ਫੈਕਟਰੀ ਦੇ ਪ੍ਰਦੂਸ਼ਿਤ ਪਾਣੀ ਕਾਰਨ ਲੋਕ ਦੁਖੀ; ਕੀਤਾ ਪ੍ਰਦਰਸ਼ਨ
Thursday, Dec 28, 2017 - 01:08 AM (IST)
ਕਾਠਗੜ੍ਹ, (ਰਜੇਸ਼)- ਬਲਾਚੌਰ-ਰੂਪਨਗਰ ਹਾਈਵੇ 'ਤੇ ਪਿੰਡ ਬਨ੍ਹਾਂ ਵਿਖੇ ਸਥਿਤ ਪੇਪਰ ਮਿੱਲ ਤੋਂ ਨਿਕਲਣ ਵਾਲੇ ਪ੍ਰਦੂਸ਼ਿਤ ਪਾਣੀ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਫੈਕਟਰੀ ਦੇ ਗੇਟ ਅੱਗੇ ਪ੍ਰਦਰਸ਼ਨ ਕੀਤਾ ਗਿਆ।
ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਸ਼ਿਰਿਆਂਸ਼ ਪੇਪਰ ਮਿੱਲ ਦੇ ਪ੍ਰਬੰਧਕ ਗੰਧਲਾ ਪਾਣੀ ਅੰਡਰ-ਗਰਾਊਂਡ ਪਾਈਪ ਵਿਛਾ ਕੇ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾ ਰਹੇ ਹਨ ਤੇ ਇਹ ਰਸਾਇਣ ਯੁਕਤ ਪਾਣੀ ਧਰਤੀ ਹੇਠਲੇ ਸਾਫ਼ ਪਾਣੀ ਨੂੰ ਦੂਸ਼ਿਤ ਕਰ ਰਿਹਾ ਹੈ, ਜਿਸ ਨਾਲ ਹੈਂਡ ਪੰਪਾਂ ਤੇ ਖੂਹਾਂ ਦਾ ਪਾਣੀ ਪੂਰੀ ਤਰ੍ਹਾਂ ਖਰਾਬ ਹੋ ਚੁੱਕਿਆ ਹੈ ਤੇ ਪੀਣ ਦੇ ਲਾਇਕ ਨਹੀਂ ਰਿਹਾ। ਇਸ ਤੋਂ ਇਲਾਵਾ ਫੈਕਟਰੀ ਵੱਲੋਂ ਲਾਏ ਸਫੈਦਿਆਂ 'ਚ ਪਾਣੀ ਛੱਡਿਆ ਜਾ ਰਿਹਾ ਹੈ ਤੇ ਸ਼ਿਵਾਲਿਕ ਤੋਂ ਨਿਕਲਦੇ ਬਰਸਾਤੀ ਚੋਅ 'ਚ ਵੇਲੇ-ਕੁਵੇਲੇ ਪਾਣੀ ਛੱਡ ਦਿੱਤਾ ਜਾਂਦਾ ਹੈ, ਜੋ ਧਰਤੀ ਅੰਦਰ ਚਲਾ ਜਾਂਦਾ ਹੈ ਤੇ ਇਸ ਪ੍ਰਦੂਸ਼ਿਤ ਪਾਣੀ ਕਾਰਨ ਨੇੜਲੇ ਪਿੰਡਾਂ ਦਾ ਪਾਣੀ ਵੀ ਖਰਾਬ ਹੋ ਗਿਆ ਹੈ, ਜਿਸ ਕਾਰਨ ਲੋਕ ਦਿਨੋ-ਦਿਨ ਭਿਆਨਕ ਬੀਮਾਰੀਆਂ ਦੀ ਲਪੇਟ 'ਚ ਆ ਰਹੇ ਹਨ। ਗੁੱਸੇ 'ਚ ਆਏ ਲੋਕਾਂ ਨੇ ਪਾਈਪ ਲਾਈਨ ਨੂੰ ਵੀ ਤੋੜ ਦਿੱਤਾ ਹੈ। ਇਸ ਤੋਂ ਇਲਾਵਾ ਫੈਕਟਰੀ 'ਚੋਂ ਨਿਕਲਦੇ ਧੂੰਏਂ ਕਾਰਨ ਵੀ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਲੋਕਾਂ ਨੇ ਕਿਹਾ ਕਿ ਫੈਕਟਰੀ ਪ੍ਰਬੰਧਕ ਗੰਧਲੇ ਪਾਣੀ ਦਾ ਕੋਈ ਹੱਲ ਲੱਭਣ ਤੇ ਇਸ ਨੂੰ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ, ਜੇਕਰ ਅਜਿਹਾ ਨਹੀਂ ਕੀਤਾ ਤਾਂ ਉਹ ਮਜਬੂਰਨ ਸੰਘਰਸ਼ ਦਾ ਰਾਹ ਅਖਤਿਆਰ ਕਰਨਗੇ। ਉਕਤ ਸਮੱਸਿਆ ਨੂੰ ਲੈ ਕੇ ਜਦੋਂ ਫੈਕਟਰੀ ਦੇ ਐੱਚ.ਆਰ. ਹੈੱਡ ਭਾਰਵਦਾਜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਲੋਕਾਂ ਨਾਲ ਸਮਝੌਤੇ ਦੀ ਗੱਲ ਚੱਲ ਰਹੀ ਹੈ ਤੇ ਇਸ ਸਮੱਸਿਆ ਦਾ ਹੱਲ ਕਰ ਲਿਆ ਜਾਵੇਗਾ।
