ਚੰਡੀਗੜ੍ਹ 'ਚ PGI ਸਮੇਤ ਇਨ੍ਹਾਂ 2 ਹਸਪਤਾਲਾਂ ਨੂੰ ਲੱਗਾ ਕਰੋੜਾਂ ਦਾ ਜੁਰਮਾਨਾ, ਜਾਣੋ ਪੂਰਾ ਮਾਮਲਾ
Saturday, Apr 22, 2023 - 01:28 PM (IST)
ਚੰਡੀਗੜ੍ਹ (ਰਾਜਿੰਦਰ) : ਯੂ. ਟੀ. ਪ੍ਰਸ਼ਾਸਨ ਨੇ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਪੀ. ਜੀ. ਆਈ., ਜੀ. ਐੱਮ. ਸੀ. ਐੱਚ.-32 ਅਤੇ ਜੀ. ਐੈੱਮ. ਐੱਸ. ਐੱਚ.-16 ’ਤੇ ਵਾਤਾਵਰਣ ਮੁਆਵਜ਼ਾ ਲਾਇਆ ਹੈ। ਵਾਤਾਵਰਣ ਮੁਆਵਜ਼ੇ ਦੇ ਰੂਪ 'ਚ ਪੀ. ਜੀ. ਆਈ. ’ਤੇ 5.63 ਕਰੋੜ, ਸੈਕਟਰ-32 ਹਸਪਤਾਲ ’ਤੇ 5.62 ਕਰੋੜ ਅਤੇ ਸੈਕਟਰ-16 ਹਸਪਤਾਲ ’ਤੇ ਵੀ 5.62 ਕਰੋੜ ਦਾ ਜੁਰਮਾਨਾ ਲਾਇਆ ਗਿਆ ਹੈ। ਇਹ ਜੁਰਮਾਨਾ ਨਿਯਮਾਂ ਦੀ ਉਲੰਘਣਾ ਕਾਰਨ ਹਸਪਤਾਲ ਤੋਂ ਨਿਕਲਣ ਵਾਲੇ ਲਿਕਵਿਡ ਹਾਸਪਿਟਲ ਵੇਸਟ ਅਤੇ ਸੀਵਰੇਜ ਵਾਟਰ ਨੂੰ ਐੱਸ. ਟੀ. ਪੀ. ਅਤੇ ਈ. ਟੀ. ਪੀ. ਰਾਹੀਂ ਟਰੀਟ ਕੀਤੇ ਬਿਨਾਂ ਛੱਡਣ ’ਤੇ ਲਾਇਆ ਗਿਆ ਹੈ। ਪਿਛਲੇ ਕਾਫ਼ੀ ਸਮੇਂ ਤੋਂ ਇਹ ਪ੍ਰਕਿਰਿਆ ਜਾਰੀ ਸੀ। ਇਸ ਸਬੰਧੀ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਮੈਂਬਰ ਸਕੱਤਰ ਅਰੁਲਰਾਜਨ ਪੀ. ਨੇ ਦੱਸਿਆ ਕਿ ਤਿੰਨਾਂ ਹਸਪਤਾਲਾਂ ਖ਼ਿਲਾਫ਼ ਹੀ ਵਿਭਾਗ ਵਲੋਂ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਨਿਰਦੇਸ਼ਾਂ ’ਤੇ ਹੀ ਪਾਣੀ (ਰੋਕਥਾਮ ਅਤੇ ਪ੍ਰਦੂਸ਼ਣ ਕੰਟ੍ਰੋਲ) ਐਕਟ-1974 ਤਹਿਤ ਕਾਰਵਾਈ ਕੀਤੀ ਗਈ ਹੈ। ਹੁਕਮਾਂ 'ਚ ਕਿਹਾ ਗਿਆ ਸੀ ਕਿ ਸਾਰਿਆਂ ਨੂੰ ਐਕਟ ਅਤੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ, ਨਹੀਂ ਤਾਂ ਜੁਰਮਾਨਾ ਲਾਇਆ ਜਾਵੇਗਾ। ਇਹ ਜੁਰਮਾਨਾ ਇਸ ਲਈ ਲਾਇਆ ਜਾ ਰਿਹਾ ਹੈ, ਤਾਂ ਕਿ ਅਜਿਹੀਆਂ ਗਤੀਵਿਧੀਆਂ ਘੱਟ ਕਰ ਕੇ ਵਾਤਾਵਰਣ ’ਤੇ ਹੋਣ ਵਾਲੇ ਬੁਰੇ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕੇ।
ਇਹ ਵੀ ਪੜ੍ਹੋ : 'ਈਦ-ਉੱਲ-ਫ਼ਿਤਰ' ਦੇ ਪਵਿੱਤਰ ਮੌਕੇ ਜਲੰਧਰ ਪੁੱਜੇ CM ਮਾਨ, ਮੁਸਲਿਮ ਭਾਈਚਾਰੇ ਨੂੰ ਦਿੱਤੀ ਵਧਾਈ (ਤਸਵੀਰਾਂ)
ਸੀ. ਪੀ. ਸੀ. ਸੀ. ਨੇ ਚੈੱਕ ਕੀਤੇ ਸਨ ਸ਼ਹਿਰ ਦੇ ਕਈ ਹਸਪਤਾਲ
