PGI ਦੇ ਡਾਕਟਰ ਹੁਣ ਟੈਂਟ ’ਚ ਦੇਖਣਗੇ ਮਰੀਜ਼, GMCH ’ਚ ਆਨਲਾਈਨ ਰਜਿਸਟ੍ਰੇਸ਼ਨ ਬੰਦ
Wednesday, Aug 21, 2024 - 10:51 AM (IST)
ਚੰਡੀਗੜ੍ਹ (ਪਾਲ) : ਡਾਕਟਰਾਂ ਦੀ ਹੜਤਾਲ ਦਾ ਅਸਰ ਹੁਣ ਨਿਊ ਓ. ਪੀ. ਡੀ. ’ਤੇ ਦਿਸ ਰਿਹਾ ਹੈ। ਹਾਲਾਂਕਿ ਇਕ ਹਫ਼ਤੇ ਤੋਂ ਸਿਰਫ਼ ਪੁਰਾਣੇ ਫਾਲੋਅਪ ਮਰੀਜ਼ ਹੀ ਦੇਖੇ ਜਾ ਰਹੇ ਹਨ। ਹੁਣ ਪਹਿਲਾਂ ਦੇ ਮੁਕਾਬਲੇ ਪੁਰਾਣੇ ਮਰੀਜ਼ਾਂ ਦੀ ਗਿਣਤੀ ਘੱਟ ਹੋਈ ਹੈ। ਹਰ ਰੋਜ਼ ਦੀ ਤਰ੍ਹਾਂ ਮੰਗਲਵਾਰ ਸਵੇਰੇ ਪੀ. ਜੀ. ਆਈ. ’ਚ ਭਾਰਗਵ ਆਡੀਟੋਰੀਅਮ ਦੇ ਸਾਹਮਣੇ ਬਣੇ ਟੈਂਟ ਦੇ ਅੰਦਰ ਰੈਜ਼ੀਡੈਂਟ ਡਾਕਟਰ ਬੈਠੇ ਸਨ ਪਰ ਨਜ਼ਾਰਾ ਕੁੱਝ ਵੱਖਰਾ ਸੀ। ਡਾਕਟਰ ਮਰੀਜ਼ਾਂ ਨੂੰ ਬੁਲਾ ਕੇ ਟੈਂਟ ’ਚ ਹੀ ਚੈੱਕਅਪ ਕਰ ਰਹੇ ਸਨ। ਪੀ. ਜੀ. ਆਈ. ’ਚ ਐਸੋਸੀਏਸ਼ਨ ਆਫ਼ ਰੈਜ਼ੀਡੈਂਟ ਡਾਕਟਰਜ਼ (ਏ. ਆਰ. ਡੀ.) ਹਿੰਦੀ, ਪੰਜਾਬੀ, ਅੰਗਰੇਜ਼ੀ ’ਚ ਅਨਾਊਸਮੈਂਟ ਕਰ ਕੇ ਮਰੀਜ਼ਾਂ ਨੂੰ ਬੁਲਾ ਰਹੀ ਸੀ। ਉੱਥੇ ਹੀ ਸੈਕਟਰ-32 ਜੀ. ਐੱਮ. ਸੀ. ਐੱਚ. ਨੇ ਆਨਲਾਈਨ ਰਜਿਸਟ੍ਰੇਸ਼ਨ ਵੀ ਬੰਦ ਕਰ ਦਿੱਤੀ ਹੈ। ਵਿਰੋਧ ਪ੍ਰਦਰਸ਼ਨ ’ਚ ਪੀ. ਜੀ. ਆਈ. ਡਾਕਟਰਾਂ ਨੇ ਨਵਾਂ ਰਾਹ ਅਪਣਾਇਆ ਹੈ, ਬੁੱਧਵਾਰ ਤੋਂ ਸਾਰੇ ਡਾਕਟਰ ਟੈਂਟ ’ਚ ਦੇਖਣ ਵਾਲੇ ਹਨ। ਏ. ਆਰ. ਡੀ. ਦੇ ਪ੍ਰਧਾਨ ਡਾ. ਹਰੀਹਰਨ ਮੁਤਾਬਕ ਉਨ੍ਹਾਂ ਨੇ ਫ਼ੈਸਲਾ ਲਿਆ ਹੈ ਕਿ ਬੁੱਧਵਾਰ ਨੂੰ ਹੜਤਾਲ ਜਾਰੀ ਰਹੇਗੀ, ਪਰ ਟੈਂਟ ’ਚ ਹੀ ਮਰੀਜ਼ਾਂ ਨੂੰ ਦੇਖਿਆ ਜਾਵੇਗਾ। ਸਾਰੇ ਵਿਭਾਗਾਂ ਦੇ ਡਾਕਟਰ ਆਪਣੇ ਨਾਲ ਉਪਕਰਨ ਲੈ ਕੇ ਆਉਣਗੇ। ਹਾਲੇ ਤੱਕ ਐਮਰਜੈਂਸੀ ਸੇਵਾ ਨੂੰ ਬੰਦ ਨਹੀਂ ਕੀਤਾ ਗਿਆ ਹੈ। ਹੜਤਾਲ ’ਚ ਸ਼ਾਮਲ ਡਾਕਟਰ ਐਮਰਜੈਂਸੀ ਡਿਊਟੀ ਦੇ ਰਹੇ ਹਨ ਅਤੇ ਫਾਲੋਅੱਪ ਵੀ ਲੈ ਰਹੇ ਹਨ।
