ਪੋਸਟ ਆਫਿਸ ਦਾ ਇੰਟਰਨੈੱਟ ਸਰਵਰ ਖਰਾਬ ਹੋਣ ਕਾਰਨ ਲੋਕ ਪ੍ਰੇਸ਼ਾਨ

Wednesday, Nov 22, 2017 - 10:10 AM (IST)

ਪੋਸਟ ਆਫਿਸ ਦਾ ਇੰਟਰਨੈੱਟ ਸਰਵਰ ਖਰਾਬ ਹੋਣ ਕਾਰਨ ਲੋਕ ਪ੍ਰੇਸ਼ਾਨ


ਫਿਰੋਜ਼ਪੁਰ (ਪਰਮਜੀਤ) - ਡਾਕ ਵਿਭਾਗ ਵੱਲੋਂ ਆਪਣੇ ਉਪਭੋਗਤਾਵਾਂ ਨੂੰ ਵੱਖ-ਵੱਖ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਉਨ੍ਹਾਂ ਦੀ ਵੰਡ ਮੌਕੇ ਹੀ ਫਿਰੋਜ਼ਪੁਰ 'ਚ ਵਿਭਾਗ ਦੇ ਮੇਨ ਦਫਤਰ 'ਚ ਇੰਟਰਨੈੱਟ ਸਰਵਰ ਖਰਾਬ ਹੋ ਜਾਂਦਾ ਹੈ, ਜਿਸ ਕਾਰਨ ਇਥੇ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮੰਗਲਵਾਰ ਨੂੰ ਪੋਸਟ ਆਫਿਸ ਦਫਤਰ ਫਿਰੋਜ਼ਪੁਰ ਛਾਉਣੀ ਦਾ ਸਰਵਰ ਖਰਾਬ ਹੋਣ ਕਾਰਨ ਇਥੇ ਪੈਸਿਆਂ ਦਾ ਲੈਣ-ਦੇਣ ਕਰਨ, ਰਜਿਸਟਰੀ ਕਰਵਾਉਣ ਆਏ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ ਅਤੇ ਬਿਨਾਂ ਕੰਮ ਕਰਵਾਏ ਹੀ ਘਰ ਵਾਪਸ ਜਾਣਾ ਪਿਆ।
ਪੋਸਟ ਆਫਿਸ 'ਚ ਮੌਜੂਦ ਵਿਸ਼ਾਲ ਕੁਮਾਰ, ਜਗਦੀਸ਼ ਕੁਮਾਰ, ਰਮੇਸ਼ ਕੁਮਾਰ, ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਸਵੇਰੇ ਤੋਂ ਹੀ ਸਰਵਰ ਖਰਾਬ ਹੈ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਸਰਵਰ ਖਰਾਬ ਹੋਣ ਕਰ ਕੇ ਵਿਭਾਗ ਦਾ ਏ. ਟੀ. ਐੱਮ. ਵੀ ਨਹੀਂ ਚੱਲ ਰਿਹਾ, ਜਿਸ ਕਾਰਨ ਉਨ੍ਹਾਂ ਨੂੰ ਪੈਸੇ ਕੱਢਣ ਵਿਚ ਪ੍ਰੇਸ਼ਾਨੀ ਹੋ ਰਹੀ ਹੈ।

ਕੀ ਕਹਿਣਾ ਹੈ ਪਵਨ ਕੁਮਾਰ ਸ਼ਰਮਾ ਦਾ
ਇਸ ਸਬੰਧੀ ਜਦੋਂ ਪੋਸਟ ਆਫਿਸ ਦੇ ਅਧਿਕਾਰੀ ਪਵਨ ਕੁਮਾਰ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਕਈ ਵਾਰ ਵਿਭਾਗ ਦੇ ਇੰਟਰਨੈੱਟ ਦਾ ਸਰਵਰ ਖਰਾਬ ਹੋ ਜਾਂਦਾ ਹੈ। ਇਸ ਸਬੰਧੀ ਕਈ ਵਾਰ ਸ਼ਿਕਾਇਤ ਵੀ ਕੀਤੀ ਹੈ। ਜਦੋਂ ਸਰਵਰ ਠੀਕ ਹੋਵੇਗਾ ਤਾਂ ਲੋਕਾਂ ਦਾ ਕੰਮ ਸ਼ੁਰੂ ਹੋ ਜਾਵੇਗਾ।
 


Related News