ਫਿਲੌਰ ਪੁਲਸ ਵਲੋਂ ਜੂਏ ਦੇ ਧੰਦੇ ਦਾ ਪਰਦਾਫਾਸ਼, ਲੱਖਾਂ ਦੀ ਨਕਦੀ ਸਣੇ 10 ਕਾਬੂ
Monday, Aug 12, 2019 - 05:45 PM (IST)

ਫਿਲੌਰ (ਸੋਨੂੰ) - ਫਿਲੌਰ ਦੀ ਪੁਲਸ ਨੇ ਕਿਸੇ ਨਿੱਜੀ ਕੋਠੀ 'ਚ ਚੱਲ ਰਹੇ ਜੂਏ ਦੇ ਧੰਦੇ ਦਾ ਪਰਦਾਫਾਸ਼ ਕਰਦੇ ਹੋਏ 10 ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਤੋਂ 1 ਲੱਖ 79 ਹਜ਼ਾਰ ਰੁਪਏ ਬਰਾਮਦ ਹੋਏ ਹਨ। ਐੱਸ.ਆਈ. ਬਖਸ਼ੀਸ਼ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਫਿਲੋਰ 'ਚ ਕਿਸੇ ਕੋਠੀ ਅੰਦਰ ਜੂਏ ਦਾ ਧੰਦਾ ਚਲ ਰਿਹਾ ਹੈ। ਇਸ ਸੂਚਨਾ ਦੇ ਆਧਾਰ 'ਤੇ ਡੀ.ਐੱਸ.ਪੀ. ਦਵਿੰਦਰ ਅੱਤਰੀ ਅਗਵਾਈ ਹੇਠ ਐੱਸ.ਐੱਚ.ਓ. ਥਾਣਾ ਫਿਲੋਰ ਇੰਸਪੈਕਟਰ ਸੁੱਖਾ ਸਿੰਘ, ਗੁਰਾਇਆ ਦੇ ਐੱਸ.ਐੱਚ.ਓ. ਰਾਜੀਵ ਕੁਮਾਰ ਤੇ ਐੱਸ. ਆਈ. ਬਖਸ਼ੀਸ਼ ਸਿੰਘ ਨੇ ਪੁਲਸ ਪਾਰਟੀ ਨਾਲ ਕੋਠੀ 'ਤੇ ਛਾਪੇਮਾਰੀ ਕੀਤੀ ਅਤੇ ਜੂਏ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰ ਲਿਆ। ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਕਮਲਜੀਤ ਸਿੰਘ ਪੁੱਤਰ ਤਰਲੋਕ ਸਿੰਘ, ਰਾਜਿੰਦਰ ਸਿੰਘ ਲੱਡੂ, ਗੁਰਬਚਨ ਸਿੰਘ, ਦੀਪਕ ਕੁਮਾਰ ਪੁੱਤਰ ਅਜੀਤ ਕੁਮਾਰ, ਰਾਜਨ ਪੁੱਤਰ ਮੱਘਰ ਸਿੰਘ, ਜੋਨੀ ਪੁੱਤਰ ਲਾਲੂ ਰਾਮ, ਜਗਦੇਵ ਪੁੱਤਰ ਕੁਲਵੀਰ ਚੰਦ, ਸਾਗਰ ਪੁੱਤਰ ਰਾਜਕੁਮਾਰ, ਅਕਾਸ਼ ਮਲਹੋਤਰਾ ਪੁੱਤਰ ਰਾਜਕੁਮਾਰ ਵਜੋਂ ਹੋਈ ਹੈ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।