ਫਗਵਾੜਾ: ਨਿੱਜੀ ਯੂਨੀਵਰਸਿਟੀ ਖ਼ੁਦਕੁਸ਼ੀ ਮਾਮਲੇ 'ਚ ਪ੍ਰੋਫ਼ੈਸਰ ਖ਼ਿਲਾਫ਼ ਸਖ਼ਤ ਕਾਰਵਾਈ

Thursday, Sep 22, 2022 - 04:46 PM (IST)

ਫਗਵਾੜਾ: ਨਿੱਜੀ ਯੂਨੀਵਰਸਿਟੀ ਖ਼ੁਦਕੁਸ਼ੀ ਮਾਮਲੇ 'ਚ ਪ੍ਰੋਫ਼ੈਸਰ ਖ਼ਿਲਾਫ਼ ਸਖ਼ਤ ਕਾਰਵਾਈ

ਫਗਵਾੜਾ (ਜਲੋਟਾ)-ਇਕ ਨਿੱਜੀ ਯੂਨੀਵਰਸਿਟੀ ਦੇ ਹੋਸਟਲ ’ਚ ਰਹਿ ਕੇ ਪੜ੍ਹਾਈ ਕਰ ਰਹੇ ਬਿਜ਼ਨੈੱਸ ਮੈਨੇਜਮੈਂਟ ਦੇ ਪਹਿਲੇ ਸਾਲ ਦੇ ਵਿਦਿਆਰਥੀ ਅਗਿਨ ਐੱਸ. ਦਿਲੀਪ ਪੁੱਤਰ ਐੱਸ. ਦਲੀਪ ਵਾਸੀ ਕੇਰਲਾ ਦੀ ਮੰਗਲਵਾਰ ਦੀ ਰਾਤ ਸ਼ੱਕੀ ਹਾਲਾਤ ’ਚ ਹੋਸਟਲ ਦੇ ਕਮਰੇ ’ਚ ਫਾਹ ਲੱਗੀ ਲਾਸ਼ ਮਿਲੀ ਸੀ। ਇਸ ਮਾਮਲੇ ਨੂੰ ਲੈ ਕੇ ਜਿੱਥੇ ਵਿਦਿਆਰਥੀਆਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ, ਉੱਥੇ ਪੰਜਾਬ ਪੁਲਸ ਦੇ ਏ. ਡੀ. ਜੀ. ਪੀ. ਅਰਪਿਤ ਸ਼ੁਕਲਾ ਨੇ ਫਗਵਾੜਾ ਵਿਖੇ ਗੱਲਬਾਤ ਕਰਦੇ ਹੋਏ ਅਹਿਮ ਜਾਣਕਾਰੀ ਦਿੱਤੀ ਹੈ ਕਿ ਪੁਲਸ ਨੇ ਮ੍ਰਿਤਕ ਵਿਦਿਆਰਥੀ ਨੂੰ ਆਤਮਹੱਤਿਆ ਕਰਨ ਲਈ ਮਜਬੂਰ ਕਰਨ ਦੇ ਦੋਸ਼ ’ਚ ਕੇਰਲਾ ਦੇ ਕਾਲੀਕਟ ਵਿਖੇ ਐੱਨ. ਆਈ. ਟੀ. ਦੇ ਪ੍ਰੋਫ਼ੈਸਰ ਪ੍ਰਸਾਦ ਕ੍ਰਿਸ਼ਨਾ ਖ਼ਿਲਾਫ਼ 306 ਦੇ ਤਹਿਤ ਕੇਸ ਦਰਜ ਕਰ ਲਿਆ ਹੈ।

