ਗਰਮੀ ਦੇ ਮੌਸਮ ’ਚ ਬਿਜਲੀ ਦੇ ਲਾਏ ਜਾ ਰਹੇ ਅਣ-ਐਲਾਨੇ ਕੱਟਾਂ ਤੋਂ ਲੋਕ ਪਰੇਸ਼ਾਨ
Sunday, Jun 14, 2026 - 10:39 AM (IST)
ਤਲਵੰਡੀ ਭਾਈ (ਪਾਲ) : ਬੇਸ਼ੱਕ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੇ ਜਾਣ ਦੇ ਰੋਜ਼ਾਨਾ ਢਿੰਡੋਰੇ ਪਿੱਟੇ ਜਾ ਰਹੇ ਹਨ ਪਰ ਇਹ ਸਭ ਕੁੱਝ ਸਿਰਫ਼ ਫੋਕੇ ਬਿਆਨਾਂ ਤੋਂ ਸਿਵਾਏ ਕੁੱਝ ਵੀ ਨਹੀਂ ਹੈ, ਜਿਸ ਦੀ ਮਿਸਾਲ ਅੱਤ ਦੀ ਗਰਮੀ ’ਚ ਸਵੇਰ, ਸ਼ਾਮ ਤੇ ਰਾਤ ਨੂੰ ਲਾਏ ਜਾ ਰਹੇ ਬਿਜਲੀ ਦੇ ਅਣ-ਐਲਾਨੇ ਕੱਟਾਂ ਕਾਰਨ ਹਾਲੋ-ਬੇਹਾਲ ਹੋਏ ਲੋਕਾਂ ਤੋਂ ਵੇਖਣ ਨੂੰ ਮਿਲ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਲਾਕੇ ਦੇ ਇਕੱਤਰ ਹੋਏ ਲੋਕਾਂ ਨੇ ਆਪਣਾ ਦੁੱਖੜਾ ਬਿਆਨ ਕਰਦਿਆਂ ਦੱਸਿਆ ਕਿ ਬੀਤੀ ਰਾਤ ਸਮੇਤ ਪਿਛਲੇ ਕੁੱਝ ਸਮੇਂ ਤੋਂ ਜਦੋਂ ਵੀ ਥੋੜ੍ਹੀ ਜਿਹੀ ਹਵਾ ਚੱਲਦੀ ਹੈ ਤਾਂ ਪਾਵਰਕਾਮ ਵੱਲੋਂ ਸਾਰੇ ਇਲਾਕੇ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਜਾਂਦੀ ਹੈ ਅਤੇ ਥੋੜ੍ਹੇ ਸਮੇਂ ਬਾਅਦ ਹਵਾਵਾਂ ਬੰਦ ਹੋ ਜਾਣ ਦੇ ਬਾਵਜੂਦ ਬਿਜਲੀ ਮਹਿਕਮੇ ਦੇ ਕਰਮਚਾਰੀਆਂ ਵੱਲੋਂ ਮੁੜ ਤੋਂ ਬਿਜਲੀ ਦੀ ਸਪਲਾਈ ਚਾਲੂ ਨਹੀਂ ਕੀਤੀ ਜਾਂਦੀ, ਜਿਸ ਕਾਰਨ ਰਾਤ ਦੇ ਹਨ੍ਹੇਰੇ ’ਚ ਹਾਲੋ-ਬੇਹਾਲ ਹੋਏ ਖ਼ਪਤਕਾਰ ਜਦੋਂ ਡਿਊਟੀ ’ਤੇ ਤਾਇਨਾਤ ਕਰਮਚਾਰੀਆਂ ਨੂੰ ਫ਼ੋਨ ਕਰਦੇ ਹਨ ਤਾਂ ਉਕਤ ਕਰਮਚਾਰੀਆਂ ਵੱਲੋਂ ਫ਼ੋਨ ਨਹੀਂ ਚੁੱਕਿਆ ਜਾਂਦਾ ਤੇ ਨਾਂ ਹੀ ਬਿਜਲੀ ਆਉਣ ਬਾਰੇ ਦੱਸਿਆ ਜਾਂਦਾ ਹੈ।
ਇਸ ਕਾਰਨ ਛੋਟੇ-ਛੋਟੇ ਬੱਚਿਆਂ, ਬਜ਼ੁਰਗਾਂ ਤੇ ਬੀਮਾਰ ਪਏ ਵਿਅਕਤੀਆਂ ਨੂੰ ਬਿਨਾਂ ਬਿਜਲੀ ਤੋਂ ਸਾਰੀ-ਸਾਰੀ ਰਾਤ ਤੜਫ਼-ਤੜਫ਼ ਕੇ ਕੱਟਣ ਲਈ ਮਜਬੂਰ ਹੋਣਾ ਪੈਂਦਾ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਸਬੰਧੀ ਸ਼ਿਕਾਇਤਾਂ ਕਰਨ ਦੇ ਬਾਵਜੂਦ ਪਾਵਰਕਾਮ ਦੇ ਉੱਚ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਪੇਸ਼ ਆ ਰਹੀ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਬਿਜਲੀ ਕੱਟਾਂ ਤੋਂ ਪਰੇਸ਼ਾਨ ਲੋਕਾਂ ਨੇ ਦੱਸਿਆ ਕਿ ਲਾਈਨਮੈਨ ਤੇ ਹੋਰ ਮੁਲਾਜ਼ਮ ਆਪਣੀ ਡਿਊਟੀ ’ਚ ਲਾਪਰਵਾਹੀ ਵਰਤਦੇ ਹੋਏ ਲੋਕਾਂ ਨੂੰ ਨਾਜਾਇਜ਼ ਤੌਰ ’ਤੇ ਪਰੇਸ਼ਾਨ ਕਰ ਰਹੇ ਹਨ। ਇਸ ਸਬੰਧੀ ਇਲਾਕੇ ਦੀਆਂ ਵੱਖ-ਵੱਖ ਜੱਥੇਬੰਦੀਆਂ ਤੇ ਸ਼ਹਿਰ ਵਾਸੀਆਂ ਵੱਲੋਂ ਪਾਵਰਕਾਮ ਦੇ ਉੱਚ ਅਧਿਕਾਰੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬਿਨਾਂ ਵਜ੍ਹਾ ਵਾਰ-ਵਾਰ ਕੱਟ ਲਾ ਕੇ ਬਿਜਲੀ ਸਪਲਾਈ ਬੰਦ ਰੱਖਣ ਲਈ ਜ਼ਿੰਮੇਵਾਰ ਕਰਮਚਾਰੀਆਂ ਖ਼ਿਲਾਫ਼ ਮਹਿਕਮੇ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਸਮੂਹ ਇਲਾਕਾ ਵਾਸੀਆਂ ਨੂੰ ਮਹਿਕਮੇ ਦੇ ਉੱਚ ਅਧਿਕਾਰੀਆਂ ਦੇ ਦਫ਼ਤਰਾਂ ਅੱਗੇ ਧਰਨਾ ਲਾਉਣ ਲਈ ਮਜਬੂਰ ਹੋਣਾ ਪਵੇਗਾ।
