ਵਿਅਕਤੀ ਨੇ ਟ੍ਰੇਨ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਤੋਂ ਹੋਇਆ ਵੱਡਾ ਖ਼ੁਲਾਸਾ

Wednesday, Sep 13, 2023 - 10:56 AM (IST)

ਲੁਧਿਆਣਾ (ਗੌਤਮ) : ਲੁਧਿਆਣਾ ਲਾਡੋਵਾਲ ਰੇਲਵੇ ਟਰੈਕ ’ਤੇ ਇਕ ਵਿਅਕਤੀ ਨੇ ਟਰੇਨ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪਤਾ ਲੱਗਦੇ ਹੀ ਥਾਣਾ ਜੀ. ਆਰ. ਪੀ. ਦੀ ਪੁਲਸ ਮੌਕੇ ’ਤੇ ਪੁੱਜ ਗਈ। ਮੌਕੇ ਤੇ ਮੁਆਇਨਾ ਕਰਨ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾ ਕੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤਾ। ਜਾਂਚ ਦੌਰਾਨ ਪੁਲਸ ਨੇ ਮੌਕੇ ਤੋਂ ਇਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ। ਮਰਨ ਵਾਲੇ ਵਿਅਕਤੀ ਦੀ ਪਛਾਣ ਪੁਲਸ ਨੇ ਆਸ਼ੂ ਅਰੋੜਾ ਦੇ ਰੂਪ ਵਿਚ ਕੀਤੀ ਹੈ। ਪੁਲਸ ਨੇ ਮਰਨ ਵਾਲੇ ਵਿਅਕਤੀ ਦੇ ਭਰਾ ਰਿਤੇਸ਼ ਅਰੋੜਾ ਦੇ ਬਿਆਨ ਅਤੇ ਮੌਕੇ ਤੋਂ ਮਿਲੇ ਸੁਸਾਈਡ ਨੋਟ ਦੇ ਆਧਾਰ ’ਤੇ ਉਸ ਦੀ ਪਤਨੀ ਮੋਨਿਕਾ ਅਰੋੜਾ, ਸਾਂਢੂ ਕਰਨ ਲਵਲੀ ਉਰਫ ਪ੍ਰਦੀਪ ਮਨਚੰਦਾ ਅਤੇ ਸੁਨੀਲ ਸਚਦੇਵਾ, ਸਾਲੀ ਮੰਜੂ ਮਨਚੰਦਾ ਅਤੇ ਸਹੁਰੇ ਜਗਦੀਸ਼ ਲਾਲ ਗਰੋਵਰ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ। ਪੁਲਸ ਅਨੁਸਾਰ ਆਸ਼ੂ ਨੇ ਅੰਗ੍ਰੇਜ਼ੀ ’ਚ ਸੁਸਾਈਡ ਨੋਟ ਲਿਖਿਆ ਹੈ, ਜਿਸ ’ਚ ਉਸ ਨੇ ਆਪਣੀ ਪਤਨੀ, ਸਾਂਢੂ ਅਤੇ ਹੋਰਾਂ ਨੂੰ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ।

ਰਿਤੇਸ਼ ਅਰੋੜਾ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਸ ਦੇ ਭਰਾ ਆਸ਼ੂ ਦਾ ਵਿਆਹ 20 ਸਾਲ ਪਹਿਲਾਂ ਮੋਨਿਕਾ ਅਰੋੜਾ ਨਾਲ ਹੋਇਆ ਸੀ, ਜਿਨ੍ਹਾਂ ਦੇ 18 ਸਾਲ ਦੀ ਬੇਟੀ ਹੈ। ਉਸ ਦੇ ਭਰਾ ਦੀ ਹੈਬੋਵਾਲ ਵਿਚ ਅਰੋੜਾ ਆਪਟੀਕਲ ਨਾਂ ਦੀ ਦੁਕਾਨ ਹੈ ਅਤੇ ਉਸ ਦੀ ਭਾਬੀ ਨਿੱਜੀ ਸਕੂਲ ਵਿਚ ਟੀਚਰ ਹੈ। ਕਾਫੀ ਸਮੇਂ ਤੋਂ ਦੋਵਾਂ ਦਾ ਆਪਸ ਵਿਚ ਵਿਵਾਦ ਰਹਿੰਦਾ ਸੀ ਅਤੇ ਲਗਭਗ 2 ਮਹੀਨੇ ਪਹਿਲਾਂ ਉਸ ਦੀ ਭਾਬੀ ਆਪਣੀ ਬੇਟੀ ਨੂੰ ਨਾਲ ਲੈ ਕੇ ਆਪਣੇ ਮਾਪੇ ਘਰ ਚਲੀ ਗਈ ਅਤੇ ਉਸ ਦੇ ਖਿਲਾਫ ਵੂਮੈਨ ਸੈੱਲ ਵਿਚ ਸ਼ਿਕਾਇਤ ਕਰ ਦਿੱਤੀ।

ਇਸ ਦੌਰਾਨ ਉਸ ਦੇ ਸਹੁਰੇ ਅਤੇ ਹੋਰ ਲੋਕਾਂ ਨੇ ਘਰ ਆ ਕੇ ਉਸ ਨੂੰ ਕਾਫੀ ਬੁਰਾ ਭਲਾ ਕਿਹਾ ਅਤੇ ਉਸ ਨੂੰ ਲੋਕਾਂ ਸਾਹਮਣੇ ਬੇਇੱਜ਼ਤ ਕੀਤਾ। ਇਸ ਗੱਲ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਰਹਿਣ ਲੱਗਾ ਅਤੇ ਕਈ ਵਾਰ ਖੁਦਕੁਸ਼ੀ ਦੀ ਗੱਲ ਕਹਿੰਦਾ ਸੀ। 8 ਤਾਰੀਖ਼ ਦੀ ਰਾਤ ਨੂੰ ਉਹ ਘਰੋਂ ਚਲਾ ਗਿਆ ਪਰ ਵਾਪਸ ਨਹੀਂ ਆਇਆ। ਅਗਲੇ ਦਿਨ ਜੀ. ਆਰ. ਪੀ. ਦੇ ਮੁਲਾਜ਼ਮਾਂ ਨੇ ਦੱਸਿਆ ਕਿ ਆਸ਼ੂ ਨੇ ਖੁਦਕੁਸ਼ੀ ਕੀਤੀ ਹੈ ਅਤੇ ਮੌਕੇ ਤੋਂ ਸੁਸਾਈਡ ਨੋਟ ਬਾਰੇ ਦੱਸਿਆ।


Gurminder Singh

Content Editor

Related News