PunjabKesari

ਏ. ਡੀ. ਜੀ. ਪੀ. ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥੀ ਦੇ ਕਮਰੇ ’ਚੋਂ ਪੁਲਸ ਨੂੰ ਉਸ ਦੇ ਹੱਥਾਂ ਨਾਲ ਲਿਖੇ ਗਏ 3 ਨੋਟ ਬਰਾਮਦ ਹੋਏ ਹਨ, ਜਿਨ੍ਹਾਂ ’ਚੋਂ ਇਕ ਸੁਸਾਈਡ ਨੋਟ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਦਿਆਰਥੀ ਇਸ ਤੋਂ ਪਹਿਲਾਂ ਕਾਲੀਕਟ ਵਿਖੇ ਐੱਨ. ਆਈ. ਟੀ. ਦਾ ਵਿਦਿਆਰਥੀ ਸੀ ਅਤੇ ਉਸ ਨੇ ਉੱਥੇ 4 ਸਾਲ ਦੀ ਪੜ੍ਹਾਈ ਪੂਰੀ ਕੀਤੀ ਹੈ ਪਰ ਇਸ ਦੌਰਾਨ ਉਸ ਨੂੰ ਉੱਥੋਂ ਅਰੇਟੀਗੇਟ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਹ ਫਗਵਾੜਾ ਵਿਖੇ ਪੜ੍ਹਾਈ ਕਰਨ ਲਈ ਆ ਗਿਆ। ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ’ਤੇ ਕਿ ਫਗਵਾੜਾ ਪੁਲਸ ਵੱਲੋਂ ਬੀਤੀ ਰਾਤ ਮ੍ਰਿਤਕ ਅਗਿਨ ਐੱਸ. ਦਿਲੀਪ ਦੀ ਮੌਤ ਤੋਂ ਬਾਅਦ ਉਸ ਲਈ ਇਨਸਾਫ਼ ਦੀ ਮੰਗ ਕਰ ਰਹੇ ਵਿਦਿਆਰਥੀਆਂ ’ਤੇ ਲਾਠੀਚਾਰਜ ਕੀਤਾ ਗਿਆ ਹੈ, ਜਿਸ ਦੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਹਨ। ਇਸ ’ਤੇ ਏ. ਡੀ. ਜੀ. ਪੀ. ਅਰਪਿਤ ਸ਼ੁਕਲਾ ਨੇ ਕਿਹਾ ਕਿ ਇਹੋ ਜਿਹਾ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ ਅਤੇ ਇੰਜ ਕੁਝ ਵੀ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ: ਫਗਵਾੜਾ ਦੀ ਨਿੱਜੀ ਯੂਨੀਵਰਸਿਟੀ ’ਚ ਖ਼ੁਦਕੁਸ਼ੀ ਕਰਨ ਵਾਲੇ ਵਿਦਿਆਰਥੀ ਦਾ ਸੁਸਾਈਡ ਨੋਟ ਆਇਆ ਸਾਹਮਣੇ

PunjabKesari

ਡੀ. ਆਈ. ਜੀ. ਜਲੰਧਰ ਤੇ ਐੱਸ. ਐੱਸ. ਪੀ. ਨੂੰ ਰੋਜ਼ਾਨਾ ਦੇਣਗੇ ਰਿਪੋਰਟ

ਏ. ਡੀ. ਜੀ. ਪੀ. ਨੇ ਕਿਹਾ ਕਿ ਇਸ ਗੰਭੀਰ ਮਾਮਲੇ ਨੂੰ ਲੈ ਕੇ ਐੱਸ. ਪੀ. ਫਗਵਾੜਾ ਨੂੰ ਮੁੱਖ ਜਾਂਚ ਅਫ਼ਸਰ ਤਾਇਨਾਤ ਕੀਤਾ ਗਿਆ ਹੈ, ਜੋ ਆਪਣੀ ਜਾਂਚ ਦੀ ਰੋਜ਼ਾਨਾ ਰਿਪੋਰਟ ਡੀ. ਆਈ. ਜੀ. ਜਲੰਧਰ ਰੇਂਜ ਐੱਸ. ਭੂਪਤੀ ਅਤੇ ਐੱਸ. ਐੱਸ. ਪੀ. ਕਪੂਰਥਲਾ ਨਵਨੀਤ ਸਿੰਘ ਬੈਂਸ ਨੂੰ ਦੇਣਗੇ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਲੈ ਕੇ ਪੁਲਸ ਵੱਲੋਂ ਕਿਸੇ ਵੀ ਵਿਅਕਤੀ ਜਾਂ ਅਦਾਰੇ ਨੂੰ ਹਾਲ ਫਿਲਹਾਲ ਜਦ ਤਕ ਪੁਲਸ ਜਾਂਚ ਪੂਰੀ ਨਹੀਂ ਹੋ ਜਾਂਦੀ ਹੈ, ਕਿਸੇ ਵੀ ਪੱਖੋਂ ਕਲੀਨ ਚਿੱਟ ਨਹੀਂ ਦਿੱਤੀ ਗਈ ਹੈ। ਇਸ ਸਾਰੇ ਮਾਮਲੇ ਵਿਚ ਯੂਨੀਵਰਸਿਟੀ ਦਾ ਕੀ ਰੋਲ ਰਿਹਾ ਹੈ, ਉਸ ਦੀ ਵੀ ਜਾਂਚ ਹੋਵੇਗੀ।

