ਮੁੱਖ ਮੰਤਰੀ ਵਲੋਂ ਸਨਅਤੀ ਗਤੀਵਿਧੀਆਂ ਲਈ ਹੋਰ ਇਲਾਕੇ ਖੋਲ੍ਹਣ ਦੀ ਇਜਾਜ਼ਤ

Tuesday, Aug 03, 2021 - 01:37 PM (IST)

ਮੁੱਖ ਮੰਤਰੀ ਵਲੋਂ ਸਨਅਤੀ ਗਤੀਵਿਧੀਆਂ ਲਈ ਹੋਰ ਇਲਾਕੇ ਖੋਲ੍ਹਣ ਦੀ ਇਜਾਜ਼ਤ

ਚੰਡੀਗੜ੍ਹ/ਜਲੰਧਰ (ਅਸ਼ਵਨੀ, ਧਵਨ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਉਦਯੋਗਿਕ ਗਤੀਵਿਧੀਆਂ ਨੂੰ ਹੋਰ ਹੁਲਾਰਾ ਦੇਣ ਦੀ ਕੋਸ਼ਿਸ਼ ਵਜੋਂ ਸਨਅਤ ਦੀਆਂ ਵੱਖ-ਵੱਖ ਸ਼੍ਰੇਣੀਆਂ ਲਈ ਚੇਂਜ ਆਫ ਲੈਂਡ ਯੂਜ਼ (ਸੀ. ਐੱਲ. ਯੂ.) ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮਾਸਟਰ ਪਲਾਨ ਦੇ ਖੇਤੀ ਜ਼ੋਨ ਵਿਚ ਉਦਯੋਗਿਕ ਗਤੀਵਿਧੀਆਂ ਦੀ ਇਜਾਜ਼ਤ ਦੇਣ ਦੀ ਨੀਤੀ ਤਹਿਤ ਸੀ. ਐੱਲ. ਯੂ., ਲਾਲ ਲਕੀਰ ਜਾਂ ਘੱਟੋ-ਘੱਟ 6 ਕਰਮ (30-33 ਫੁੱਟ) ਪਹੁੰਚ ਮਾਰਗ ਦੀ ਨੇੜਲੀ ਆਬਾਦੀ (ਘੱਟੋ-ਘੱਟ 50 ਪੱਕੇ ਮਕਾਨ) ਲਈ ਕ੍ਰਮਵਾਰ 100 ਮੀਟਰ ਅਤੇ 250 ਮੀਟਰ ਦੂਰੀ ’ਤੇ ਗ੍ਰੀਨ ਅਤੇ ਆਰੇਂਜ ਇੰਡਸਟਰੀ ਲਈ ਲਾਗੂ ਹੋਣ ਯੋਗ ਹੋਵੇਗਾ। ਮੁੱਖ ਮੰਤਰੀ ਨੇ ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਨੂੰ ਰੈੱਡ ਕੈਟਾਗਰੀ ਵਾਲੇ ਉਦਯੋਗ ਦੀ ਨਜ਼ਰਸਾਨੀ ਕਰਨ ਲਈ ਆਖਿਆ ਅਤੇ ਸਾਰੇ ਮਾਸਟਰ ਪਲਾਨ ਵਿਚ ਅਜਿਹੇ ਉਦਯੋਗਾਂ ਲਈ ਵੱਖ ਜ਼ੋਨਾਂ ਦੀ ਵਿਵਸਥਾ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਨੇ ਮੋਹਾਲੀ ਵਿਚ ਮੈਡੀਕਲ ਆਕਸੀਜਨ ਮੈਨੂਫੈਕਚਰਿੰਗ ਪਲਾਂਟ ਦੇ ਵਿਸਥਾਰ ਲਈ ਵਿਸ਼ੇਸ਼ ਇਜਾਜ਼ਤ ਦਿੱਤੀ। ਉਨ੍ਹਾਂ ਨੇ ਟਾਊਨ ਐਂਡ ਕੰਟਰੀ ਪਲਾਨਿੰਗ ਅਜਿਹੇ ਸਾਰੇ ਪਲਾਂਟਾਂ ਨੂੰ ਖੁੱਲ੍ਹਾ ਸਹਿਯੋਗ ਦੇਣ ਲਈ ਆਖਿਆ ਤਾਂ ਕਿ ਮੈਡੀਕਲ ਆਕਸੀਜਨ ਦੇ ਉਤਪਾਦਨ ਨੂੰ ਹੁਲਾਰਾ ਦਿੱਤਾ ਜਾ ਸਕੇ।