ਇਹ ਵੀ ਪੜ੍ਹੋ : ਮੌਸਮ ਨੂੰ ਲੈ ਕੇ ਆਈ ਨਵੀਂ ਅਪਡੇਟ, 2-3 ਦਿਨ ਭਾਰੀ ਮੀਂਹ ਦੀ ਸੰਭਾਵਨਾ, ਗਰਮੀ ਤੋਂ ਮਿਲੇਗੀ ਰਾਹਤ
ਵੱਖ-ਵੱਖ ਵਿਭਾਗਾਂ ’ਚ ਦੇਖੇ 100 ਤੋਂ ਵੱਧ ਮਰੀਜ਼
ਪੀ. ਜੀ. ਆਈ. ਏ. ਆਰ. ਡੀ. ਦੀ ਵਾਈਸ ਪ੍ਰੈਜ਼ੀਡੈਂਟ ਡਾ. ਸਮ੍ਰਿਤੀ ਠਾਕੁਰ ਨੇ ਕਿਹਾ ਕਿ ਉਹ ਐਮਰਜੈਂਸੀ ਓ. ਟੀ. ’ਚ ਡਿਊਟੀ ਕਾਰਨ 2 ਦਿਨਾਂ ਤੋਂ ਹੜਤਾਲ ਦਾ ਹਿੱਸਾ ਨਹੀਂ ਸਨ। ਉਹ ਜਨਰਲ ਸਰਜਰੀ ਤੋਂ ਹਨ ਅਤੇ ਬਹੁਤ ਸਾਰੇ ਮਰੀਜ਼ਾਂ ਨੂੰ ਦੇਖਿਆ ਹੈ। ਵੱਡੀਆਂ ਅਤੇ ਜ਼ਰੂਰੀ ਸਰਜਰੀਆਂ ਹਾਲੇ ਵੀ ਹੋ ਰਹੀਆਂ ਹਨ। ਟਰਾਂਸਪਲਾਂਟ ਜਿਵੇਂ ਇਲੈਕਟਿਵ ਸਰਜਰੀ ਹਾਲੇ ਨਹੀਂ ਹੋ ਰਹੀਆਂ, ਕਿਉਂਕਿ ਕੋਈ ਐਮਰਜੈਂਸੀ ਨਹੀਂ ਹੈ। ਕਈ ਮਰੀਜ਼ਾਂ ਦੇ ਐਮਰਜੈਂਸੀ ਕਾਰਡ ਬਣਾਏ ਗਏ ਤਾਂ ਕਿ ਸੀ. ਆਰ. ਨੰਬਰ ’ਚ ਫਾਲੋਅਪ ਦਰਜ ਹੋ ਸਕੇ। ਵੱਖ-ਵੱਖ ਵਿਭਾਗਾਂ ’ਚ ਕਰੀਬ 100 ਮਰੀਜ਼ ਦੇਖੇ ਗਏ।
ਏ. ਆਰ. ਡੀ. ਨੁਮਾਇੰਦੇ ਗਏ ਦਿੱਲੀ, ਪਰ ਨਹੀਂ ਮਿਲੇ ਹੈਲਥ ਸਕੱਤਰ
ਡਾ. ਹਰੀਹਰਨ ਨੇ ਦੱਸਿਆ ਕਿ ਪਿਛਲੇ ਦਿਨੀਂ ਏਮਜ਼ ਦਿੱਲੀ ਅਤੇ ਹੋਰ ਮੈਡੀਕਲ ਕਾਲਜਾਂ ਦੇ ਨੁਮਾਇੰਦਿਆਂ ਨੇ ਦਿੱਲੀ ਬੁਲਾਇਆ ਸੀ। ਏ. ਆਰ. ਡੀ. ਵੱਲੋਂ ਪ੍ਰਧਾਨ ਤੇ ਸੰਯੁਕਤ ਸਕੱਤਰ ਗਏ ਸਨ ਪਰ ਸਿਹਤ ਸਕੱਤਰ ਨਹੀਂ ਮਿਲੇ। ਦੇਸ਼ ਭਰ ’ਚ ਇੰਨੇ ਵੱਡੇ ਪੱਧਰ ’ਤੇ ਹੜਤਾਲਾਂ ਹੋ ਰਹੀਆਂ ਹਨ, ਪਰ ਉਨ੍ਹਾਂ ਨੇ ਮਿਲਣਾ ਤੱਕ ਜ਼ਰੂਰੀ ਨਹੀਂ ਸਮਝਿਆ। 22 ਅਗਸਤ ਨੂੰ ਸੁਪਰੀਮ ਕੋਰਟ ’ਚ ਸੁਣਵਾਈ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਹੜਤਾਲ ਜਾਰੀ ਰੱਖਣੀ ਹੈ ਜਾਂ ਬੰਦ ਕਰਨੀ ਹੈ।
