ਪੈਸੇ ਕਿਸੇ ਤੋਂ ਲਏ, ਕਾਰ ਹੋਰ ਨੂੰ ਵੇਚੀ
Monday, Jun 12, 2017 - 08:06 AM (IST)
ਜਲੰਧਰ, (ਸ਼ੋਰੀ)- ਨਿਊ ਪੰਜਾਬ ਕਾਰ ਬਾਜ਼ਾਰ ਦੇ ਮਾਲਕ ਜਸਬੀਰ ਸਿੰਘ ਬਿੱਟੂ ਦੇ ਨਾਲ ਠੱਗੀ ਮਾਰਨ ਵਾਲੇ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ। ਦੋਸ਼ੀ ਨੇ ਬੀਮਾਰ ਹੋਣ ਦਾ ਦਾਅਵਾ ਕੀਤਾ ਤਾਂ ਅਦਾਲਤ ਦੇ ਹੁਕਮਾਂ ਤੋਂ ਬਾਅਦ ਦੋਸ਼ੀ ਆਸ਼ੂ ਓਬਰਾਏ ਪੁੱਤਰ ਸੁਦਰਸ਼ਨ ਓਬਰਾਏ ਨਿਵਾਸੀ ਹਾਊਸ ਬੋਰਡਿੰਗ ਕਾਲੋਨੀ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਪੁਲਸ ਕਰਮਚਾਰੀ ਜਿਵੇਂ ਹੀ ਉਸ ਨੂੰ ਹਸਪਤਾਲ ਲਿਆਏ ਤਾਂ ਓਬਰਾਏ ਬੇਹੋਸ਼ ਹੋ ਕੇ ਬਿਸਤਰੇ 'ਤੇ ਲੇਟ ਗਿਆ। ਉਸ ਦੀ ਈ. ਸੀ. ਜੀ. ਆਦਿ ਟੈਸਟ ਹੋਏ ਅਤੇ ਜਿਵੇਂ ਹੀ ਉਸ ਨੂੰ ਪਤਾ ਲੱਗਾ ਕਿ ਉਸ ਦੀ ਫਾਈਲ ਤਿਆਰ ਹੋ ਗਈ ਹੈ ਅਤੇ ਡਾਕਟਰ ਨੇ ਉਸ ਨੂੰ ਦਾਖਲ ਕਰ ਲਿਆ ਹੈ ਤਾਂ ਉਹ ਉਠ ਕੇ ਬੈਠ ਗਿਆ ਅਤੇ ਗਰਮੀ ਦੇ ਕਾਰਨ ਕਮੀਜ਼ ਦੇ ਬਟਨ ਖੋਲ੍ਹਣ ਲੱਗਾ। ਜਿਵੇਂ ਹੀ ਉਸ ਦੀ ਫੋਟੋ ਖਿੱਚਣ ਲੱਗੇ ਤਾਂ ਉਹ ਕਮੀਜ਼ ਦੇ ਬਟਨ ਬੰਦ ਕਰਨ ਲੱਗਾ, ਜਿਸ ਨੂੰ ਦੇਖ ਕੇ ਸਾਰੇ ਹੈਰਾਨ ਹੋ ਗਏ।
ਜਸਬੀਰ ਸਿੰਘ ਬਿੱਟੂ ਨੇ ਦਸਿਆ ਕਿ ਉਨ੍ਹਾਂ ਕੋਲ ਆਸ਼ੂ ਓਬਰਾਏ ਆਇਆ ਅਤੇ ਆਪਣੀ ਫਾਰਚੂਨਰ ਕਾਰ ਵੇਚਣ ਲਈ ਕਹਿਣ ਲੱਗਾ। ਸੌਦਾ ਸਾਢੇ 12 ਲੱਖ ਵਿਚ ਤੈਅ ਹੋਇਆ ਅਤੇ ਓਬਰਾਏ ਨੇ ਉਸ ਦੇ ਨਾਲ ਐਗਰੀਮੈਂਟ ਕਰ ਲਿਆ। ਓਬਰਾਏ ਉਨ੍ਹਾਂ ਤੋਂ 9 ਲੱਖ ਰੁਪਏ ਲੈ ਗਿਆ ਅਤੇ ਵਾਅਦਾ ਕਰ ਕੇ ਗਿਆ ਕਿ ਉਹ ਗੱਡੀ ਤੇ ਐੱਨ. ਓ. ਸੀ. ਜਲਦੀ ਹੀ ਉਨ੍ਹਾਂ ਨੂੰ ਦੇ ਕੇ ਜਾਵੇਗਾ। ਬਿੱਟੂ ਨੇ ਦਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਓਬਰਾਏ ਨੇ ਆਪਣੀ ਗੱਡੀ ਕਿਸੇ ਹੋਰ ਨੂੰ ਵੇਚ ਦਿੱਤੀ ਹੈ। ਇਸ ਸੰਬੰਧੀ ਉਨ੍ਹਾਂ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਅਤੇ ਜਾਂਚ ਤੋਂ ਬਾਅਦ ਪੁਲਸ ਨੇ ਓਬਰਾਏ ਦੇ ਖਿਲਾਫ ਕੇਸ ਦਰਜ ਕਰ ਕੇ ਉਸ ਦੀ ਗ੍ਰਿਫਤਾਰੀ ਪਾ ਦਿੱਤੀ।