ਇਹ ਵੀ ਪੜ੍ਹੋ : ਓਲੰਪਿਕ ’ਚ ਹਾਕੀ ਟੀਮ ਨੂੰ ਸੈਮੀਫਾਈਨਲ ’ਚ ਪਹੁੰਚਾਉਣ ਵਾਲੀ ਗੁਰਜੀਤ ਕੌਰ ਦੇ ਘਰ ’ਚ ਖੁਸ਼ੀ ਦਾ ਮਾਹੌਲ

ਵੀਡੀਓ ਕਾਨਫਰੰਸਿੰਗ ਰਾਹੀਂ ਪੰਜਾਬ ਰੀਜਨਲ ਐਂਡ ਟਾਊਨ ਪਲਾਨਿੰਗ ਡਿਵੈਲਪਮੈਂਟ ਬੋਰਡ ਦੀ 42ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ, ਜੋ ਇਸ ਦੇ ਚੇਅਰਮੈਨ ਵੀ ਹਨ, ਨੇ ਕਿਹਾ ਕਿ ਸਾਰੇ ਰੈੱਡ, ਗ੍ਰੀਨ ਅਤੇ ਆਰੇਂਜ ਇੰਡਸਟਰੀਅਲ ਯੂਨਿਟਾਂ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਜ਼ੀਰੋ ਡਿਸਚਾਰਜ ਜਾਂ ਸੋਧੇ ਹੋਏ ਪਾਣੀ ਦੀ ਵਰਤੋਂ ਲਈ ਸੰਭਾਵਿਤ ਵਰਤੋਂਕਾਰਾਂ ਦੀ ਸਹਿਮਤੀ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਦੀ ਨਿਗਮ ਹੱਦ ਤੋਂ ਚਾਰ ਕਿਲੋਮੀਟਰ ਦੀ ਦੂਰੀ, ਨਿਗਮ ਵਾਲੇ ਸ਼ਹਿਰਾਂ ਅਤੇ ਕਲਾਸ-ਏ ਸ਼ਹਿਰਾਂ ਤੋਂ ਤਿੰਨ ਕਿਲੋਮੀਟਰ ਅਤੇ ਬਾਕੀ ਸ਼ਹਿਰਾਂ ਤੋਂ 2 ਕਿਲੋਮੀਟਰ ਦੂਰੀ ’ਤੇ ਹਾਈਵੇਅ ਨਾਲ ਮਿਕਸਡ ਲੈਂਡ ਯੂਜ਼ ਜ਼ੋਨਾਂ ਵਿਚ ਉਦਯੋਗਾਂ ਦੀ ਸਥਾਪਨਾ ਨੂੰ ਇਜਾਜ਼ਤ ਦੇ ਦਿੱਤੀ ਹੈ। ਮੁੱਖ ਮੰਤਰੀ ਨੇ ਐੱਸ.ਏ.ਐੱਸ. ਨਗਰ (ਮੋਹਾਲੀ) ਵਿਚ ਪ੍ਰਾਈਵੇਟ ਡਿਵੈਲਪਰਾਂ ਦੇ ਨਾਲ-ਨਾਲ ਗਮਾਡਾ ਵਲੋਂ ਵਿਕਸਤ ਕੀਤੇ ਜਾਣ ਵਾਲੇ ਸੈਕਟਰ 101 ਅਤੇ 103 ਵਿਚ ਉਦਯੋਗਿਕ ਪਾਰਕ ਸਥਾਪਿਤ ਕਰਨ ਲਈ ਬੋਰਡ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਹੁਣ ਨਿਊ ਚੰਡੀਗੜ੍ਹ ਵਿਚ 50 ਏਕੜ ਵਿਚ ਵੀ ਹੋਵੇਗਾ ਰਿਹਾਇਸ਼ੀ ਕਾਲੋਨੀ ਦਾ ਨਿਰਮਾਣ : ਉਨ੍ਹਾਂ ਨੇ ਬੋਰਡ ਨੂੰ ਨਿਊ ਚੰਡੀਗੜ੍ਹ ਵਿਚ 50 ਏਕੜ ਰਕਬੇ ਵਿਚ ਰਿਹਾਇਸ਼ੀ ਕਾਲੋਨੀ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਨਾਲ ਆਬਾਦੀ ਦੀ ਘਣਤਾ ਦੇ ਨਿਯਮਾਂ ਨਾਲ ਛੇੜਛਾੜ ਕੀਤੇ ਬਗੈਰ ਘੱਟੋ-ਘੱਟ ਲੋੜੀਂਦਾ ਰਕਬਾ 100 ਤੋਂ ਘਟ ਕੇ 50 ਏਕੜ ਹੋ ਗਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਫ਼ਰੀਦਕੋਟ ’ਚ ਮੋਟਰਸਾਈਕਲ ਸਵਾਰਾਂ ਨੇ ਵਿਅਕਤੀ ਨੂੰ ਮਾਰੀ ਗੋਲੀ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


author

Anuradha

Content Editor

Related News