''ਪੰਜਾਬ ਦੀਆਂ ਫੁਲਕਾਰੀਆਂ ਤੇ ਹੱਥ-ਸ਼ਿਲਪਾਂ ਦੀ ਹੋਵੇ ਆਨਲਾਈਨ ਵਿਕਰੀ''

Tuesday, Jul 30, 2019 - 02:41 PM (IST)

''ਪੰਜਾਬ ਦੀਆਂ ਫੁਲਕਾਰੀਆਂ ਤੇ ਹੱਥ-ਸ਼ਿਲਪਾਂ ਦੀ ਹੋਵੇ ਆਨਲਾਈਨ ਵਿਕਰੀ''

ਚੰਡੀਗੜ੍ਹ (ਭੁੱਲਰ) : ਟਰਾਈਡੈਂਟ ਗਰੁੱਪ ਦੇ ਜ਼ਰੀਏ ਗਲੋਬਲ ਮਾਰਕੀਟ ਵਿਚ ਸਫਲ ਆਨਲਾਈਨ ਦਾਖਲੇ ਤੋਂ ਪ੍ਰਭਾਵਿਤ ਹੁੰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਦੀਆਂ ਫੁਲਕਾਰੀਆਂ ਅਤੇ ਹੱਥ-ਸ਼ਿਲਪਾਂ ਦੀ ਈ-ਕਾਮਰਸ ਪੋਰਟਲਾਂ 'ਤੇ ਆਨਲਾਈਨ ਮਾਰਕੀਟਿੰਗ ਕੀਤੀ ਜਾਣੀ ਚਾਹੀਦੀ ਹੈ। ਸਿੰਗਲਾ ਨੇ ਇਸ ਸਬੰਧ 'ਚ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਈ-ਕਾਮਰਸ ਪੋਰਟਲ ਭਾਰਤੀ ਵਿਕਰੇਤਾਵਾਂ ਲਈ ਲਾਭਦਾਇਕ ਪਲੇਟਫਾਰਮ ਹਨ ਅਤੇ ਇਨ੍ਹਾਂ ਪਲੇਟਫਾਰਮਾਂ 'ਤੇ ਵਿਸ਼ਵ ਭਰ ਦੇ ਖਰੀਦਦਾਰ ਮੌਜੂਦ ਹਨ। ਇਨ੍ਹਾਂ ਪਲੇਟਫਾਰਮਾਂ 'ਤੇ ਵਿਕਰੀ ਦੀ ਕਾਫੀ ਸਮਰੱਥਾ ਹੋਣ ਦੇ ਨਾਲ ਮਾਰਕੀਟਿੰਗ ਲਾਗਤ ਵੀ ਕਾਫੀ ਘੱਟ ਹੈ।

ਉਨ੍ਹਾਂ ਸੁਝਾਅ ਦਿੱਤਾ ਕਿ ਸਥਾਨਕ ਹੱਥ-ਸ਼ਿਲਪਾਂ ਦੀ ਵਿਕਰੀ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਪਲੇਟਫਾਰਮਾਂ 'ਤੇ ਵਿਕਰੀ ਲਈ ਪੇਸ਼ਕਾਰੀ ਕਰਨੀ ਚਾਹੀਦੀ ਹੈ। ਸਿੰਗਲਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੋਲ ਇਹ ਮੁੱਦਾ ਉਠਾਉਣਗੇ ਕਿ ਵਿਸ਼ਵ ਭਰ ਦੇ ਐੱਨ. ਆਰ. ਆਈ. ਖ਼ਪਤਕਾਰਾਂ ਦੀ ਲੋੜ ਨੂੰ ਪੂਰਾ ਕਰਨ ਲਈ ਪੰਜਾਬ ਦੀਆਂ ਫੁਲਕਾਰੀਆਂ ਅਤੇ ਹੱਥ-ਸ਼ਿਲਪਾਂ ਦੀ ਈ-ਕਾਮਰਸ ਪੋਰਟਲਾਂ 'ਤੇ ਮਾਰਕੀਟਿੰਗ ਕੀਤੀ ਜਾਵੇ।
ਐਮਾਜ਼ੋਨ 'ਤੇ ਆਪਣੇ ਉਤਪਾਦਾਂ ਨੂੰ ਲਾਂਚ ਕਰਨ ਉਪਰੰਤ ਲੁਧਿਆਣਾ ਦੇ ਟ੍ਰਾਈਡੈਂਟ ਗਰੁੱਪ ਅਤੇ ਐਮਾਜ਼ੋਨ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ ਮੀਡੀਆ ਸੈਸ਼ਨ ਦੌਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਸਿੰਗਲਾ ਨੇ ਕੱਪੜਾ ਤਿਆਰ ਕਰਨ ਵਾਲੇ ਘਰੇਲੂ ਉਦਯੋਗਾਂ ਦੇ ਮੋਹਰੀ ਉਤਪਾਦਕਾਂ ਨੂੰ ਉਨ੍ਹਾਂ ਦੇ ਐਮਾਜ਼ੋਨ ਜ਼ਰੀਏ ਗਲੋਬਲ ਮਾਰਕੀਟ ਵਿਚ ਆਨਲਾਈਨ ਦਾਖਲੇ ਲਈ ਵਧਾਈ ਦਿੱਤੀ ਅਤੇ ਆਸ ਜਤਾਈ ਕਿ ਇਸ ਨਾਲ ਵੱਧ ਤੋਂ ਵੱਧ ਪੰਜਾਬੀ ਉਤਪਾਦਕਾਂ ਨੂੰ ਇਸ ਆਨਲਾਈਨ ਵਪਾਰ ਵਿਚ ਸ਼ਾਮਲ ਹੋਣ ਲਈ ਪ੍ਰੇਰਨਾ ਮਿਲੇਗੀ।
ਪਦਮਸ਼੍ਰੀ ਐਵਾਰਡੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਰਜਿੰਦਰ ਗੁਪਤਾ ਨੇ ਕਿਹਾ ''ਅਸੀਂ ਐਮਾਜ਼ੋਨ ਦੇ ਗਲੋਬਲ ਸੈਲਿੰਗ ਪ੍ਰੋਗਰਾਮ ਨਾਲ ਜੁੜ ਕੇ ਆਪਣੇ 'ਮੇਡ ਇੰਨ ਇੰਡੀਆ' ਉਤਪਾਦ ਇਸ ਦੇ ਗਲੋਬਲ ਪਲੇਟਫਾਰਮ ਜ਼ਰੀਏ ਵਿਸ਼ਵ ਭਰ ਦੇ ਖਪਤਕਾਰਾਂ ਤੱਕ ਪਹੁੰਚਾਉਣ 'ਤੇ ਬੇਹੱਦ ਖੁਸ਼ ਹਾਂ। ਇਸ ਮੌਕੇ ਐਮਾਜ਼ੋਨ ਇੰਡੀਆ ਦੇ ਉਪ ਪ੍ਰਧਾਨ ਗੋਪਾਲ ਪਿਲਈ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।


author

Babita

Content Editor

Related News