ਲੁਧਿਆਣਾ ਤੋਂ ਬਰਨਾਲਾ ਪੈਸੇ ਲੈਣ ਆਇਆ ਵਿਅਕਤੀ ਸ਼ੱਕੀ ਹਾਲਾਤ ''ਚ ਲਾਪਤਾ
Wednesday, Dec 06, 2017 - 12:01 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) - ਲੁਧਿਆਣਾ ਤੋਂ ਬਰਨਾਲਾ ਦੇ ਹੰਡਿਆਇਆ ਬਾਜ਼ਾਰ ਵਿਚ ਆੜ੍ਹਤੀ ਕੋਲੋਂ 5 ਲੱਖ ਰੁਪਏ ਲੈਣ ਆਇਆ ਵਿਅਕਤੀ ਸ਼ੱਕੀ ਹਾਲਾਤ ਵਿਚ ਸੋਮਵਾਰ ਤੋਂ ਲਾਪਤਾ ਹੈ, ਜਿਸ ਦੀ ਭਾਲ ਲਈ ਥਾਣਾ ਸਿਟੀ ਦੀ ਪੁਲਸ ਵੱਲੋਂ ਸ਼ਹਿਰ ਦੇ ਸਾਰੇ ਬਾਜ਼ਾਰਾਂ ਦੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ।
ਥਾਣਾ ਸਿਟੀ ਦੇ ਜਾਂਚ ਅਧਿਕਾਰੀ ਸੇਵਾ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ ਪੁੱਤਰ ਮੱਲ ਸਿੰਘ ਵਾਸੀ ਪਿੰਡ ਬੈਂਸ ਜ਼ਿਲਾ ਲੁਧਿਆਣਾ ਸੋਮਵਾਰ ਨੂੰ ਹੰਡਿਆਇਆ ਬਾਜ਼ਾਰ ਵਿਚ ਪੰਮੀ ਲਾਲ ਆੜ੍ਹਤੀ ਤੋਂ ਆਪਣੇ 5 ਲੱਖ ਰੁਪਏ ਲੈਣ ਆਇਆ ਸੀ। ਆੜ੍ਹਤੀ ਵੱਲੋਂ ਰੁਪਏ ਨਾ ਦੇਣ ਤੋਂ ਬਾਅਦ ਉਹ ਘਰ ਵੱਲ ਚੱਲ ਪਿਆ ਪਰ ਘਰ ਨਹੀਂ ਪੁੱਜਾ, ਜਿਸ 'ਤੇ ਪਰਿਵਾਰਕ ਮੈਂਬਰ ਉਸ ਨੂੰ ਬਰਨਾਲਾ ਲੱਭਣ ਆਏ।
ਥਾਣਾ ਸਿਟੀ ਦੀ ਮਦਦ ਨਾਲ ਪਰਿਵਾਰ ਵਾਲਿਆਂ ਨੇ ਮੰਗਲਵਾਰ ਨੂੰ ਹੰਡਿਆਇਆ ਬਾਜ਼ਾਰ, ਸਦਰ ਬਾਜ਼ਾਰ, ਬੱਸ ਸਟੈਂਡ ਰੋਡ ਅਤੇ ਬੱਸ ਸਟੈਂਡ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਚੈੱਕ ਕੀਤਾ। ਸੀ. ਸੀ. ਟੀ. ਵੀ. ਦੀ ਮਦਦ ਨਾਲ ਪਤਾ ਲੱਗਾ ਕਿ ਜਸਵੀਰ ਸਿੰਘ ਸ਼ਾਮ 5 ਵਜੇ ਦੇ ਕਰੀਬ ਥਾਣਾ ਸਿਟੀ ਕੋਲੋਂ ਲੰਘਿਆ ਸੀ ਪਰ ਵਾਲਮੀਕਿ ਚੌਕ ਤੋਂ ਬੱਸ ਸਟੈਂਡ ਰੋਡ ਤੋਂ ਬਾਅਦ ਦੀ ਲੋਕੇਸ਼ਨ ਪਤਾ ਨਹੀਂ ਲੱਗ ਸਕੀ। ਜਾਂਚ ਕਰਮਚਾਰੀ ਸੇਵਾ ਸਿੰਘ ਨੇ ਕਿਹਾ ਕਿ ਉਹ ਕੇਸ ਦੀ ਜਾਂਚ ਕਰ ਰਹੇ ਹਨ ਅਤੇ ਸ਼ਹਿਰ ਦੇ ਸਾਰੇ ਰਸਤਿਆਂ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ।
