ਫਾਹਾ ਲੈ ਕੇ ਇਕ ਵਿਅਕਤੀ ਨੇ ਆਤਮ ਹੱਤਿਆ ਕੀਤੀ, ਪਤਨੀ ਸਮੇਤ ਸਹੁਰੇ ਪਰਿਵਾਰ ਦੇ 6 ਲੋਕ ਨਾਮਜ਼ਦ
Friday, Mar 08, 2024 - 04:02 PM (IST)
ਜਲਾਲਾਬਾਦ (ਬਜਾਜ) : ਥਾਣਾ ਸਦਰ ਜਲਾਲਾਬਾਦ ਦੀ ਪੁਲਸ ਵੱਲੋਂ ਇਕ ਵਿਅਕਤੀ ਦੇ ਫਾਹਾ ਲੈ ਕੇ ਆਤਮ ਹੱਤਿਆ ਕਰਨ ਦੇ ਸਬੰਧ ਵਿਚ ਪਤਨੀ ਸਮੇਤ ਸਹੁਰੇ ਪਰਿਵਾਰ ਦੇ 6 ਲੋਕਾਂ ’ਤੇ ਪਰਚਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਦੱਈ ਕੈਲਾਸ਼ ਰਾਣੀ ਪਤਨੀ ਸੁਰਜੀਤ ਸਿੰਘ ਵਾਸੀ ਮੋਹਕਮ ਅਰਾਈਆ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸਦਾ ਲੜਕਾ ਚਰਨਜੀਤ ਸਿੰਘ 12ਵੀਂ ਪਾਸ ਹੈ ਅਤੇ ਉਸਦਾ ਪਿੰਡ ਟਾਹਲੀਵਾਲਾ ਦੀ ਲੜਕੀ ਕੁਲਵਿੰਦਰ ਕੌਰ ਜੋਕਿ ਵਿਆਹੁਤਾ ਸੀ, ਜਿਸਦਾ ਇਕ ਬੱਚਾ ਵੀ ਹੈ ਅਤੇ ਤਲਾਕਸ਼ੁਦਾ ਹੈ, ਨਾਲ ਸਬੰਧ ਸੀ। ਉਸਦਾ ਲੜਕਾ ਚਰਨਜੀਤ ਸਿੰਘ ਅਤੇ ਕੁਲਵਿੰਦਰ ਕੌਰ ਆਪਸ ਵਿਚ ਗੱਲਬਾਤ ਕਰਦੇ ਸੀ। ਕਰੀਬ 2 ਸਾਲ ਤੋਂ ਲਿਵਿੰਗ ਰਿਲੇਸ਼ਨ ਵਿਚ ਰਹਿੰਦੇ ਸੀ ਅਤੇ ਮਿਤੀ 18-02-2024 ਨੂੰ ਉਸਦੇ ਲੜਕੇ ਚਰਨਜੀਤ ਸਿੰਘ ਨੂੰ ਕੁਲਵਿੰਦਰ ਕੌਰ ਆਪਣੇ ਪੇਕਿਆਂ ਤੇ ਗਈ। ਉਸਦਾ ਲੜਕਾ ਆਪਣੇ ਘਰ ਵਾਪਸ ਆ ਗਿਆ ਸੀ ਜਦਕਿ ਕੁਲਵਿੰਦਰ ਕੌਰ ਆਪਣੇ ਪੇਕਿਆਂ ਦੇ ਰਹਿ ਗਈ।
ਉਸ ਦਿਨ ਚਰਨਜੀਤ ਸਿੰਘ ਤੇ ਸਹੁਰੇ ਨੇ ਕੁਲਵਿੰਦਰ ਕੌਰ ਦੀ ਘਰ ਵਾਪਸੀ ਨੂੰ ਲੈ ਕੇ ਝਗੜਾ ਵੀ ਕੀਤਾ ਸੀ ਅਤੇ ਮਿਤੀ 6 ਮਾਰਚ 2024 ਨੂੰ ਉਸਦਾ ਲੜਕਾ ਚਰਨਜੀਤ ਸਿੰਘ ਆਪਣੀ ਘਰਵਾਲੀ ਕੁਲਵਿੰਦਰ ਕੌਰ ਨੂੰ ਲੈਣ ਲਈ ਪਿੰਡ ਟਾਹਲੀਵਾਲਾ ਗਿਆ, ਜਿੱਥੇ ਲੜਕੀ ਕੁਲਵਿੰਦਰ ਕੌਰ ਨੂੰ ਨਾ ਭੇਜਣ ਨੂੰ ਲੈ ਕੇ ਮੰਗਲ ਸਿੰਘ ਵਗੈਰਾ ਨੇ ਉਸਦੇ ਲੜਕੇ ਚਰਨਜੀਤ ਸਿੰਘ ਨਾਲ ਲੜਾਈ ਝਗੜਾ ਕਰਕੇ ਕਿਹਾ ਕਿ ਅਸੀਂ ਲੜਕੀ ਨਹੀਂ ਭੇਜਣੀ ਤੂੰ ਜਿੱਥੇ ਮਰਜ਼ੀ ਜਾ ਕੇ ਫਾਹਾ ਲੈ ਕੇ ਮਰ ਜਾ। ਇਸ ’ਤੇ ਮੇਰੇ ਲੜਕੇ ਚਰਨਜੀਤ ਸਿੰਘ ਨੇ ਘਰ ਆ ਕੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਥਾਣਾ ਸਦਰ ਜਲਾਲਾਬਾਦ ਦੀ ਪੁਲਸ ਵੱਲੋਂ ਮੁਦੱਈ ਕੈਲਾਸ਼ ਰਾਣੀ ਪਤਨੀ ਸੁਰਜੀਤ ਸਿੰਘ ਵਾਸੀ ਮੋਹਕਮ ਅਰਾਈਆ ਦੇ ਬਿਆਨਾਂ ਦੇ ਅਧਾਰ ’ਤੇ ਕੁਲਵਿੰਦਰ ਕੌਰ ਪੁਤਰੀ ਮੰਗਲ ਸਿੰਘ, ਮੰਗਲ ਸਿੰਘ, ਰਮਨ ਪੁੱਤਰ ਮੰਗਲ ਸਿੰਘ, ਕੈਲਾਸ਼ ਕੌਰ ਪਤਨੀ ਮੰਗਲ ਸਿੰਘ, ਜੋਤੀ ਪੁੱਤਰ ਮੰਗਲ ਸਿੰਘ ਅਤੇ ਕਾਜਲ ਪੁੱਤਰੀ ਮੰਗਲ ਸਿੰਘ ਵਾਸੀਆਨ ਟਾਹਲੀਵਾਲਾ ਦੇ ਖ਼ਿਲਾਫ ਧਾਰਾ 306 ਆਈਪੀਸੀ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।