ਕਹਿਰ ਓ ਰੱਬਾ: ਦੁਬਈ ਤੋਂ ਘੇਰ ਲਿਆਈ ਮੌਤ, ਏਅਰਪੋਰਟ ਤੋਂ ਘਰ ਜਾਂਦਿਆਂ ਹੀ ਵਾਪਰ ਗਿਆ ਸੜਕ ਹਾਦਸਾ
Wednesday, Jan 07, 2026 - 02:31 AM (IST)
ਲੋਹੀਆਂ (ਸੁਭਾਸ਼ ਸੱਦੀ) - ਸ਼ਾਹਕੋਟ ਦੇ ਨੌਜਵਾਨ ਨੂੰ ਮੌਤ ਦੁਬਈ ਤੋਂ ਘੇਰ ਕੇ ਉਦੋਂ ਲੈ ਆਈ, ਜਦੋਂ ਉਸ ਦੀ ਆਈ-20 ਕਾਰ ਦਾ ਐਕਸੀਡੈਂਟ ਹੋ ਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ਇੰਨੀ ਤੇਜ਼ ਰਫਤਾਰ ਨਾਲ ਚੱਲ ਰਹੀ ਸੀ ਕਿ ਪਹਿਲਾਂ ਉਹ ਇਕ ਸਵਿਫਟ ਕਾਰ ’ਚ ਵੱਜੀ, ਬਾਅਦ ’ਚ ਟਰੱਕ ’ਚ ਵੱਜਣ ਤੋਂ ਬਾਅਦ ਇਕ ਦਰੱਖਤ ਨਾਲ ਟਕਰਾ ਗਈ, ਜਿਸ ਨਾਲ ਕਾਰ ਦਾ ਇੰਜਣ ਬੁਰੀ ਤਰ੍ਹਾਂ ਅੰਦਰ ਵੜ ਗਿਆ ਤੇ ਨੌਜਾਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ’ਚ ਉਸ ਦੇ ਦੋਸਤਾਂ ’ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਉਸ ਨੂੰ ਇਲਾਜ ਲਈ ਜਲੰਧਰ ਭੇਜਿਆ ਗਿਆ ਹੈ ਤੇ ਤੀਸਰਾ ਦੋਸਤ ਬਿਲਕੁਲ ਸਹੀ ਸਲਾਮਤ ਹੈ।
ਜਾਣਕਾਰੀ ਮੁਤਾਬਕ ਦੀਪਕ ਸ਼ਰਮਾ ਪੁੱਤਰ ਜਗਜੀਤ ਰਾਏ ਵਾਸੀ ਕੋਟਲਾ ਸੂਰਜ ਮੱਲ ਸ਼ਾਹਕੋਟ, ਜਿਸ ਨੇ ਅੱਜ ਦੁਬਈ ਤੋਂ ਵਾਪਸ ਆਉਣਾ ਸੀ, ਨੇ ਆਪਣੇ ਜੀਜੇ ਨੂੰ ਫੋਨ ’ਤੇ ਭਾਰਤ ਆਉਣ ਬਾਰੇ ਦੱਸਦਿਆਂ ਕਿਹਾ ਕਿ ਉਹ ਉਸ ਨੂੰ ਅੰਮ੍ਰਿਤਸਰ ਏਅਰਪੋਰਟ ’ਤੇ ਨਾ ਲੈਣ ਆਉਣ ਕਿਉਂਕਿ ਬੱਸ ਫੜ ਕੇ ਘਰ ਪੁੱਜ ਜਾਵੇਗਾ ਲੇਕਿਨ ਉਸ ਨੇ ਆਪਣੇ ਦੋ ਦੋਸਤਾਂ ਵੰਸ਼ ਅਰੋੜਾ ਪੁੱਤਰ ਜਸਵਿੰਦਰ ਪਾਲ ਸ਼ਾਹਕੋਟ ਤੇ ਸਾਹਿਲ ਅਰੋੜਾ ਪੁੱਤਰ ਤਰਸੇਮ ਲਾਲ ਸ਼ਾਹਕੋਟ ਨੂੰ ਦੱਸਿਆ ਤੇ ਦੋਵੇਂ ਦੋਸਤ ਅੱਜ ਉਸ ਨੂੰ ਆਈ-20 ਕਾਰ ’ਚ ਅੰਮ੍ਰਿਤਸਰ ਏਅਰਪੋਰਟ ਤੋਂ ਲੈਣ ਪੁੱਜੇ।