PunjabKesari

ਡਾਕਟਰਾਂ ਦੇ 3 ਮੈਂਬਰੀ ਬੋਰਡ ਨੇ ਕੀਤਾ ਪੋਸਟਮਾਰਟਮ
ਅਰਪਿਤ ਸ਼ੁਕਲਾ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥੀ ਅਗਿੱਨ ਐੱਸ. ਦਿਲੀਪ ਦੀ ਲਾਸ਼ ਦਾ ਬੁੱਧਵਾਰ ਫਗਵਾੜਾ ਸਿਵਲ ਹਸਪਤਾਲ ’ਚ ਡਾਕਟਰਾਂ ਦੇ 3 ਮੈਂਬਰੀ ਬੋਰਡ ਵੱਲੋਂ ਵੀਡੀਓ ਗ੍ਰਾਫੀ ਹੇਠਾਂ ਪੋਸਟਮਾਰਟਮ ਕੀਤਾ ਗਿਆ ਹੈ ਅਤੇ ਜਦ ਤੱਕ ਪੋਸਟਮਾਰਟਮ ਦੀ ਅਧਿਕਾਰਕ ਪੱਧਰ ’ਤੇ ਰਿਪੋਰਟ ਨਹੀਂ ਆ ਜਾਂਦੀ ਹੈ ਤਦ ਤੱਕ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਉਨ੍ਹਾਂ ਕਿਹਾ ਕਿ ਪੁਲਸ ਟੀਮਾਂ ਵੱਲੋਂ ਯੂਨੀਵਰਸਿਟੀ ਦੇ ਹੋਸਟਲ ਦੇ ਉਸ ਕਮਰੇ ਜਿਸ ’ਚ ਮ੍ਰਿਤਕ ਵਿਦਿਆਰਥੀ ਰਹਿ ਰਿਹਾ ਸੀ, ਦੀ ਵੀ ਫੋਰੈਂਸਿਕ ਜਾਂਚ ਕੀਤੀ ਗਈ ਹੈ ਅਤੇ ਉਥੋਂ ਸਾਰੇ ਸਬੂਤਾਂ ਨੂੰ ਇਕੱਠਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ: DCP ਡੋਗਰਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਦਾ ਯੂ-ਟਰਨ, ਕਿਹਾ-ਨਹੀਂ ਹੋਇਆ ਕੇਸ ਦਰਜ

ਸੋਸ਼ਲ ਮੀਡੀਆ ’ਤੇ ਕਈ ਵੀਡੀਓ ਵਾਇਰਲ

ਮ੍ਰਿਤਕ ਅਗਿਨ ਐੱਸ. ਦਿਲੀਪ ਦੀ ਯੂਨੀਵਰਸਿਟੀ ਦੇ ਹੋਸਟਲ ਦੇ ਕਮਰੇ ਅੰਦਰ ਹੋਈ ਮੌਤ ਤੋਂ ਬਾਅਦ ਬੀਤੀ ਸਾਰੀ ਰਾਤ ਯੂਨੀਵਰਸਿਟੀ ਦੇ ਅੰਦਰ ਭਾਰੀ ਹੰਗਾਮਾ ਹੁੰਦਾ ਰਿਹਾ ਹੈ, ਜਿਸ ’ਚ ਵਿਦਿਆਰਥੀਆਂ ਵੱਲੋਂ ‘ਵੀਹ ਵਾਂਟ’ ਜਸਟਿਸ ਆਦਿ ਦੇ ਨਾਅਰੇ ਲਗਾਏ ਗਏ ਹਨ। ਮਾਮਲੇ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਕੀਤੀ ਜਾ ਰਹੀ ਨਾਅਰੇਬਾਜ਼ੀ ਅਤੇ ਪੁਲਸ ਵੱਲੋਂ ਇਨ੍ਹਾਂ ’ਤੇ ਕੀਤੇ ਗਏ ਲਾਠੀਚਾਰਜ ਦੇ ਵੀਡੀਓ ਸੋਸ਼ਲ ਮੀਡੀਆ’ ਤੇ ਵਾਇਰਲ ਹੋਏ ਹਨ। ਹੋਰ ਤਾਂ ਹੋਰ ਮ੍ਰਿਤਕ ਵਿਦਿਆਰਥੀ ਦੀ ਮੌਤ ਸਬੰਧੀ ਉਸ ਵੱਲੋਂ ਲਿਖੇ ਗਏ ਸੁਸਾਈਡ ਨੋਟ ਦੀ ਕਾਪੀ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ, ਜਿਸ ਤੋਂ ਬਾਅਦ ਅੱਜ ਸਾਰਾ ਦਿਨ ਸਭ ਪਾਸੇ ਵੱਡੀ ਗਿਣਤੀ ’ਚ ਪੁਲਸ ਫੋਰਸ ਦੀ ਤਾਇਨਾਤੀ ਵੇਖਣ ਨੂੰ ਮਿਲੀ ਹੈ।

