ਲੋਕਾਂ ਮਹਿੰਗਾਈ ਖਿਲਾਫ਼ ਕੱਢੀ ਭੜਾਸ

Sunday, Oct 29, 2017 - 03:05 AM (IST)

ਬਲਾਚੌਰ/ਮਜਾਰੀ,   (ਕਟਾਰੀਆ/ਕਿਰਨ)-  ਅੱਜ ਦਿਨੋ ਦਿਨ ਵਧ ਰਹੀ ਮਹਿੰਗਾਈ ਖਿਲਾਫ ਪੋਜੇਵਾਲ ਤੇ ਹੋਰ ਪਿੰਡਾਂ ਦੇ ਲੋਕਾਂ ਨੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। 
ਲੋਕਾਂ ਨੇ ਕਿਹਾ ਕਿ ਪਹਿਲਾਂ ਮੋਦੀ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਕਾਰਨ ਆਮ ਜਨਤਾ ਨੂੰ ਵਿਆਹਾਂ ਤੇ ਹੋਰ ਕੰਮਾਂ 'ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਾਰਾ-ਸਾਰਾ ਦਿਨ ਲੋਕ ਸਿਰਫ 2 ਹਜ਼ਾਰ ਰੁਪਿਆਂ ਲਈ ਲਾਈਨਾਂ 'ਚ ਖੜ੍ਹੇ ਰਹਿੰਦੇ ਸਨ ਤੇ ਪ੍ਰੇਸ਼ਾਨ ਹੁੰਦੇ ਸਨ। ਫਿਰ ਜੀ. ਐੱਸ. ਟੀ. ਲਾ ਦਿੱਤਾ ਗਿਆ, ਜਿਸ ਨਾਲ ਵਪਾਰੀਆਂ, ਖਰੀਦਦਾਰਾਂ ਤੇ ਆਮ ਲੋਕਾਂ ਦਾ ਗਲਾ ਹੋਰ ਘੁੱਟ ਦਿੱਤਾ ਗਿਆ। ਇਸ ਤੋਂ ਬਾਅਦ ਹੁਣ ਦਾਲਾਂ, ਕਣਕ ਤੇ ਹੋਰ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਧਾ ਕੇ ਕੇਂਦਰ ਸਰਕਾਰ ਨੇ ਗਰੀਬ ਲੋਕਾਂ ਨਾਲ ਧੋਖਾ ਕੀਤਾ ਹੈ।
ਪ੍ਰਦਰਸ਼ਨ ਕਰਦਿਆਂ ਲੋਕਾਂ ਨੇ ਕਿਹਾ ਕਿ ਚੋਣਾਂ ਵੇਲੇ ਪਾਰਟੀਆਂ ਉਨ੍ਹਾਂ ਦੀ ਹਰ ਮੰਗ ਪੂਰੀ ਕਰਨ ਦਾ ਵਾਅਦਾ ਕਰਦੀਆਂ ਹਨ ਪਰ ਸਰਕਾਰ ਬਣਨ ਤੋਂ ਬਾਅਦ ਕੋਈ ਬਾਤ ਨਹੀਂ ਪੁੱਛਦਾ। ਭੜਕੇ ਲੋਕਾਂ ਨੇ ਕਿਹਾ, ''ਮੋਦੀ ਜੀ! ਕੁਝ ਲੋਕ ਤਾਂ ਤੁਹਾਡੀ ਦਿੱਤੀ ਮਹਿੰਗਾਈ ਕਾਰਨ ਮਰ ਚੁੱਕੇ ਹਨ ਤੇ ਜੋ ਰਹਿ ਗਏ ਹਨ, ਉਨ੍ਹਾਂ ਨੂੰ ਜ਼ਹਿਰੀਲੀ ਦਵਾਈ ਦੀ ਸਪਰੇਅ ਕਰ ਕੇ ਮਾਰ ਦਿਓ, ਨਹੀਂ ਤਾਂ ਆਉਣ ਵਾਲੀਆਂ ਚੋਣਾਂ 'ਚ ਲੋਕ ਤੁਹਾਡੀ ਪਾਰਟੀ 'ਤੇ ਜ਼ਰੂਰ ਸਪਰੇਅ ਕਰਨਗੇ।'' ਲੋਕਾਂ ਨੇ ਮੰਗ ਕੀਤੀ ਹੈ ਕਿ ਜੇਕਰ ਹਾਲੇ ਵੀ ਮੋਦੀ ਸਰਕਾਰ 'ਚ ਇਨਸਾਨੀਅਤ ਬਾਕੀ ਹੈ ਤਾਂ ਗਰੀਬਾਂ ਤੇ ਬੇਸਹਾਰਾ ਲੋਕਾਂ ਦੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਘਟਾ ਕੇ ਹੋਰ ਸਹੂਲਤਾਂ ਦੇਵੇ।


Related News