45 ਸਾਲਾ ਮਰੀਜ਼ ਬਰੇਨ ਡੈੱਡ, PGI ਨੇ ਗਰੀਨ ਕਾਰੀਡੋਰ ਬਣਾ ਕੇ 22 ਮਿੰਟ ''ਚ ਏਅਰਪੋਰਟ ਪਹੁੰਚਾਇਆ ਦਿਲ
Saturday, Dec 11, 2021 - 01:44 PM (IST)
ਚੰਡੀਗੜ੍ਹ (ਪਾਲ) : ਕਈ ਵਾਰ ਮੈਚਿੰਗ ਰਿਸੀਪੀਐਂਟ ਨਾ ਹੋਣ ’ਤੇ ਆਰਗਨ ਦੂਜੇ ਹਸਪਤਾਲ ਨਾਲ ਸ਼ੇਅਰ ਕੀਤਾ ਜਾਂਦਾ ਹੈ ਪਰ ਹੁਣ ਪੀ. ਜੀ. ਆਈ. ਨੇ ਇਕ ਅਨੋਖਾ ਕੰਮ ਕੀਤਾ ਹੈ। ਪੀ. ਜੀ. ਆਈ. ਨੇ ਹਾਰਟ ਦਾ ਮੈਚਿੰਗ ਰਿਸੀਪੀਐਂਟ ਨਾ ਮਿਲਣ ’ਤੇ ਚੇੱਨਈ ਵਿਚ ਸ਼ੇਅਰ ਕੀਤਾ। 2500 ਕਿ. ਮੀ. ਦਾ ਸਫ਼ਰ ਤੈਅ ਕਰਨ ਤੋਂ ਬਾਅਦ ਮਰੀਜ਼ ਤੱਕ ਆਰਗਨ ਪਹੁੰਚਾਇਆ, ਜਿਸ ਤੋਂ ਬਾਅਦ ਡਾਕਟਰਾਂ ਨੇ ਟਰਾਂਸਪਲਾਂਟ ਕੀਤਾ। ਇਸ ਤੋਂ ਪਹਿਲਾਂ ਪੀ. ਜੀ. ਆਈ. ਦਿੱਲੀ, ਮੁੰਬਈ ਅਤੇ ਹੋਰ ਸ਼ਹਿਰਾਂ ਨਾਲ ਆਰਗਨ ਸ਼ੇਅਰ ਕਰ ਚੁੱਕਿਆ ਹੈ। ਪੀ. ਜੀ. ਆਈ. ਵੱਲੋਂ ਗਰੀਨ ਕਾਰੀਡੋਰ ਬਣਾ ਕੇ ਇੰਟਰਨੈਸ਼ਨਲ ਏਅਰਪੋਰਟ ਮੋਹਾਲੀ ਤੱਕ 22 ਮਿੰਟ ਵਿਚ ਹਾਰਟ ਪਹੁੰਚਾਇਆ ਗਿਆ। ਇਸ ਤੋਂ ਬਾਅਦ ਵਿਸਤਾਰਾ ਏਅਰਲਾਈਨ ਦੀ ਦੁਪਹਿਰ 3. 25 ਵਜੇ ਉਡਾਣ ਭਰਨ ਤੋਂ ਬਾਅਦ ਰਾਤ 8.30 ਵਜੇ ਉਡਾਣ ਚੇੱਨਈ ਪਹੁੰਚੀ। ਐੱਮ. ਜੀ. ਐੱਮ. ਹਸਪਤਾਲ ਵਿਚ 52 ਸਾਲਾ ਪੁਰਸ਼ ਨੂੰ ਹਾਰਟ ਟਰਾਂਸਪਲਾਂਟ ਕੀਤਾ ਗਿਆ, ਜਦੋਂ ਕਿ ਲਿਵਰ, ਕਿਡਨੀ ਅਤੇ ਕਾਰਨੀਆ ਪੀ. ਜੀ. ਆਈ. ਵਿਚ ਹੀ ਟਰਾਂਸਪਲਾਂਟ ਹੋਇਆ। ਬਰੇਨ ਡੈੱਡ ਮਰੀਜ਼ ਦੀ ਬਦੌਲਤ 6 ਲੋਕਾਂ ਨੂੰ ਨਵਾਂ ਜੀਵਨ ਮਿਲਿਆ।
13 ਹਾਰਟ ਸ਼ੇਅਰ ਕਰ ਚੁੱਕਿਆ ਹੈ ਪੀ. ਜੀ. ਆਈ.
ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਪੀ. ਜੀ. ਆਈ. ਨੇ ਕਿਸੇ ਦੂਜੇ ਹਸਪਤਾਲ ਨਾਲ ਹਾਰਟ ਸ਼ੇਅਰ ਕੀਤਾ ਹੋਵੇ। ਇਸ ਤੋਂ ਪਹਿਲਾਂ ਪੀ. ਜੀ. ਆਈ. 12 ਹਾਰਟ ਦੂਜੇ ਹਸਪਤਾਲਾਂ ਨਾਲ ਸ਼ੇਅਰ ਕਰ ਚੁੱਕਿਆ ਹੈ। ਜਦੋਂ ਕਿ 6 ਹਾਰਟ ਪੀ. ਜੀ. ਆਈ. ਵਿਚ ਟਰਾਂਸਪਲਾਂਟ ਹੋ ਚੁੱਕੇ ਹਨ। ਇਸ ਸਾਲ ਹੁਣ ਤਕ 20 ਬਰੇਨ ਡੈੱਡ ਮਰੀਜ਼ਾਂ ਦੇ ਆਰਗਨ ਪੀ. ਜੀ. ਆਈ. ਟਰਾਂਸਪਲਾਂਟ ਕਰ ਚੁੱਕਿਆ ਹੈ।
ਟਰਾਂਸਪਲਾਂਟ ’ਚ ਸਮੇਂ ਦਾ ਅਹਿਮ ਰੋਲ
ਡਾਇਰੈਕਟਰ ਪੀ. ਜੀ. ਆਈ. ਡਾ. ਸੁਰਜੀਤ ਸਿੰਘ ਕਹਿੰਦੇ ਹਨ ਕਿ ਟਰਾਂਸਪਲਾਂਟ ਵਿਚ ਸਮੇਂ ਦਾ ਅਹਿਮ ਰੋਲ ਹੈ। ਆਰਗਨ ਜਿੰਨਾ ਵੱਡਾ, ਉਸ ਖ਼ਰਾਬ ਹੋਣ ਦੇ ਆਸਾਰ ਵੀ ਉਂਨੇ ਹੀ ਵਧ ਜਾਂਦੇ ਹਨ। ਮੈਚਿੰਗ ਰਿਸੀਪੀਐਂਟ 2500 ਕਿ. ਮੀ. ਦੂਰ ਸੀ। ਇਸਦੇ ਬਾਵਜੂਦ ਸਮੇਂ ਸਿਰ ਆਰਗਨ ਪਹੁੰਚਾਉਣਾ ਵੱਡਾ ਚੈਲੰਜ ਸੀ। ਇਸ ਪੂਰੀ ਪ੍ਰਕਿਰਿਆ ਵਿਚ ਕਈ ਲੋਕਾਂ ਦੀ ਮਿਹਨਤ ਸੀ। ਨਿਊਰੋਸਰਜਨਜ਼, ਨੈਫਰੋਲਾਜਿਸਟ, ਹੈਪੋਟੋਲਾਜਿਸਟ, ਟੈਸਟਿੰਗ ਲੈਬਸ, ਟਰਾਂਸਪਲਾਂਟ ਸਰਜਨਜ਼ ਅਤੇ ਕਾਰਡੀਨੇਟਰਜ਼, ਨਰਸਿੰਗ ਅਫਸਰਾਂ ਸਮੇਤ ਕਈ ਲੋਕ ਹਨ, ਜਿਨ੍ਹਾਂ ਕਾਰਨ ਮਰੀਜ਼ ਨੂੰ ਸਮੇਂ ਸਿਰ ਆਰਗਨ ਟਰਾਂਸਪਲਾਂਟ ਹੋ ਸਕਿਆ। ਉੱਥੇ ਹੀ, ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਇਸ ਸਬੰਧੀ ਸੋਚਿਆ ਵੀ ਨਹੀਂ ਜਾ ਸਕਦਾ।
45 ਸਾਲਾ ਵਿਅਕਤੀ ਸੜਕ ਹਾਦਸੇ ’ਚ ਹੋਇਆ ਸੀ ਜ਼ਖ਼ਮੀ
4 ਦਸੰਬਰ ਨੂੰ 45 ਸਾਲਾ ਵਿਅਕਤੀ ਇਕ ਸੜਕ ਹਾਦਸੇ ਵਿਚ ਜ਼ਖ਼ਮੀ ਹੋ ਗਿਆ ਸੀ। ਜ਼ਖ਼ਮੀ ਵਿਅਕਤੀ ਨੂੰ ਪੀ. ਜੀ. ਆਈ. ਵਿਚ ਲਿਜਾਇਆ ਗਿਆ। ਇਲਾਜ ਦੇ ਬਾਵਜੂਦ ਮਰੀਜ਼ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ। ਸਾਰੇ ਪ੍ਰੋਟੋਕਾਲ ਵੇਖਦੇ ਹੋਏ ਡਾਕਟਰਾਂ ਨੇ 7 ਤਾਰੀਖ਼ ਨੂੰ ਮਰੀਜ਼ ਨੂੰ ਬਰੇਨ ਡੈੱਡ ਐਲਾਨ ਦਿੱਤਾ। ਇਸ ਤੋਂ ਬਾਅਦ ਟਰਾਂਸਪਲਾਂਟ ਕਾਰਡੀਨੇਟਰਜ਼ ਨੇ ਪਰਿਵਾਰ ਨੂੰ ਆਰਗਨ ਡੋਨੇਸ਼ਨ ਸਬੰਧੀ ਦੱਸਿਆ। ਪਰਿਵਾਰ ਨੇ ਸਹਿਮਤੀ ਦਿੰਦਿਆਂ ਇਹ ਡੋਨੇਸ਼ਨ ਦਾ ਫੈਸਲਾ ਲਿਆ। ਪੀ. ਜੀ. ਆਈ. ਵਿਚ ਹਾਰਟ ਦਾ ਮੈਚਿੰਗ ਰਿਸੀਪੀਐਂਟ ਨਹੀਂ ਮਿਲ ਸਕਿਆ, ਜਿਸ ਤੋਂ ਬਾਅਦ ਪੀ. ਜੀ. ਆਈ. ਰੋਟੋ ਨੇ ਚੇੱਨਈ ਰੋਟੋ ਨਾਲ ਗੱਲ ਕਰ ਕੇ ਮੈਚਿੰਗ ਰਿਸੀਪੀਐਂਟ ਵੇਖਿਆ।