ ਰੱਖਿਆ ਵੀ ਜਾਦਾਂ ਹੈ ਤਾਂ ਉਸ ਦੀ ਵੈਰੀਫਿਕੇਸ਼ਨ ਸਬੰਧਤ ਥਾਣੇ ’ਚ ਵੀ ਦਰਜ ਕਰਵਾਈ ਜਾਵੇ।