ਨਾਲਾ ਪੱਕਾ ਨਾ ਹੋਣ ''ਤੇ ਨਗਰ ਨਿਗਮ ਖ਼ਿਲਾਫ਼ ਅਦਾਲਤ ''ਚ ਪਹੁੰਚੇ ਲੋਕ
Wednesday, Jul 31, 2024 - 03:42 PM (IST)

ਲੁਧਿਆਣਾ (ਹਿਤੇਸ਼): ਸ਼ਿਵਾ ਜੀ ਨਗਰ ਵਿਚ ਨਿਕਾਸੀ ਨਾਲਾ ਪੱਕਾ ਕਰਨ ਦਾ ਪ੍ਰਾਜੈਕਟ ਲਟਕਿਆ ਹੋਣ ਕਾਰਨ ਲੋਕ ਪਰੇਸ਼ਾਨ ਹਨ ਅਤੇ ਨਗਰ ਨਿਗਮ ਖ਼ਿਲਾਫ਼ ਅਦਾਲਤ ਵਿਚ ਪਹੁੰਚ ਗਏ ਹਨ। ਇਸ ਮਾਮਲੇ ਵਿਚ ਟਰਾਂਸਪੋਰਟ ਨਗਰ ਤੋਂ ਸ਼ਿਵਾਜੀ ਨਗਰ, ਸ਼ਿੰਗਾਰ ਸਿਨੇਮਾ ਰੋਡ ਤੋਂ ਗਊਸ਼ਾਲਾ ਸ਼ਮਸ਼ਾਨਘਾਟ ਨੂੰ ਜਾਣ ਵਾਲੀ ਡਰੇਨ ਦੇ ਆਲੇ-ਦੁਆਲੇ ਰਣਜੀਤ ਸਿੰਘ ਪਾਰਕ, ਢੋਕਾ ਮੁਹੱਲਾ ਵਿਚ ਰਹਿੰਦੇ 53 ਵਿਅਕਤੀਆਂ ਵੱਲੋਂ ਕੇਸ ਦਰਜ ਕਰਵਾਇਆ ਗਿਆ ਹੈ, ਜਿਨ੍ਹਾਂ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਹੈ ਕਿ ਨਾਲੇ ਨੂੰ ਪੱਕਾ ਕਰਨ ਦਾ ਕੰਮ 3 ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ, ਪਰ ਸਮਾਂ ਸੀਮਾ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਪੂਰਾ ਨਹੀਂ ਹੋਇਆ। ਜਿਸ ਕਾਰਨ ਲੋਕਾਂ ਦਾ ਉਥੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ ਅਤੇ ਉਹ ਅਕਸਰ ਡਿੱਗ ਕੇ ਜ਼ਖਮੀ ਹੋ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਵਿਆਹੁਤਾ ਦੀ ਰਹੱਸਮਈ ਮੌਤ ਦੇ ਮਾਮਲੇ ਨੇ ਲਿਆ ਨਵਾਂ ਮੋੜ! ਪੁਲਸ ਨੇ ਚਿਖਾ 'ਚੋਂ ਲਾਸ਼ ਕਢਵਾ ਕੇ ਕੀਤੀ ਸੀ ਜਾਂਚ
ਇਸ ਤੋਂ ਇਲਾਵਾ ਬਰਸਾਤ ਦੇ ਮੌਸਮ ਦੌਰਾਨ ਨਾਲ ਲੱਗਦੇ ਇਲਾਕਿਆਂ ਵਿਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਟੀਸ਼ਨ ਦਾਇਰ ਕਰਨ ਵਾਲੇ ਲੋਕਾਂ ਦਾ ਦੋਸ਼ ਹੈ ਕਿ ਇਸ ਸਥਿਤੀ ਵਿਚ ਉਹ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ ਪਰ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲ ਰਹੀ। ਇਸ ਦੇ ਮੱਦੇਨਜ਼ਰ ਉਨ੍ਹਾਂ ਲੋਕਾਂ ਨੂੰ ਅਦਾਲਤ ਦਾ ਰੁਖ ਕਰਨ ਲਈ ਮਜਬੂਰ ਹੋਣਾ ਪਿਆ ਹੈ, ਜਿੱਥੇ ਲੋਕਲ ਬਾਡੀਜ਼ ਵਿਭਾਗ ਦੇ ਪ੍ਰਮੁੱਖ ਸਕੱਤਰ ਤੋਂ ਲੈ ਕੇ ਨਗਰ ਨਿਗਮ ਕਮਿਸ਼ਨਰ, ਬੀ. ਐਂਡ ਆਰ. ਅਤੇ ਓ. ਐਂਡ ਐੱਮ. ਸੈੱਲ ਦੇ ਅਧਿਕਾਰੀਆਂ ਨੂੰ 12 ਅਗਸਤ ਨੂੰ ਤਲਬ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - Love Marriage ਕਰਵਾ ਕੇ ਸੁਰੱਖਿਆ ਲੈਣ ਹਾਈ ਕੋਰਟ ਪਹੁੰਚਿਆ ਜੋੜਾ, ਸਵਾਲ ਸੁਣ ਤੁਰੰਤ ਵਾਪਸ ਲਈ ਅਰਜ਼ੀ
ਐੱਸ.ਈ. ਨੂੰ ਬਦਲਣ ਦਾ ਵੀ ਕੋਈ ਫਾਇਦਾ ਨਹੀਂ
ਕੁਝ ਸਮਾਂ ਪਹਿਲਾਂ ਹਲਕਾ ਕੇਂਦਰੀ ਵਿਚ ਬੀ. ਐਂਡ ਆਰ. ਬ੍ਰਾਂਚ ਦੇ ਐੱਸ. ਈ. ਦਾ ਚਾਰਜ ਨਗਰ ਨਿਗਮ ਕਮਿਸ਼ਨਰ ਵੱਲੋਂ ਪ੍ਰਵੀਨ ਸਿੰਗਲਾ ਤੋਂ ਵਾਪਸ ਲੈ ਕੇ ਰਣਜੀਤ ਸਿੰਘ ਨੂੰ ਦਿੱਤਾ ਗਿਆ ਸੀ। ਇਸ ਫ਼ੈਸਲੇ ਨੂੰ ਸ਼ਿਵਾ ਜੀ ਨਗਰ ਵਿਚ ਨਾਲਾ ਪੱਕਾ ਕਰਨ ਦਾ ਪ੍ਰਾਜੈਕਟ ਅੱਧ ਵਿਚਾਲੇ ਲਟਕੇ ਰਹਿਣ ਨੂੰ ਲੈ ਕੇ ਵਿਧਾਇਕ ਅਤੇ ਅਸ਼ੋਕ ਪਰਾਸ਼ਰ ਦੀ ਨਾਰਾਜ਼ਗੀ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਪਰ ਐੱਸ.ਈ. ਬਦਲਣ ਦਾ ਵੀ ਕੋਈ ਫਾਇਦਾ ਨਹੀਂ ਹੋਇਆ ਅਤੇ ਦੋ ਮਹੀਨੇ ਬਾਅਦ ਵੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਇਸ ਦਾ ਕਾਰਨ ਇਹ ਹੈ ਕਿ ਕੋਈ ਵੀ ਅਧਿਕਾਰੀ ਪ੍ਰਾਜੈਕਟ ਨੂੰ ਪੂਰਾ ਕਰਨ ਵਿਚ ਹੋ ਰਹੀ ਦੇਰੀ ਲਈ ਜ਼ਿੰਮੇਵਾਰ ਠੇਕੇਦਾਰ ਖ਼ਿਲਾਫ਼ ਕਾਰਵਾਈ ਕਰਨ ਲਈ ਤਿਆਰ ਨਹੀਂ ਹੈ। ਕਿਉਂਕਿ ਉਕਤ ਠੇਕੇਦਾਰ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੇ ਇਕ ਵੱਡੇ ਆਗੂ ਦਾ ਕਰੀਬੀ ਦਰਸਾ ਰਿਹਾ ਹੈ, ਜਿਸ ਦੀ ਆੜ ਵਿਚ ਉਹ ਹੱਥੋਂ-ਹੱਥੀਂ ਬਿੱਲ ਬਣਾ ਕੇ ਨਗਰ ਨਿਗਮ ਤੋਂ ਅਦਾਇਗੀਆਂ ਕਰਵਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8