ਪਰਚਾ ਦਰਜ ਹੋਣ ''ਤੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

Monday, Nov 16, 2020 - 05:49 PM (IST)

ਅਮਰਗੜ੍ਹ (ਜੋਸ਼ੀ) : ਪਿੰਡ ਭੱਟੀਆਂ ਖੁਰਦ ਦੇ ਵਸਨੀਕ ਭਗਵੰਤ ਸਿੰਘ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਦੇ ਮੈਂਬਰਾਂ ਨੇ ਐੱਸ. ਐੱਸ. ਪੀ. ਸੰਗਰੂਰ ਨੂੰ ਭਗਵੰਤ ਸਿੰਘ ਨੂੰ ਮੌਤ ਲਈ ਮਜ਼ਬੂਰ ਕਰਨ ਲਈ ਇਕ ਗੰਭੀਰ ਕਿਸਮ ਦੇ ਮਾਮਲੇ ਦੀ ਨਿਰਪੱਖ ਜਾਂਚ ਲਈ ਦਰਖਾਸਤ ਦੇਣ ਉਪਰੰਤ ਆਪਣੇ ਘਰ ਭੱਟੀਆਂ ਖੁਰਦ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਕੀਤੀ। ਮ੍ਰਿਤਕ ਭਗਵੰਤ ਸਿੰਘ ਦੀ ਪਤਨੀ ਕੁਲਵਿੰਦਰ ਕੌਰ, ਭੈਣ ਹਰਿੰਦਰ ਕੌਰ ਅਤੇ ਭਰਾ ਜਸਵੰਤ ਸਿੰਘ ਨੇ ਦੱਸਿਆ ਕਿ ਸਾਡੇ ਪਰਿਵਾਰ ਦਾ 6 ਵਿਸਵੇ ਦਾ ਇਕ ਨੰਬਰੀ ਪਲਾਟ ਭੱਟੀਆਂ ਖੁਰਦ ਪਿੰਡ ਦੇ ਬੱਸ ਅੱਡੇ 'ਤੇ ਸਰਕਾਰੀ ਸਕੂਲ ਕੋਲ ਸੀ।

ਪਲਾਟ 'ਤੇ ਪਿੰਡ ਦੇ ਇਕ ਭਾਈਚਾਰੇ ਦੇ ਕੁਝ ਵਿਅਕਤੀਆਂ ਦੀ ਨਜ਼ਰ ਸੀ, ਜਿਹੜੇ ਇਸ 'ਤੇ ਜਬਰੀ ਕਬਜ਼ਾ ਕਰਨਾ ਚਾਹੁੰਦੇ ਸਨ। ਉਨ੍ਹਾਂ ਦੱਸਿਆ ਕਿ 1.10.2020 ਨੂੰ ਭਗਵੰਤ ਸਿੰਘ ਜਦੋਂ ਇਸ ਪਲਾਟ ਨੂੰ ਵੇਖਣ ਗਿਆ ਤਾਂ ਉੱਥੇ ਕਬਜ਼ਾ ਕਰਨ ਦੀ ਨੀਅਤ ਨਾਲ ਪਹਿਲਾਂ ਹੀ ਇਕੱਠੇ ਹੋਏ ਕੁਝ ਵਿਅਕਤੀਆਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਜਿਸ ਕਰ ਕੇ ਉਸ ਦੇ ਸਰੀਰ 'ਤੇ ਅੰਦਰੂਨੀ ਸੱਟਾਂ ਲੱਗੀਆਂ। ਇਸ ਘਟਨਾ ਤੋਂ ਬਾਅਦ ਜ਼ਖਮੀ ਹੋਏ ਭਗਵੰਤ ਸਿੰਘ ਨੂੰ ਪਰਿਵਾਰ ਵਲੋਂ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਐੱਮ. ਐੱਲ. ਆਰ. ਵੀ ਕੱਟੀ ਗਈ। ਉਪਰੰਤ ਵੀ ਅਮਰਗੜ੍ਹ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ। ਐੱਸ. ਸੀ. ਕਮਿਸ਼ਨ ਇਸ ਪੂਰੇ ਮਾਮਲੇ ਦੀ ਪੜਤਾਲ ਲਈ ਪਿੰਡ ਭੱਟੀਆਂ ਖੁਰਦ ਆਇਆ। ਭਗਵੰਤ ਸਿੰਘ ਨੇ ਦਲੀਲ ਵੀ ਦਿੱਤੀ ਕਿ ਇਹ ਮੇਰਾ ਨੰਬਰੀ ਪਲਾਟ ਹੈ। ਮਾਲ ਮਹਿਕਮੇ ਦੇ ਰਿਕਾਰਡ ਮੁਤਾਬਕ ਜੇਕਰ ਇਹ ਕਿਸੇ ਹੋਰ ਦੀ ਜਾਇਦਾਦ ਹੈ ਤਾਂ ਇਸ ਦਾ ਕਬਜ਼ਾ ਤੁਰੰਤ ਸਬੰਧਤ ਵਿਅਕਤੀ ਨੂੰ ਦਿੱਤਾ ਜਾਵੇ ਪਰ ਕਮਿਸ਼ਨ ਨੇ ਉਨ੍ਹਾਂ ਦੀ ਇਕ ਵੀ ਨਾ ਸੁਣੀ। ਉਲਟਾ ਉਨ੍ਹਾਂ ਦੋਵਾਂ ਭਰਾਵਾਂ ਭਗਵੰਤ ਸਿੰਘ ਅਤੇ ਜਸਵੰਤ ਸਿੰਘ 'ਤੇ ਐੱਸ. ਸੀ. ਐਕਟ ਅਧੀਨ ਪਰਚਾ ਦਰਜ ਕਰਨ ਦੀ ਸਿਫਾਰਸ਼ ਕਰ ਦਿੱਤੀ।