ਜਦੋਂ ਉਹ ਤਿੰਨੇ ਕਾਰ ’ਚ ਸਵਾਰ ਹੋ ਕੇ ਸ਼ਾਹਕੋਟ ਵੱਲ ਨੂੰ ਚੱਲੇ ਤਾਂ ਮ੍ਰਿਤਕ ਦੀਪਕ ਸ਼ਰਮਾ (47), ਜੋ ਦੁਬਈ ’ਚ ਡਰਾਈਵਰ ਹੈ, ਨੇ ਕਾਰ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ, ਜਿਸ ’ਤੇ ਜਦੋਂ ਉਨ੍ਹਾਂ ਦੀ ਕਾਰ ਮਲਸੀਆਂ ਰੋਡ ’ਤੇ ਸਰਕਾਰੀ ਸੀ. ਸੈ. ਸਕੂਲ ਨਿਹਾਲੂਵਾਲ ਸਾਹਮਣੇ ਪੁੱਜੀ ਤਾਂ ਇਹ ਹਾਦਸਾ ਹੋ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦਰੱਖਤ ’ਚ ਵੱਜਣ ਤੋਂ ਬਾਅਦ ਪੂਰੀ ਤਰ੍ਹਾਂ ਨੁਕਸਾਨੀ ਗਈ ਤੇ ਕਾਰ ਦਾ ਅਗਲਾ ਹਿੱਸਾ ਬਿਲਕੁਲ ਅੰਦਰ ਵੜ ਕੇ ਅਲੱਗ ਹੋ ਗਿਆ।
ਲੋਕਾਂ ਨੇ ਪੁੱਜ ਕੇ ਗੰਭੀਰ ਜ਼ਖ਼ਮੀ ਹੋਏ ਤਿੰਨਾਂ ਨੌਜਵਾਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਦੀਪਕ ਸ਼ਰਮਾ ਦੀ ਮੌਕੇ ’ਤੇ ਮੌਤ ਹੋ ਚੁੱਕੀ ਸੀ ਤੇ ਵੰਸ਼ ਅਰੋੜਾ ਗੰਭੀਰ ਜ਼ਖ਼ਮੀ ਸੀ, ਜਿਸ ਨੂੰ ਬਾਅਦ ’ਚ ਇਲਾਜ ਲਈ ਜਲੰਧਰ ਭੇਜ ਦਿੱਤਾ ਗਿਆ। ਲੋਹੀਆਂ ਪੁਲਸ ਦੇ ਏ. ਐੱਸ. ਆਈ. ਹਰਵਿੰਦਰ ਸਿੰਘ ਨੇ ਦਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮ੍ਰਿਤਕ ਦੀ ਲਾਸ਼ ਨੂੰ ਨਕੋਦਰ ਮੋਰਚਰੀ ’ਚ ਰੱਖ ਦਿੱਤਾ ਗਿਆ ਹੈ ਤੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੀ ਦੇਹ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਮ੍ਰਿਤਕ ਨੌਜਵਾਨ ਦੀਪਕ ਸ਼ਰਮਾ ਵਿਆਹਿਆ ਹੋਇਆ ਸੀ ਤੇ ਉਸ ਦੇ ਦੋ ਬੱਚੇ ਵੀ ਸਨ। ਦੀਪਕ ਸ਼ਰਮਾ ਦੀ ਮੌਤ ਤੋਂ ਬਾਅਦ ਪਰਿਵਾਰ ’ਚ ਮਾਤਮ ਛਾਇਆ ਹੋਇਆ ਹੈ।