ਇਹ ਵੀ ਪੜ੍ਹੋ : ਉਮਰਕੈਦ ਦੀ ਸਜ਼ਾ ਕੱਟ ਰਹੇ 2 ਲੋਕਾਂ ਨੂੰ ਹਾਈਕੋਰਟ ਨੇ ਕੀਤਾ ਬਰੀ, ਪੜ੍ਹੋ ਕੀ ਹੈ ਪੂਰਾ ਮਾਮਲਾ
ਜੀ. ਐੱਮ. ਸੀ. ਐੱਚ. ’ਚ ਆਨਲਾਈਨ ਰਜਿਸਟ੍ਰੇਸ਼ਨ ਵੀ ਬੰਦ
ਜੀ. ਐੱਮ. ਸੀ. ਐੱਚ.-32 ਨੇ ਆਨਲਾਈਨ ਰਜਿਸਟ੍ਰੇਸ਼ਨ ਵੀ ਬੰਦ ਕਰ ਦਿੱਤੀ ਹੈ। ਹੁਣ ਤੱਕ ਸਿਰਫ਼ ਪੁਰਾਣੇ ਮਰੀਜ਼ ਹੀ ਵੇਖੇ ਜਾ ਰਹੇ ਸਨ। ਸਵੇਰੇ 8 ਤੋਂ 10 ਵਜੇ ਤੱਕ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਸੀ। ਮੰਗਲਵਾਰ ਨੂੰ ਹਸਪਤਾਲ ਪ੍ਰਸ਼ਾਸਨ ਨੇ ਫ਼ੈਸਲਾ ਕੀਤਾ ਕਿ ਨਵੇਂ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਬੰਦ ਰਹੇਗੀ। ਮੰਗਲਵਾਰ ਨੂੰ 1497 ਮਰੀਜ਼ ਓ.ਪੀ.ਡੀ. ’ਚ ਇਲਾਜ ਲਈ ਪਹੁੰਚੇ।
ਫਾਲੋਅਪ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਘੱਟ
ਹੁਣ ਤੱਕ ਪੀ. ਜੀ. ਆਈ. ’ਚ ਹਰ ਰੋਜ਼ 5 ਹਜ਼ਾਰ ਤੋਂ ਵੱਧ ਫਾਲੋ-ਅਪ ਮਰੀਜ਼ ਆਉਂਦੇ ਸਨ, ਪਰ ਮੰਗਲਵਾਰ ਨੂੰ ਸਿਰਫ਼ 3837 ਹੀ ਪਹੁੰਚੇ। ਐਮਰਜੈਂਸੀ ਅਤੇ ਟਰਾਮਾ ਓ. ਪੀ. ਡੀ. ’ਚ ਮਰੀਜ਼ਾਂ ਦੀ ਗਿਣਤੀ 176, ਇਨਡੋਰ ਦਾਖ਼ਲੇ 159, ਸਰਜਰੀ 70, ਕੈਥ ਲੈਬ ਪ੍ਰਕਿਰਿਆ 13, ਐਂਡੋਸਕੋਪਿਕ 55, ਡਿਲੀਵਰੀ 11, ਕੀਮੋਥੈਰੇਪੀ 148, ਲੈਬ ਜਾਂਚ 42315, ਐਮਰਜੈਂਸੀ ’ਚ 510 ਮਰੀਜ਼ ਅਤੇ ਐਡਵਾਂਸ ਟਰਾਮਾ ਸੈਂਟਰ ’ਚ 212 ਮਰੀਜ਼ ਪਹੁੰਚੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8