PunjabKesari

ਮੌਤ ਤੋਂ ਕੁਝ ਘੰਟੇ ਪਹਿਲਾਂ ਮੇਰੇ ਪੁੱਤਰ ਨਾਲ ਫੋਨ ’ਤੇ ਹੋਈ ਸੀ ਮੇਰੀ ਗੱਲ: ਪਿਤਾ

ਸਿਵਲ ਹਸਪਤਾਲ ’ਚ ਗੱਲਬਾਤ ਕਰਦੇ ਹੋਏ ਮ੍ਰਿਤਕ ਵਿਦਿਆਰਥੀ ਅਗਿਨ ਐੱਸ. ਦਿਲੀਪ ਦੇ ਪਿਤਾ ਐੱਸ. ਦਿਲੀਪ ਵਾਸੀ ਕੇਰਲਾ ਨੇ ਦੱਸਿਆ ਕਿ ਉਨ੍ਹਾਂ ਦੀ ਆਪਣੇ ਪੁੱਤਰ ਨਾਲ ਉਸ ਦੀ ਮੌਤ ਤੋਂ ਕੁਝ ਘੰਟੇ ਪਹਿਲਾਂ ਹੀ ਫੋਨ ਰਾਹੀਂ ਗੱਲਬਾਤ ਹੋਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਜੱਦ ਉਨ੍ਹਾਂ ਆਪਣੇ ਪੁੱਤਰ ਨਾਲ ਗੱਲਬਾਤ ਕੀਤੀ ਤਾਂ ਉਹ ਰੁਟੀਨ ਵਾਂਗ ਉਨ੍ਹਾਂ ਨਾਲ ਗੱਲਬਾਤ ਕਰ ਰਿਹਾ ਸੀ ਅਤੇ ਉਸ ਨੇ ਕਿਤੇ ਵੀ ਇਸ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਸੀ, ਜਿਸ ’ਚ ਉਨ੍ਹਾਂ ਨੂੰ ਇੰਜ ਜਾਪੇ ਕਿ ਉਹ ਦੁੱਖੀ ਸੀ ਜਾਂ ਉਸ ਦੇ ਮਨ ’ਚ ਖ਼ੁਦਕੁਸ਼ੀ ਕਰਨ ਦੇ ਕੋਈ ਵਿਚਾਰ ਆ ਰਹੇ ਸਨ।

ਇਹ ਵੀ ਪੜ੍ਹੋ: DCP ਨਰੇਸ਼ ਡੋਗਰਾ ਤੇ ਵਿਧਾਇਕ ਦੇ ਵਿਵਾਦ ਨੂੰ ਲੈ ਕੇ ਖਹਿਰਾ ਨੇ ਘੇਰੀ ‘ਆਪ’, ਟਵੀਟ ਕਰਕੇ ਖੜ੍ਹੇ ਕੀਤੇ ਸਵਾਲ

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਕੇਰਲਾ ਦੇ ਕਾਲੀਕਟ ਵਿਖੇ ਐੱਨ. ਆਈ. ਟੀ. ’ਚ ਪੜ੍ਹਾਈ ਕਰਦਾ ਸੀ, ਜਿੱਥੇ ਉਸ ਨੂੰ ਇਕ ਪ੍ਰੋਫ਼ੈਸਰ ਜਾਣ ਬੁੱਝ ਕੇ ਬਹੁਤ ਤੰਗ ਪ੍ਰੇਸ਼ਾਨ ਕਰਦਾ ਹੁੰਦਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਦੇ ਪੁੱਤਰ ਨੇ ਉਨ੍ਹਾਂ ਨਾਲ ਗੱਲ ਕੀਤੀ ਸੀ ਪਰ ਉਨ੍ਹਾਂ ਇਹ ਕਦੀ ਨਹੀਂ ਸੋਚਿਆ ਸੀ ਕਿ ਅਗਿਨ ਐੱਸ. ਦਿਲੀਪ ਇਸ ਤਰ੍ਹਾਂ ਦਾ ਖ਼ੌਫ਼ਨਾਕ ਕਦਮ ਵੀ ਲੈ ਸਕਦਾ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ 


author

shivani attri

Content Editor

Related News