ਫਗਵਾੜਾ ’ਚ ਲੋਕਾਂ ਨੂੰ ਮੋਬਾਇਲ ਫੋਨ ’ਤੇ ਮਿਲ ਰਹੀਆਂ ਧਮਕੀਆਂ, ਪਾਈ ਜਾ ਰਹੀ ਦਹਿਸ਼ਤ

Friday, Jun 17, 2022 - 04:12 PM (IST)

ਫਗਵਾੜਾ ’ਚ ਲੋਕਾਂ ਨੂੰ ਮੋਬਾਇਲ ਫੋਨ ’ਤੇ ਮਿਲ ਰਹੀਆਂ ਧਮਕੀਆਂ, ਪਾਈ ਜਾ ਰਹੀ ਦਹਿਸ਼ਤ

 ਫਗਵਾੜਾ (ਜਲੋਟਾ) : ਜਿਥੇ ਇਕ ਪਾਸੇ ਪੰਜਾਬ ’ਚ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਹੈ ਅਤੇ ਆਏ ਦਿਨ ਇੱਥੇ ਕਿਸੇ ਨਾ ਕਿਸੇ ਗੈਂਗ ਵੱਲੋਂ ਵੱਡੀ ਵਾਰਦਾਤ ਨੂੰ ਚਿੱਟੇ ਦਿਨ ਅੰਜਾਮ ਦਿੱਤਾ ਜਾ ਰਿਹਾ ਹੈ, ਉਥੇ ਹੀ ਫਗਵਾੜਾ ਚ ਅੱਜਕਲ੍ਹ ਕਈ ਲੋਕਾਂ ਨੂੰ ਮੋਬਾਇਲ ਫੋਨ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਜਿਸ ਤੋਂ ਬਾਅਦ ਉਨ੍ਹਾਂ ’ਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਮੋਬਾਈਲ ’ਤੇ ਧਮਕੀ ਦੇਣ ਵਾਲਾ ਇੰਨੇ ਜਿਗਰੇ ਨਾਲ ਧਮਕੀ ਦਿੰਦਾ ਹੈ ਅਤੇ ਆਖਦਾ ਹੈ ਕਿ ਜੇਕਰ ਉਹ ਚਾਹੁੰਦਾ ਹੈ ਤਾਂ ਉਹ ਉਸ ਦੀ ਕੋਲ ਰਿਕਾਰਡ ਕਰ ਸਕਦਾ ਹੈ। ਇਸ ਦੇ ਨਾਲ ਹੀ ਧਮਕੀ ਭਰੇ ਲਹਿਜ਼ੇ ’ਚ ਇਹ ਆਖਿਆ ਜਾਂਦਾ ਹੈ ਕਿ ਜੇਕਰ ਉਸ ਨੇ ਉਸ ਦੀ ਮੰਗ ਅਤੇ ਕਹੀਆਂ ਗਈਆਂ ਗੱਲਾਂ ’ਤੇ ਗੌਰ ਨਹੀਂ ਕੀਤਾ ਤਾਂ ਆਉਂਦੇ ਕੁਝ ਦਿਨਾਂ ’ਚ ਇਸ ਦਾ ਗੰਭੀਰ ਅੰਜਾਮ ਭੁਗਤਣ ਲਈ ਤਿਆਰ ਰਹੇ। ‘ਜਗ ਬਾਣੀ’ ਨੂੰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਫਗਵਾੜਾ ਦੇ ਇਕ ਉੱਘੇ ਸਨਅਤਕਾਰ ਸਮੇਤ ਇਕ ਨਾਮੀ ਡਾਕਟਰ ਨੂੰ ਧਮਕੀਆਂ ਮਿਲੀਆਂ ਹਨ, ਜਿਸ ਨੂੰ ਲੈ ਕੇ ਇਨ੍ਹਾਂ ਵੱਲੋਂ ਪੁਲਸ ਨੂੰ ਜਾਣਕਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਫਗਵਾੜਾ ਦੇ ਪਾਸ਼ ਇਲਾਕੇ ਨਿਊ ਮਾਡਲ ਟਾਊਨ ਨਜ਼ਦੀਕ ਮੌਜੂਦ ਰਤਨਪੁਰਾ ’ਚ ਸ਼ਿਵ ਮੰਦਰ ਦੇ ਪ੍ਰਧਾਨ ਅਤੇ ਪੰਡਤ ਨੂੰ ਬੱਬਰ ਖ਼ਾਲਸਾ ਫੋਰਸ ਦਾ ਹਵਾਲਾ ਦੇ ਕੇ ਧਮਕੀ ਭਰੀ ਚਿੱਠੀ ਮਿਲੀ ਹੈ।

 ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਤੇ ਗੈਂਗਸਟਰ ਕਲਚਰ ਨੂੰ ਲੈ ਕੇ ਅਕਾਲੀਆਂ ਤੇ ਕਾਂਗਰਸੀਆਂ ’ਤੇ ਜਿੰਪਾ ਦੇ ਤਿੱਖੇ ਨਿਸ਼ਾਨੇ (ਵੀਡੀਓ)

ਇਨ੍ਹਾਂ ਗੰਭੀਰ ਮਾਮਲਿਆਂ ਨੂੰ ਲੈ ਕੇ ਜਦ ‘ਜਗ ਬਾਣੀ’ ਦੇ ਇਸ ਪੱਤਰਕਾਰ ਨੇ ਜ਼ਿਲ੍ਹਾ ਕਪੂਰਥਲਾ ਦੇ ਐੱਸ.ਐੱਸ.ਪੀ. ਰਾਜ ਬਚਨ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਸ ਵੱਲੋਂ ਕੀਤੀ ਗਈ ਜਾਂਚ ਹਾਲੇ ਤਕ 90 ਫੀਸਦੀ ਮੋਬਾਇਲ ਫੋਨ ’ਤੇ ਆਈਆਂ ਧਮਕੀਆਂ ਪੂਰੀ ਤਰ੍ਹਾਂ ਨਾਲ ਫੇਕ ਪਾਈਆਂ ਗਈਆਂ ਹਨ ਪਰ ਇਸ ਦੇ ਬਾਵਜੂਦ ਪੁਲਸ ਹਰ ਧਮਕੀ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਦੀ ਸਾਈਬਰ ਸੈੱਲ ਟੀਮ ਲੋਕਾਂ ਨੂੰ ਮੋਬਾਈਲ ਫੋਨ ਆਦਿ ’ਤੇ ਮਿਲ ਰਹੀਆਂ ਧਮਕੀਆਂ ਦੀ ਹਰ ਪੱਖੋਂ ਜਾਂਚ ਕਰ ਰਹੀ ਹੈ। ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਜਿਨ੍ਹਾਂ ਲੋਕਾਂ ਦੀ ਸੁਰੱਖਿਆ ਬੀਤੇ ਦਿਨੀਂ ਪੰਜਾਬ ਸਰਕਾਰ ਦੇ ਹੁਕਮਾਂ ’ਤੇ ਵਾਪਸ ਲਈ ਗਈ ਸੀ, ਉਨ੍ਹਾਂ ਦੀ ਸੁਰੱਖਿਆ ਵਾਪਸ ਕਰ ਦਿੱਤੀ ਗਈ ਹੈ। ਇਸ ਮੌਕੇ ਫਗਵਾੜਾ ਦੇ ਐੱਸ.ਪੀ. ਹਰਿੰਦਰਪਾਲ ਸਿੰਘ ਸਮੇਤ ਕਈ ਪੁਲਸ ਅਧਿਕਾਰੀ ਵੱਡੀ ਗਿਣਤੀ ’ਚ ਮੌਜੂਦ ਸਨ।

ਫਗਵਾੜਾ ਦੇ ਸਾਬਕਾ ਮੇਅਰ ਖੋਸਲਾ ਬੋਲੇ, ‘ਮੇਰਾ ਗੰਨਮੈਨ ਕਦੋਂ ਵਾਪਸ ਆਊ?’ 
 ਫਗਵਾੜਾ ਨਗਰ ਨਿਗਮ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਪੰਜਾਬ ’ਚ23 ਲੋਕਾਂ ਦੀ ਸੁਰੱਖਿਆ ਵਾਪਸ ਲਈ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਦਿੱਤਾ ਗਿਆ ਪੁਲਸ ਵੱਲੋਂ ਗੰਨਮੈਨ ਵਾਪਸ ਲੈ ਲਿਆ ਗਿਆ। ਖੋਸਲਾ ਨੇ ਕਿਹਾ ਕਿ ਹੁਣ ਉਨ੍ਹਾਂ ਕੋਲ ਕੋਈ ਸੁਰੱਖਿਆ ਨਹੀਂ ਹੈ ਅਤੇ ਜਿਹੜਾ ਗੰਨਮੈਨ ਉਨ੍ਹਾਂ ਕੋਲ ਪਹਿਲਾਂ ਹੁੰਦਾ ਸੀ, ਹੁਣ ਉਸ ਨੂੰ ਜ਼ਿਲ੍ਹਾ ਪੁਲਸ ਦੇ ਹੁਕਮਾਂ ’ਤੇ ਵਾਪਸ ਬੁਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ’ਤੇ ਕਿਸੇ ਤਰ੍ਹਾਂ ਦਾ ਜਾਨਲੇਵਾ ਹਮਲਾ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪੁਲਸ ਸਮੇਤ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਹੀ ਹੋਵੇਗੀ।

 


author

Manoj

Content Editor

Related News