ਰੋਡਵੇਜ਼ ਦੇ ਬੰਦ ਪਏ ਟਾਈਮਾਂ ਸਬੰਧੀ ਸਰਹੱਦੀ ਖੇਤਰ ਦੇ ਲੋਕ ਪ੍ਰੇਸ਼ਾਨ
Friday, Jun 30, 2017 - 12:20 PM (IST)

ਖਾਲੜਾ/ਭਿੱਖੀਵਿੰਡ - ਸਰਹੱਦੀ ਖੇਤਰ ਖਾਲੜਾ 'ਚ ਟਰਾਂਸਪੋਰਟ ਵਿਭਾਗ ਵੱਲੋਂ ਬੱਸਾਂ ਦੇ ਟੋਟਲ ਟਾਈਮ ਟੇਬਲ ਮੁਤਾਬਕ ਕੁਲ 92 ਟਾਈਮ ਹਨ, ਜਿਨ੍ਹਾਂ 'ਚੋਂ 74 ਟਾਈਮ ਪ੍ਰਾਈਵੇਟ ਬੱਸਾਂ ਕੋਲ ਹਨ ਤੇ 18 ਟਾਈਮ ਰੋਡਵੇਜ਼ ਬੱਸਾਂ ਦੇ ਹਨ। ਪ੍ਰਾਪਤ ਵੇਰਵੇ ਮੁਤਾਬਕ ਅੰਮ੍ਰਿਤਸਰ ਡਿਪੂ ਦੇ 11 ਟਾਈਮ, ਤਰਨਤਾਰਨ ਡਿਪੂ ਦੇ 4 ਟਾਈਮ ਤੇ ਪੱਟੀ ਡਿਪੂ ਦੇ 3 ਟਾਈਮ ਹਨ ਪਰ ਚਲਦੇ ਸਿਰਫ ਅੰਮ੍ਰਿਤਸਰ ਡਿਪੂ ਦੇ 2, ਤਰਨਤਾਰਨ ਦਾ 1 ਤੇ ਪੱਟੀ ਡਿਪੂ ਦੇ ਤਿੰਨੇ ਟਾਈਮ, ਬਾਕੀ ਦੇ ਸਾਰੇ ਟਾਈਮ ਪ੍ਰਾਈਵੇਟ ਬੱਸਾਂ ਦੀ ਮਿਲੀਭੁਗਤ ਕਾਰਨ ਬੰਦ ਪਏ ਹਨ।
ਪੰਜਾਬ ਦੇ ਹਾਲਾਤ ਮਾੜੇ ਹੋਣ ਕਰ ਕੇ ਖਾਲੜਾ ਤੋਂ ਪਟਿਆਲਾ ਪੀ. ਆਰ. ਟੀ. ਸੀ. ਵੱਲੋਂ ਪਿਛਲੇ ਲੰਮੇ ਸਮੇਂ ਤੋਂ ਟਾਈਮ ਬੰਦ ਕਰ ਦਿੱਤੇ ਗਏ ਸਨ। ਇਸ ਟਾਈਮ ਨੂੰ ਦੁਬਾਰਾ ਚਾਲੂ ਕਰਨ ਸਬੰਧੀ ਹਲਕਾ ਖੇਮਕਰਨ ਦੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਖਾਲੜਾ ਤੋਂ ਪਟਿਆਲਾ ਦੀ ਬੱਸ ਸਰਵਿਸ ਨੂੰ ਚਾਲੂ ਕਰਨ ਲਈ ਲਿਖਤੀ ਚਿੱਠੀਆਂ ਕੱਢੀਆਂ ਗਈਆਂ ਹਨ ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ। ਇਸ ਮੌਕੇ ਮੰਡੀ ਦੇ ਪ੍ਰਧਾਨ ਜਸਵੰਤ ਸਿੰਘ ਜੋਧਪਰੀ, ਕੁਲਦੀਪ ਸੋਡੀ ਖਾਲੜਾ, ਡਿਪਟੀ ਚੋਪੜਾ, ਵਿਨੋਦ ਸ਼ਰਮਾ, ਅਮਨ ਕੁਮਾਰ ਪੱਪੀ ਤੇ ਪ੍ਰਧਾਨ ਜਗਦੀਸ਼ ਆਦਿ ਨੇ ਕਿਹਾ ਕਿ ਪੀ. ਆਰ. ਟੀ. ਸੀ. ਦੇ ਖਾਲੜਾ ਤੋਂ ਪਿਹੇਵਾ, ਫਤਿਹਗੜ੍ਹ ਸਾਹਿਬ, ਚੰਡੀਗੜ੍ਹ, ਬਠਿੰਡਾ ਨੂੰ ਪੀ. ਆਰ. ਟੀ. ਸੀ. ਬੱਸ ਸਰਵਿਸ ਦੇ ਨਵੇਂ ਟਾਈਮ ਚਲਾਏ ਜਾਣ ਅਤੇ ਆਰ. ਟੀ. ਆਈ. ਜਲੰਧਰ ਨੂੰ ਵੀ ਲਿਖਤੀ ਦਰਖਾਸਤ ਰਾਹੀਂ ਸੂਚਿਤ ਕੀਤਾ ਗਿਆ ਹੈ ਕਿ ਰੋਡਵੇਜ਼ ਬੱਸਾਂ ਦੇ ਨਵੇਂ ਟਾਈਮ ਖਾਲੜਾ ਤੋਂ ਡੇਰਾ ਬਿਆਸ, ਕੱਟੜਾ, ਆਨੰਦਪੁਰ ਸਾਹਿਬ, ਗੋਇੰਦਵਾਲ ਸਾਹਿਬ, ਦਿੱਲੀ, ਹਿਸਾਰ, ਜਲੰਧਰ, ਅਬੋਹਰ, ਤਰਨਤਾਰਨ, ਪੱਟੀ, ਫਿਰੋਜ਼ਪੁਰ ਦੇ ਨਵੀਂ ਟਰਾਂਸਪੋਰਟ ਨੀਤੀ ਮੁਤਾਬਕ ਇਹ ਟਾਈਮ ਪਾਏ ਜਾਣ।
ਆਰ. ਟੀ. ਆਈ. ਜਲੰਧਰ ਤੋਂ ਟਾਈਮ ਵਿਚ ਸੋਧ ਕਰਨ ਸਬੰਧੀ ਇਲਾਕੇ ਦੇ ਲੋਕਾਂ ਨੇ ਮੰਗ ਕਰਦਿਆਂ ਕਿਹਾ ਕਿ 52 ਸੀਟਾਂ ਦੇ ਬੱਸਾਂ ਦੇ ਘੱਟੋ-ਘੱਟ ਟਾਈਮ 15 ਕੀਤੇ ਜਾਣ। ਮੰਡੀ ਦੇ ਪ੍ਰਧਾਨ ਜਸਵੰਤ ਸਿੰਘ ਜੋਧਪੁਰੀ, ਕੁਲਦੀਪ ਸੋਢੀ ਖਾਲੜਾ, ਡਿਪਟੀ ਚੋਪੜਾ, ਵਿਨੋਦ ਸ਼ਰਮਾ, ਅਮਨ ਕੁਮਾਰ ਪੱਪੀ, ਪ੍ਰਧਾਨ ਜਗਦੀਸ਼ ਰਾਏ, ਅਜੇ ਧਵਨ, ਕਰਮ ਸਿੰਘ, ਦੀਪਕ ਕਾਮਰੇਡ ਤੇ ਵਿੱਕੀ ਅਰੋੜਾ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਸਰਹੱਦੀ ਖੇਤਰ ਨੂੰ ਰੋਡਵੇਜ਼, ਪੀ. ਆਰ. ਟੀ. ਸੀ. ਪਟਿਆਲਾ ਦੀ ਬੱਸ ਸਰਵਿਸ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਪ੍ਰਾਈਵੇਟ ਬੱਸਾਂ ਵਾਲਿਆਂ ਤੋਂ ਛੁਟਕਾਰਾ ਮਿਲ ਸਕੇ।
ਕੀ ਕਹਿੰਦੇ ਹਨ ਜੀ. ਐੱਮ. ਪੱਟੀ
ਖਾਲੜਾ ਤੋਂ ਪੱਟੀ ਰੋਡਵੇਜ਼ ਬੱਸਾਂ ਦੇ ਬੰਦ ਟਾਈਮਾਂ ਸਬੰਧੀ ਜਦੋਂ ਜੀ. ਐੱਮ. ਰਛਪਾਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਨਵੀਆਂ ਬੱਸਾਂ ਆਉਣ 'ਤੇ ਖਾਲੜਾ ਤੋਂ ਪੱਟੀ ਦੇ ਸਾਰੇ ਟਾਈਮ ਚਲਾਵਾਂਗੇ।
ਕੀ ਕਹਿੰਦੇ ਹਨ ਅੰਮ੍ਰਿਤਸਰ ਡਿਪੂ ਦੇ ਅਧਿਕਾਰੀ
ਇਸ ਸਬੰਧੀ ਜਦੋਂ ਅਨਿਲ ਕੁਮਾਰ ਨਾਲ ਸੰਪਰਕ ਕੀਤਾ ਤਾ ਉਨ੍ਹਾਂ ਕਿਹਾ ਕਿ ਅਜੇ ਮੈਂ ਛੁੱਟੀ 'ਤੇ ਹਾਂ ਤੇ ਜਦੋਂ ਡਿਊਟੀ 'ਤੇ ਆਵਾਂਗਾ ਤਾਂ 2-3 ਟਾਈਮ ਵਧਾ ਦੇਵਾਗਾਂ।