ਸੀਵਰੇਜ ਸਮੱਸਿਆ ਤੇ ਦੂਸ਼ਿਤ ਪਾਣੀ ਦੀ ਸਪਲਾਈ ਤੋਂ ਲੋਕ ਦੁਖੀ
Thursday, Jun 08, 2017 - 06:41 AM (IST)

ਅੰਮ੍ਰਿਤਸਰ, (ਵੜੈਚ)- ਵਾਰਡ ਨੰਬਰ 48 'ਚ ਕਾਂਗਰਸੀ ਕੌਂਸਲਰ ਹੋਣ ਦੇ ਨਾਤੇ ਗਠਜੋੜ ਸਰਕਾਰ ਨੇ ਕੌਂਸਲਰ ਦੇ ਹੱਥਾਂ ਤੱਕ ਫੰਡ ਨਹੀਂ ਜਾਣ ਦਿੱਤੇ। ਭਾਜਪਾ ਦੇ ਹਾਰੇ ਉਮੀਦਵਾਰ ਵੀ ਵਾਰਡ ਵਿਚ ਐਕਟਿਵ ਨਜ਼ਰ ਨਹੀਂ ਆਏ। ਕੇਂਦਰ ਤੇ ਪੰਜਾਬ ਸਰਕਾਰਾਂ ਤੋਂ ਵੱਡੇ ਗੱਫੇ ਨਾ ਮਿਲਣ ਕਾਰਨ ਕੌਂਸਲਰ ਆਪਣੀ ਦੇਖ-ਰੇਖ 'ਚ ਜ਼ਿਆਦਾ ਵਿਕਾਸ ਕੰਮ ਨਹੀਂ ਕਰਵਾ ਸਕੇ ਪਰ ਫਿਜ਼ੀਕਲ ਤੌਰ 'ਤੇ ਕੌਂਸਲਰ ਪਤੀ ਲੋਕਾਂ ਵਿਚ ਵਿਚਰਦੇ ਰਹੇ ਅਤੇ ਆਪਣੇ ਤੱਕ ਸੀਮਤ ਕੰਮਾਂ ਨੂੰ ਕਰਦੇ ਰਹੇ। ਵਾਰਡ ਦੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਵਾਰਡ 'ਚ ਕਾਂਗਰਸ ਕੌਂਸਲਰਾਂ ਦਾ ਹੀ ਦਬਦਬਾ ਰਿਹਾ ਹੈ। ਪਿਛਲੇ 25 ਸਾਲਾਂ ਤੋਂ ਵਾਰਡ ਵਾਸੀਆਂ ਨੇ ਅਕਾਲੀ-ਭਾਜਪਾ ਦਾ ਸਾਥ ਨਾ ਦਿੰਦੇ ਹੋਏ ਕਾਂਗਰਸੀ ਕੌਂਸਲਰਾਂ ਨੂੰ ਹੀ ਜਿਤਾਇਆ ਹੈ। ਵਾਰਡ ਵਾਸੀਆਂ ਦੀ ਮੰਨੀਏ ਤਾਂ ਇਲਾਕਿਆਂ ਵਿਚ ਮੁਸ਼ਕਿਲਾਂ ਦੀ ਭਰਮਾਰ ਹੈ, ਕਈ ਇਲਾਕਿਆਂ ਵਿਚ ਅੱਜ ਤੱਕ ਲੋਕਾਂ ਨੂੰ ਸੀਵਰੇਜ ਸਹੂਲਤਾਂ ਤੱਕ ਨਸੀਬ ਨਹੀਂ ਹੋਈਆਂ। ਪਿਛਲੀਆਂ ਨਿਗਮ ਚੋਣਾਂ ਵਿਚ ਕਾਂਗਰਸ ਦੀ ਨਰੇਸ਼ ਕੁਮਾਰੀ ਪਤਨੀ ਯੂਨਿਸ ਕੁਮਾਰ ਨੇ 2913 ਵੋਟਾਂ ਪ੍ਰਾਪਤ ਕਰ ਕੇ ਭਾਜਪਾ ਉਮੀਦਵਾਰ ਰਾਣੀ ਪਤਨੀ ਕਮਲ ਗਿੱਲ ਨੂੰ 813 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਜੇਤੂ ਕੌਂਸਲਰ ਪਰਿਵਾਰ ਦੁਬਾਰਾ ਚੋਣ ਲੜਨ ਲਈ ਤਿਆਰ ਹੈ।