ਪੰਜਾਬ ''ਚ ਸ਼ੁਰੂ ਹੋਈ ਖਤਰਨਾਕ ਖੇਡ! ਘਰ ਬੈਠੇ ਲੋਕਾਂ ਦੇ ਕੱਟੇ ਜਾਣ ਲੱਗੇ ਚਲਾਨ

Tuesday, May 12, 2026 - 08:15 PM (IST)

ਪੰਜਾਬ ''ਚ ਸ਼ੁਰੂ ਹੋਈ ਖਤਰਨਾਕ ਖੇਡ! ਘਰ ਬੈਠੇ ਲੋਕਾਂ ਦੇ ਕੱਟੇ ਜਾਣ ਲੱਗੇ ਚਲਾਨ

ਮੁੱਲਾਪੁਰ ਦਾਖਾ (ਕਾਲੀਆ) : ਟ੍ਰੈਫਿਕ ਨਿਯਮਾਂ ਨੂੰ ਛਿੱਕੇ ਟੰਗ ਕੇ ਕੁਝ ਸ਼ਾਤਰ ਵਾਹਨ ਚਾਲਕਾਂ ਨੇ ਆਨਲਾਈਨ ਚਲਾਨਾਂ ਤੋਂ ਬਚਣ ਲਈ ਇਕ ਖ਼ਤਰਨਾਕ ਖੇਡ ਸ਼ੁਰੂ ਕੀਤੀ ਹੈ। ਇਹ ਚਾਲਕ ਆਪਣੇ ਵਾਹਨਾਂ ਉੱਪਰ ਕਿਸੇ ਹੋਰ ਵਾਹਨ ਦੀ ਨੰਬਰ ਪਲੇਟ ਲਗਾ ਕੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ, ਜਿਸ ਕਾਰਨ ਨਿਰਦੋਸ਼ ਵਾਹਨ ਮਾਲਕਾਂ ਨੂੰ ਘਰ ਬੈਠੇ ਹੀ ਜੁਰਮਾਨੇ ਭਰਨੇ ਪੈ ਰਹੇ ਹਨ।

ਇਸ ਧੋਖਾਧੜੀ ਕਾਰਨ ਆਮ ਲੋਕ ਡਾਹਢੇ ਪ੍ਰੇਸ਼ਾਨ ਹਨ। ਸਥਾਨਕ ਟ੍ਰੈਫਿਕ ਇੰਚਾਰਜ ਪਰਮਜੀਤ ਸਿੰਘ ਕੋਲ ਕਈ ਅਜਿਹੇ ਪੀੜਤ ਪਹੁੰਚ ਰਹੇ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗੱਡੀ ਮਹੀਨੇ ਭਰ ਤੋਂ ਘਰੋਂ ਬਾਹਰ ਨਹੀਂ ਨਿਕਲੀ, ਪਰ ਫਿਰ ਵੀ ਉਨ੍ਹਾਂ ਨੂੰ ਟ੍ਰੈਫਿਕ ਚਲਾਨ ਪ੍ਰਾਪਤ ਹੋ ਰਹੇ ਹਨ। ਇਹ ਦੇਖ ਕੇ ਟ੍ਰੈਫਿਕ ਪੁਲਸ ਵੀ ਹੈਰਾਨ ਹੈ ਕਿ ਕਿਵੇਂ ਨਿਯਮਾਂ ਨੂੰ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ।

ਬੇਖੌਫ ਹੋ ਕੇ ਕਰ ਰਹੇ ਨਿਯਮਾਂ ਦੀ ਉਲੰਘਣਾ
ਇਹ ਸ਼ਾਤਰ ਚਾਲਕ ਬਿਨਾਂ ਹੈਲਮਟ, ਬਿਨਾਂ ਸੀਟ ਬੈਲਟ ਤੇ ਰੈੱਡ ਲਾਈਟ ਜੰਪ ਕਰਨ ਵਰਗੀਆਂ ਗਲਤੀਆਂ ਬਿਨਾਂ ਕਿਸੇ ਡਰ ਤੋਂ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਕੱਟਿਆ ਗਿਆ ਚਲਾਨ ਉਸ ਵਿਅਕਤੀ ਕੋਲ ਜਾਵੇਗਾ ਜਿਸ ਦੀ ਨੰਬਰ ਪਲੇਟ ਉਹ ਵਰਤ ਰਹੇ ਹਨ।

ਪੁਲਸ ਦੀ ਕਾਰਵਾਈ ਤੇ ਮੰਗ
ਟ੍ਰੈਫਿਕ ਇੰਚਾਰਜ ਪਰਮਜੀਤ ਸਿੰਘ ਅਨੁਸਾਰ ਪੁਲਸ ਨੇ ਅਜਿਹੇ ਕਈ ਸ਼ੱਕੀ ਨੰਬਰ ਨੋਟ ਕੀਤੇ ਹਨ ਅਤੇ ਉਹ ਇਨ੍ਹਾਂ ਸ਼ਾਤਰ ਚਾਲਕਾਂ ਨੂੰ ਦਬੋਚਣ ਲਈ ਬਾਜ ਅੱਖ ਰੱਖ ਰਹੇ ਹਨ। ਪੀੜਤਾਂ ਅਤੇ ਇਲਾਕਾ ਨਿਵਾਸੀਆਂ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਅਜਿਹੇ ਜਾਲਸਾਜ਼ਾਂ ਵਿਰੁੱਧ ਸਖ਼ਤ ਕਾਨੂੰਨੀ ਸ਼ਿਕੰਜਾ ਕਸਿਆ ਜਾਵੇ ਤਾਂ ਜੋ ਆਮ ਵਾਹਨ ਚਾਲਕ ਬੇਵਜ੍ਹਾ ਜੁਰਮਾਨਿਆਂ ਤੋਂ ਬਚ ਸਕਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News