11.11.2020 ਨੂੰ ਥਾਣਾ ਅਮਰਗੜ੍ਹ ਵਿਖੇ ਦੋਵਾਂ ਭਰਾਵਾਂ 'ਤੇ ਐੱਸ. ਸੀ. ਐਕਟ ਅਧੀਨ ਪਰਚਾ ਦਰਜ ਕੀਤਾ ਗਿਆ ਅਤੇ ਫੋਨ 'ਤੇ ਸੁਨੇਹਾ ਮਿਲਿਆ ਕਿ ਥਾਣਾ ਅਮਰਗੜ੍ਹ ਪਹੁੰਚਣ। ਪੀੜਤ ਪਰਿਵਾਰ ਨੇ ਦੱਸਿਆ ਕਿ ਭਗਵੰਤ ਸਿੰਘ ਉਸ ਰਾਤ ਨੂੰ ਬਹੁਤ ਬੇਚੈਨੀ ਮਹਿਸੂਸ ਕਰਦਾ ਰਿਹਾ। ਸਵੇਰ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਕੱਪੜਿਆਂ 'ਚੋਂ ਇਕ ਸੁਸਾਈਡ ਨੋਟ ਨਿਕਲਿਆ ਜਿਸ 'ਚ ਉਸ ਨੇ ਆਪਣੀ ਮੌਤ ਲਈ ਕੁਝ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਨ੍ਹਾਂ 'ਚ ਭੱਟੀਆਂ ਖੁਰਦ ਦੇ ਵਸਨੀਕ ਗੁਰਮੀਤ ਸਿੰਘ ਪੁੱਤਰ ਕਿਸ਼ਨ ਸਿੰਘ, ਕੁਲਵੰਤ ਸਿੰਘ ਪੁੱਤਰ ਗੁਰਮੀਤ ਸਿੰਘ, ਕਾਲਾ ਸਿੰਘ ਪੁੱਤਰ ਗੁਰਮੀਤ ਸਿੰਘ, ਗੁਰਦੇਵ ਕੌਰ ਪਤਨੀ ਗੁਰਮੀਤ ਸਿੰਘ, ਕਿਰਨ ਕੌਰ ਪਤਨੀ ਕਾਲਾ ਸਿੰਘ ਅਤੇ ਮਹਿੰਦਰ ਸਿੰਘ ਪੁੱਤਰ ਕਿਸ਼ਨ ਸਿੰਘ ਆਦਿਕ ਸ਼ਾਮਿਲ ਹਨ।

ਪੀੜ੍ਹਤ ਪਰਿਵਾਰ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਮੌਤ ਲਈ ਮਜ਼ਬੂਰ ਕਰਨ ਦੇ ਇਸ ਮਾਮਲੇ 'ਚ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਸਬੰਧੀ ਐੱਸ. ਐੱਚ. ਓ. ਅਮਰਗੜ੍ਹ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਸਾਡੇ ਕੋਲ ਦਰਖਾਸਤ ਪਹੁੰਚੀ ਨਹੀਂ। ਜਦੋਂ ਦਰਖਾਸਤ ਪਹੁੰਚੇਗੀ, ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।


Gurminder Singh

Content Editor

Related News