ਬੇਟੇ ਨੇ ਮਾਂ ਨਾਲ ਝਗੜਾ ਕਰਕੇ ਪੂਰੇ ਘਰ ਨੂੰ ਕੀਤਾ ਅੱਗ ਹਵਾਲੇ, ਦੋ ਮਹੀਨੇ ਪਹਿਲਾਂ ਹੋਇਆ ਸੀ ਵਿਆਹ
Sunday, Nov 07, 2021 - 01:39 PM (IST)
ਫਿਲੌਰ (ਭਾਖੜੀ)-ਬੇਟੇ ਨੇ ਮਾਂ ਨਾਲ ਝਗੜਾ ਕਰਕੇ ਘਰ ਨੂੰ ਅੱਗ ਲਾ ਦਿੱਤੀ। ਅੱਗ ਲੱਗਣ ਨਾਲ ਪੂਰਾ ਘਰ ਅਤੇ ਉਸ ਵਿਚ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਨੇੜਲੇ ਮੁਹੱਲਾ ਪੰਜਢੇਰਾ ਦੀ ਰਹਿਣ ਵਾਲੀ ਔਰਤ ਜੀਤੋ ਨੇ ਦੱਸਿਆ ਕਿ ਉਸ ਦਾ ਬੇਟਾ ਜਸਕਰਨ ਬਾਗੀ ਜੋ ਵਿਆਹਿਆ ਹੈ, ਨਸ਼ੇ ਦਾ ਆਦੀ ਸੀ। ਪਿਛਲੇ ਇਕ ਮਹੀਨੇ ਤੋਂ ਉਹ ਨਸ਼ਾ ਛੱਡਣ ਦੀ ਦਵਾਈ ਲੈ ਰਿਹਾ ਸੀ। ਉਸ ਦਾ ਬੇਟਾ ਆਮ ਕਰਕੇ ਘਰ ਵਿਚ ਕਿਸੇ ਗੱਲ ਨੂੰ ਲੈ ਕੇ ਝਗੜਾ ਕਰਦਾ ਰਹਿੰਦਾ ਸੀ।
ਇਹ ਵੀ ਪੜ੍ਹੋ: ਡਰੋਨ ਤੇ ਟਿਫਿਨ ਬੰਬ ਹਮਲੇ ਦੇ ਖ਼ਤਰੇ ਨੂੰ ਵੇਖਦੇ ਹੋਏ DGP ਸਹੋਤਾ ਦਾ ਵੱਡਾ ਫ਼ੈਸਲਾ, ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ
ਦੋ ਮਹੀਨੇ ਪਹਿਲਾਂ ਹੀ ਉਸ ਨੇ ਆਪਣੇ ਬੇਟੇ ਦਾ ਵਿਆਹ ਕੀਤਾ ਅਤੇ ਦੋ ਦਿਨ ਪਹਿਲਾਂ ਹੀ ਉਸ ਦੀ ਪਤਨੀ ਉਸ ਨੂੰ ਛੱਡ ਕੇ ਚਲੀ ਗਈ। ਬੀਤੀ ਰਾਤ ਉਹ ਬਿਨਾਂ ਕਿਸੇ ਗੱਲ ਦੇ ਉਸ ਨਾਲ ਝਗੜਾ ਕਰਨ ਲੱਗ ਪਿਆ। ਝਗੜਾ ਕਰਨ ਤੋਂ ਬਾਅਦ ਉਹ ਘਰ ਦੇ ਕਮਰੇ ਵਿਚ ਚਲਾ ਗਿਆ। ਉਸ ਨੇ ਸੋਚਿਆ ਕਿ ਉਹ ਸੋ ਗਿਆ ਹੋਵੇਗਾ। ਕੁਝ ਹੀ ਦੇਰ ਬਾਅਦ ਕਮਰੇ ਤੋਂ ਧੂੰਆਂ ਨਿਕਲਣ ਲੱਗ ਪਿਆ। ਉਸ ਦਾ ਬੇਟਾ ਦਰਵਾਜ਼ਾ ਖੋਲ੍ਹ ਕੇ ਘਰੋਂ ਬਾਹਰ ਭੱਜ ਗਿਆ, ਜਦੋਂ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਉਸ ਦੇ ਬੇਟੇ ਜਸਕਰਨ ਨੇ ਕਮਰੇ ਵਿਚ ਪਏ ਬੈੱਡ ਅਤੇ ਹੋਰ ਕੱਪੜਿਆਂ ਨੂੰ ਅੱਗ ਲਾ ਦਿੱਤੀ ਸੀ। ਉਸ ਨੇ ਬਾਹਰ ਨਿਕਲ ਕੇ ਰੌਲਾ ਪਾਇਆ। ਮੁਹੱਲੇ ਦੇ ਲੋਕ ਮਦਦ ਲਈ ਅੱਗੇ ਆਏ, ਉਦੋਂ ਤੱਕ ਅੱਗ ਆਪਣਾ ਕੰਮ ਕਰ ਚੁੱਕੀ ਸੀ ਅਤੇ ਉਸ ਦੀ ਲਪੇਟ ਵਿਚ ਪੂਰਾ ਘਰ ਆ ਚੁੱਕਾ ਸੀ। ਲੋਕਾਂ ਨੇ ਕਿਸੇ ਤਰ੍ਹਾਂ ਪਾਣੀ ਪਾ ਕੇ ਅੱਗ ’ਤੇ ਕਾਬੂ ਪਾਇਆ।
ਉਕਤ ਘਟਨਾ ਵਿਚ ਉਸ ਦੇ ਘਰ ਵਿਚ ਪਿਆ ਬੈੱਡ, ਵਾਸ਼ਿੰਗ ਮਸ਼ੀਨ, ਫਰਿੱਜ, ਐੱਲ. ਸੀ. ਡੀ. ਅਤੇ ਕੱਪੜੇ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ, ਜਿਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਉਸ ਨੇ ਪੁਲਸ ਤੋਂ ਮੰਗ ਕੀਤੀ ਹੈ ਕਿ ਉਸ ਦੇ ਬੇਟੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ, ਜਿਸ ਦੀਆਂ ਗਲਤ ਹਰਕਤਾਂ ਕਾਰਨ ਅੱਜ ਉਸ ਨੂੰ ਆਪਣੇ ਹੀ ਘਰੋਂ ਬੇਘਰ ਹੋ ਕੇ ਸੜਕਾਂ ’ਤੇ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਥਾਣਾ ਮੁਖੀ ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਜਲਦ ਹੀ ਉਸ ਦੇ ਬੇਟੇ ਨੂੰ ਗ੍ਰਿਫ਼ਤਾਰ ਕਰਕੇ ਬਜ਼ੁਰਗ ਔਰਤ ਨੂੰ ਇਨਸਾਫ ਦਿਵਾਇਆ ਜਾਵੇਗਾ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਡਿਊਟੀ ਦੌਰਾਨ ਏ. ਐੱਸ. ਆਈ. ਦੀ ਗੋਲ਼ੀ ਲੱਗਣ ਨਾਲ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