ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਬੀਤ ਦੇ 6 ਪਿੰਡਾਂ ਦੇ ਲੋਕ

01/21/2018 5:41:13 AM

ਗੜਸ਼ੰਕਰ, (ਬੈਜ ਨਾਥ)- ਜਲ ਸਪਲਾਈ ਯੋਜਨਾ ਮਲਕੋਵਾਲ ਖਰਾਬ ਹੋਣ ਕਾਰਣ ਪਿਛਲੇ ਪੰਦਰਾਂ ਦਿਨਾਂ ਤੋਂ 6 ਪਿੰਡਾਂ ਮਲਕੋਵਾਲ, ਰਤਨਪੁਰ, ਗੱਦੀਵਾਲ, ਨਾਨੋਵਾਲ, ਜਗਾਤਪੁਰ ਤੇ ਝੋਣੋਵਾਲ ਦੇ ਲੋਕ ਪੀਣ ਵਾਲੇ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ।
ਇਨ੍ਹਾਂ ਪਿੰਡਾਂ ਦੇ ਸੈਂਕੜੇ ਲੋਕਾਂ ਨੇ ਪਾਣੀ ਵਾਲੀ ਟੈਂਕੀ ਤੇ ਇਕੱਤਰ ਹੋ ਕੇ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਜੇਕਰ ਦੋ ਦਿਨਾਂ ਵਿਚ ਸਪਲਾਈ ਸ਼ੁਰੂ ਨਾ ਹੋਈ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਸਰਪੰਚ ਅਵਤਾਰ ਸਿੰਘ ਮਲਕੋਵਾਲ ਤੇ ਦਿਲਾਵਰ ਸਿੰਘ ਗੱਦੀਵਾਲ ਨੇ ਕਿਹਾ ਕਿ ਅਸੀਂ ਪੰਦਰਾਂ ਦਿਨਾਂ ਤੋਂ ਪ੍ਰਾਈਵੇਟ ਟੈਂਕਰਾਂ ਨਾਲ ਲੋਕਾਂ ਨੂੰ ਪੀਣ ਵਾਲਾ ਪਾਣੀ ਸਪਲਾਈ ਕਰ ਰਹੇ ਹਾਂ। ਵਿਭਾਗੀ ਕਰਮਚਾਰੀ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ। ਅਸੀਂ ਐੱਸ. ਡੀ. ਓ. ਹਰਪ੍ਰੀਤ ਸਿੰਘ ਨੂੰ ਕਿਹਾ ਕਿ ਟੈਂਕਰਾਂ ਦੀ ਪੇਮੈਂਟ ਕਰ ਦਿਓ, ਜਿਸ ਤਰ੍ਹਾਂ ਪਿਛਲੀ ਸਰਕਾਰ ਸਮੇਂ ਹੁੰਦੀ ਸੀ ਪਰ ਐੱਸ. ਡੀ. ਓ. ਨੇ ਜਵਾਬ ਦਿੱਤਾ ਕਿ ਅਸੀਂ ਪੇਮੈਂਟ ਨਹੀਂ ਕਰ ਸਕਦੇ, ਕਿਉਂਕਿ ਸਰਕਾਰ ਪਾਸ ਪੈਸੇ ਨਹੀਂ ਹਨ। ਜਦੋਂ ਅਸੀਂ ਐੱਸ. ਡੀ. ਓ. ਨੂੰ ਮੋਟਰ ਠੀਕ ਕਰਵਾਉਣ ਨੂੰ ਕਹਿੰਦੇ ਹਾਂ ਤਾਂ ਉਸ ਦਾ ਦੋ ਟੁੱਕ ਇਹੋ ਜਵਾਬ ਹੁੰਦਾ ਹੈ ਕਿ ਸਰਕਾਰ ਪਾਸ ਪੈਸੇ ਨਹੀਂ ਹਨ। ਉਨ੍ਹਾਂ ਮੰਗ ਕੀਤੀ ਕਿ ਮੋਟਰ ਠੀਕ ਕਰਕੇ ਸਪਲਾਈ ਚਾਲੂ ਕੀਤੀ ਜਾਵੇ।
ਇਸ ਮੌਕੇ ਕੈਪਟਨ ਸ਼ੰਕਰ ਦਾਸ, ਜੋਗ ਰਾਜ, ਭਗਤ ਕਿਸ਼ਨ ਸਿੰਘ, ਸੂਰਜ ਰਾਣਾ, ਦਿਲਾਵਰ ਰਾਣਾ ਸਣੇ ਭਾਰੀ ਗਿਣਤੀ ਵਿਚ ਪੰਚ/ਸਰਪੰਚ ਲੋਕ ਤੇ ਔਰਤਾਂ ਹਾਜ਼ਰ ਸਨ।
ਕੀ ਕਹਿੰਦੇ ਨੇ ਵਿਭਾਗੀ ਅਧਿਕਾਰੀ : ਵਾਰ-ਵਾਰ ਸੰਪਰਕ ਕਰਨ 'ਤੇ ਐੱਸ. ਡੀ. ਓ. ਹਰਪ੍ਰੀਤ ਸਿੰਘ ਨੇ ਫੋਨ ਨਹੀਂ ਚੁੱਕਿਆ। ਐਕਸੀਅਨ ਲਾਲ ਚੰਦ ਨੇ ਸੰਪਰਕ ਕਰਨ 'ਤੇ ਕਿਹਾ ਕਿ ਪਹਿਲਾਂ ਮੋਟਰ ਖਰਾਬ ਹੋ ਗਈ, ਫਿਰ ਪੰਪ ਖਰਾਬ ਹੋ ਗਿਆ, ਬਾਅਦ ਵਿਚ ਬੈਰਿੰਗ ਵੀ ਟੁੱਟੇ ਨਿਕਲੇ। ਪਹਿਲਾਂ ਮੋਟਰ 85 ਪਾਵਰ ਦੀ ਪਾਈ ਸੀ ਤੇ ਹੁਣ ਘੱਟ ਪਾਵਰ ਦੀ ਪਾ ਰਹੇ ਹਾਂ। ਉਨ੍ਹਾਂ ਕਿਹਾ ਕਿ ਕੱਲ ਤੱਕ ਸਪਲਾਈ ਸ਼ੁਰੂ ਹੋ ਜਾਵੇਗੀ। ਜਦੋਂ ਉਨਾਂ ਨੂੰ ਸਰਪੰਚਾਂ ਦੀ ਗਲ ਨਾ ਸੁਣਨ ਬਾਰੇ ਪੁੱਿਛਆ ਤਾਂ ਉਨ੍ਹਾਂ ਕਿਹਾ ਕਿ ਇਕ ਆਦਮੀ ਨੇ ਮੈਨੂੰ ਫੋਨ ਕੀਤਾ, ਪਤਾ ਨਹੀ ਉਹ ਸਰਪੰਚ ਸੀ ਜਾਂ ਕੋਈ ਹੋਰ, ਉਹ ਮੈਨੂੰ ਔਖਾ ਬੋਲਦਾ ਸੀ ਤਾਂ ਮੈਂ ਫੋਨ ਕੱਟ ਦਿੱਤਾ।


Related News