ਨੌਜਵਾਨ ਦੇ ਫੋਨ-ਕਾਲ ਤੋਂ ਪਰੇਸ਼ਾਨ ਨਾਬਾਲਗ ਲੜਕੀ ਨੇ ਕੀਤੀ ਖੁਦਕੁਸ਼ੀ

Sunday, Jan 06, 2019 - 04:33 PM (IST)

ਨੌਜਵਾਨ ਦੇ ਫੋਨ-ਕਾਲ ਤੋਂ ਪਰੇਸ਼ਾਨ ਨਾਬਾਲਗ ਲੜਕੀ ਨੇ ਕੀਤੀ ਖੁਦਕੁਸ਼ੀ

ਨਵਾਂਸ਼ਹਿਰ (ਤ੍ਰਿਪਾਠੀ) – ਨੌਜਵਾਨ ਦੇ ਫੋਨ-ਕਾਲ ਤੋਂ ਪਰੇਸ਼ਾਨ ਇਕ ਨਾਬਾਲਗ ਲੜਕੀ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਰਾਜਕੁਮਾਰ ਪੁੱਤਰ ਫਕੀਰ ਚੰਦ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਆਪਣੇ ਸਹੁਰੇ ਪਿੰਡ ਲੰਗੜੋਆ ਵਿਖੇ ਰਹਿ ਰਿਹਾ ਹੈ। ਉਸ ਦੇ ਘਰ ਨਾਲ ਉਸਦੇ ਸਾਲੇ ਸੁਲੱਖਣ ਦਾ ਘਰ ਹੈ, ਜਿੱਥੇ ਉਸ ਦਾ ਆਉਣਾ-ਜਾਣਾ ਹੈ। ਸੁਲੱਖਣ ਦੀਆਂ 2 ਲੜਕੀਆਂ ਅਤੇ 2 ਲੜਕੇ ਹਨ, ਜਿਨ੍ਹਾਂ 'ਚੋਂ ਵੱਡੀ ਲੜਕੀ ਰੀਣਾ ਦੀ ਉਮਰ 14 ਸਾਲ ਹੈ।

ਉਸਨੇ ਦੱਸਿਆ ਕਿ ਸੁਲੱਖਣ ਕਿਸੇ ਮਾਮਲੇ ਦੇ ਸਬੰਧ 'ਚ ਲੁਧਿਆਣਾ ਸੈਂਟਰਲ ਜੇਲ 'ਚ ਸਜ਼ਾ ਭੁਗਤ ਰਿਹਾ ਹੈ ਅਤੇ ਉਸ ਦੀ ਪਤਨੀ ਸ਼ੀਲਾ ਰਾਣੀ ਘਰੇਲੂ ਕੰਮਕਾਰ ਕਰਦੀ ਹੈ।4 ਜਨਵਰੀ ਨੂੰ ਸ਼ੀਲਾ ਘਰ ਦੇ ਕਿਸੇ ਕੰਮ ਲਈ ਬਾਹਰ ਗਈ ਹੋਈ ਸੀ। ਉਸਦੇ 2 ਬੱਚੇ ਸਕੂਲ ਗਏ ਸਨ ਜਦਕਿ ਰੀਣਾ ਘਰ 'ਚ ਹੀ ਸੀ। ਦੁਪਹਿਰ ਕਰੀਬ ਡੇਢ ਵਜੇ ਜਦੋਂ ਦੋਵੇਂ ਬੱਚੇ ਸਕੂਲੋਂ ਛੁੱਟੀ ਤੋਂ ਬਾਅਦ ਘਰ ਆਏ ਤਾਂ ਗੇਟ ਖੜਕਾਉਣ ਦੇ ਬਾਵਜੂਦ ਕਿਸੇ ਨੇ ਗੇਟ ਨਹੀ ਖੋਲ੍ਹਿਆ। ਉਸਨੇ ਦੱਸਿਆ ਕਿ ਉਹ ਆਪਣੇ ਘਰ ਦੇ ਬਾਹਰ ਖੜ੍ਹਾ ਸੀ। ਗੇਟ ਖੁੱਲ੍ਹਦਾ ਨਾ ਦੇਖ ਕੇ ਜਦੋਂ ਉਹ ਕੰਧ ਟੱਪ ਕੇ ਘਰ ਦੇ ਅੰਦਰ ਗਿਆ ਤਾਂ ਰੀਣਾ ਦੀ ਲਾਸ਼ ਕਮਰੇ 'ਚ ਪੱਖੇ ਨਾਲ ਲਟਕ ਰਹੀ ਸੀ। ਉਸਦੇ ਰੌਲਾ ਪਾਉਣ 'ਤੇ ਆਲੇ-ਦੁਆਲੇ ਦੇ ਲੋਕ ਮੌਕੇ 'ਤੇ ਇਕੱਠੇ ਹੋ ਗਏ। ਉਸ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਰੀਣਾ ਨੇ ਨੌਜਵਾਨ ਗੁਰਵਿੰਦਰ ਕੁਮਾਰ ਵਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ਕਰਕੇ ਖੁਦਕੁਸ਼ੀ ਕੀਤੀ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ  ਸ਼ਿਕਾਇਤ ਦੇ ਆਧਾਰ 'ਤੇ ਗੁਰਵਿੰਦਰ ਕੁਮਾਰ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

rajwinder kaur

Content Editor

Related News