ਲਗਜ਼ਰੀ ਕਾਰ 'ਚ ਗ਼ਰੀਬਾਂ 'ਚ ਵੰਡੀ ਜਾਣ ਵਾਲੀ ਕਣਕ ਲੈਣ ਗਏ ਵਿਅਕਤੀ ਨੇ ਵੀਡੀਓ ਵਾਇਰਲ ਹੋਣ ’ਤੇ ਦੱਸਿਆ ਸੱਚ

Wednesday, Sep 28, 2022 - 06:42 PM (IST)

ਲਗਜ਼ਰੀ ਕਾਰ 'ਚ ਗ਼ਰੀਬਾਂ 'ਚ ਵੰਡੀ ਜਾਣ ਵਾਲੀ ਕਣਕ ਲੈਣ ਗਏ ਵਿਅਕਤੀ ਨੇ ਵੀਡੀਓ ਵਾਇਰਲ ਹੋਣ ’ਤੇ ਦੱਸਿਆ ਸੱਚ

ਤਰਨਤਾਰਨ- ਬੀਤੇ ਕੁਝ ਦਿਨ ਪਹਿਲਾਂ ਸਰਕਾਰੀ ਡਿਪੂ ਤੋਂ ਲਗਜ਼ਰੀ ਕਾਰ 'ਚ ਕਣਕ ਲੈਣ ਆਏ ਇਕ ਵਿਅਕਤੀ ਦੀ ਵੀਡੀਓ ਵਾਇਰਲ ਹੋਈ ਸੀ। ਵੀਡੀਓ ’ਚ ਵਿਖਾਈ ਦੇਣ ਵਾਲਾ ਵਿਅਕਤੀ ਕੋਈ ਹੋਰ ਨਹੀਂ ਸਗੋਂ ਤਰਨਤਾਰਨ ਜ਼ਿਲ੍ਹੇ ਦੇ ਖਡੂਰ ਸਾਹਿਬ ਦੇ ਪਿੰਡ ਧੂੰਦਾ ਦਾ ਆਮ ਆਦਮੀ ਪਾਰਟੀ ਪੰਚਾਇਤ ਮੈਂਬਰ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਇਹ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਸਰਕਾਰ ਵਲੋਂ ਗ਼ਰੀਬ ਲੋਕਾਂ ਨੂੰ ਦਿੱਤੀ ਜਾਣ ਵਾਲੀ ਕਣਕ ਦੀ ਵਰਤੋਂ ਅਮੀਰ ਲੋਕ ਵੀ ਕਰਦੇ ਹਨ। 

‘ਆਪ’ ਦੇ ਪੰਚਾਇਤ ਮੈਂਬਰ ਦੀ ਜਦੋਂ ਗੱਡੀ ’ਚ ਤੋੜੇ ਰੱਖਦੇ ਹੋਏ ਵੀ ਵੀਡੀਓ ਵਾਇਰਲ ਹੋਈ ਤਾਂ ਉਸ ਨੇ ਜਗਬਾਣੀ ਨੂੰ ਇਸ ਦਾ ਅਸਲ ਸੱਚ ਦੱਸਿਆ। ਉਸ ਨੇ ਕਿਹਾ ਕਿ ਇਹ ਵੀਡੀਓ ਕਿਸੇ ਸ਼ਰਾਰਤੀ ਅਨਸਰਾਂ ਵਲੋਂ ਬਣਾਈ ਗਈ ਹੈ। ਸਰਕਾਰ ਵਲੋਂ ਦਿੱਤੀ ਜਾ ਰਹੀ ਕਣਕ ਉਹ ਆਪਣੇ ਘਰ ਲਈ ਨਹੀਂ ਸੀ ਲੈ ਰਿਹਾ, ਸਗੋਂ ਇਹ ਕਣਕ ਉਨ੍ਹਾਂ ਦੇ ਘਰ ਕੰਮ ਕਰਨ ਵਾਲੀ ਇਕ ਜਨਾਨੀ ਦੀ ਸੀ। ਜਿਸ ਦਿਨ ਪਿੰਡ ’ਚ ਕਣਕ ਦੀ ਟਰਾਲੀ ਆਈ, ਉਸ ਦਿਨ ਉਸ ਦਾ ਘਰਵਾਲਾ ਘਰ ਨਹੀਂ ਸੀ। ਉਸ ਨੇ ਮੇਰੀ ਮਾਂ ਨੂੰ ਕਿਹਾ ਕਿ ਉਹ ਆਪਣੇ ਮੁੰਡੇ ਨੂੰ ਕਹਿਣ ਕਿ ਉਹ ਮੇਰੀ ਕਣਕ ਆਪਣੀ ਗੱਡੀ ’ਚ ਲੈ ਆਉਣ। ਮੈਂ ਆਪਣੀ ਮਾਂ ਦੇ ਕਹਿਣ ’ਤੇ ਕੰਮ ਕਰਨ ਵਾਲੀ ਜਨਾਨੀ ਦੀ ਕਣਕ ਲੈਣ ਗਿਆ ਸੀ।

ਉਸ ਨੇ ਦੱਸਿਆ ਕਿ ਜਦੋਂ ਮੈਂ ਸਰਕਾਰੀ ਕਣਕ ਲੈ ਲਿਆ ਸੀ, ਉਸ ਸਮੇਂ ਕਿਸੇ ਸ਼ਰਾਰਤੀ ਅਨਸਾਰ ਨੇ ਮੇਰੀ ਵੀਡੀਓ ਬਣਾ ਲਈ ਅਤੇ ਉਸ ਨੂੰ ਵਾਇਰਲ ਕਰ ਦਿੱਤਾ। ਇਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਪਰ ਅਸਲ ਸੱਚ ਕਿਸੇ ਨੇ ਨਹੀਂ ਪੁੱਛਿਆ। ਆਮ ਆਦਮੀ ਪਾਰਟੀ ਦੇ ਪੰਚਾਇਤ ਮੈਂਬਰ ਨੇ ਕਿਹਾ ਕਿ ਰੱਬ ਦਾ ਦਿੱਤਾ ਸਾਡੇ ਕੋਲ ਸਭ ਕੁਝ ਹੈ। ਉਹ ਹਰ ਸਾਲ ਲੋਕਾਂ ਲਈ ਮੁਫ਼ਤ ਲੰਗਰ ਲਗਾਉਂਦੇ ਹਨ।  


author

rajwinder kaur

Content Editor

Related News