ਦੱਸਣਯੋਗ ਹੈ ਕਿ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀ. ਪੀ. ਸੀ. ਸੀ.) ਨੇ ਸ਼ਹਿਰ ਦੇ ਕਈ ਹਸਪਤਾਲਾਂ ਨੂੰ ਚੈੱਕ ਕੀਤਾ ਸੀ। ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਸਨ ਕਿ ਨਿਯਮਾਂ ਤਹਿਤ ਹੀ ਵੇਸਟ ਵਾਟਰ ਛੱਡਣਾ ਚਾਹੀਦਾ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਦੇ ਨਿਰਦੇਸ਼ ’ਤੇ ਯੂ. ਟੀ. ਪ੍ਰਸ਼ਾਸਨ ਨੇ ਵਾਤਾਵਰਣ ਸੁਰੱਖਿਆ ਲਈ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀ. ਪੀ. ਸੀ. ਸੀ.) ਕੋਲ ਉਪਲੱਬਧ ਵਾਤਾਵਰਣ ਨੁਕਸਾਨ ਪੂਰਤੀ ਫੰਡ ਦੀ ਵਰਤੋਂ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਯੂ. ਟੀ. ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਦੀ ਪ੍ਰਧਾਨਗੀ 'ਚ ਬਣਾਈ ਗਈ ਕਮੇਟੀ ਦੇ ਹੋਰ ਮੈਂਬਰਾਂ 'ਚ ਗ੍ਰਹਿ ਸਕੱਤਰ ਨਿਤਿਨ ਕੁਮਾਰ ਯਾਦਵ ਅਤੇ ਸਕੱਤਰ ਵਿਗਿਆਨ ਅਤੇ ਤਕਨੀਕੀ ਦੇਬੇਂਦਰ ਦਲਾਈ, ਮੁੱਖ ਵਣ ਰੱਖਿਅਕ ਅਤੇ ਮੁੱਖ ਵਣਜੀਵ ਵਾਰਡਨ ਸ਼ਾਮਲ ਹਨ।
ਇਹ ਵੀ ਪੜ੍ਹੋ : ਖੰਨਾ : ਸ਼ਹੀਦ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਪੁੱਜੀ ਪਿੰਡ, ਗਮਗੀਨ ਹੋਇਆ ਮਾਹੌਲ (ਤਸਵੀਰਾਂ)
ਤਿੰਨੇ ਹਸਪਤਾਲਾਂ ’ਤੇ ਲਾਇਆ ਵਾਤਾਵਰਣ ਮੁਆਵਜ਼ਾ
ਪੀ. ਜੀ. ਆਈ. 'ਤੇ 19 ਫਰਵਰੀ, 2019 ਤੋਂ 31 ਮਾਰਚ, 2023 ਤੱਕ ਨਿਯਮਾਂ ਦੀ ਉਲੰਘਣਾ ਕਾਰਨ 5 ਕਰੋੜ 63 ਲੱਖ 25 ਹਜ਼ਾਰ ਦਾ ਵਾਤਾਵਰਣ ਮੁਆਵਜ਼ਾ ਲਾਇਆ ਗਿਆ।
ਗੌਰਮਿੰਟ ਮੈਡੀਕਲ ਕਾਲਜ ਐਂਡ ਹਸਪਤਾਲ, ਸੈਕਟਰ-32 ’ਤੇ 19 ਫਰਵਰੀ, 2019 ਤੋਂ 28 ਮਾਰਚ, 2023 ਤੱਕ ਉਲੰਘਣਾ ਕਾਰਨ 5 ਕਰੋੜ 62 ਲੱਖ 12 ਹਜ਼ਾਰ 500 ਰੁਪਏ ਦਾ ਵਾਤਾਵਰਣ ਮੁਆਵਜ਼ਾ ਲਾਇਆ ਗਿਆ।
ਗੌਰਮਿੰਟ ਮਲਟੀਸਪੈਸ਼ਲਿਟੀ ਹਸਪਤਾਲ, ਸੈਕਟਰ-16 ’ਤੇ 19 ਫਰਵਰੀ, 2019 ਤੋਂ 28 ਮਾਰਚ, 2023 ਤਕ ਨਿਯਮਾਂ ਦੀ ਉਲੰਘਣਾ ਕਾਰਨ 5 ਕਰੋੜ 62 ਲੱਖ 12 ਹਜ਼ਾਰ 500 ਰੁਪਏ ਦਾ ਵਾਤਾਵਰਣ ਮੁਆਵਜ਼ਾ ਲਾਇਆ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