ਜਲਘਰ ਦਾ ਬੋਰ ਬੰਦ; ਖੇਤੀ ਮੋਟਰਾਂ ਤੋਂ ਪਾਣੀ ਲਿਆ ਰਹੇ ਨੇ ਲੋਕ

Monday, Jun 11, 2018 - 01:08 AM (IST)

ਨੂਰਪੁਰਬੇਦੀ, (ਭੰਡਾਰੀ)- ਪਿੰਡ ਭੈਣੀ ਦੇ 20 ਸਾਲ ਪੁਰਾਣੇ ਪਾਣੀ ਦੇ ਬੋਰ ਦੇ ਬੰਦ ਹੋਣ ਕਾਰਨ ਪ੍ਰਭਾਵਿਤ ਹੋਏ 4 ਪਿੰਡਾਂ ਦੀਆਂ ਪੰਚਾਇਤਾਂ ਦੀ ਅੱਜ ਇਕ ਬੈਠਕ ਪਿੰਡ ਮਵਾ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ। ਇਸ ਭਰਵੀਂ ਬੈਠਕ ’ਚ ਉਕਤ ਪੰਚਾਇਤਾਂ ਦੇ ਸਰਪੰਚਾਂ, ਪੰਚਾਂ ਤੇ ਮੋਹਤਬਰਾਂ ਨੇ ਭਾਗ ਲਿਆ। ਜ਼ਿਕਰਯੋਗ ਹੈ ਕਿ ਉਕਤ ਜਲਘਰ ਦੇ ਬੋਰ ਦੇ ਫੇਲ ਹੋਣ ਕਾਰਨ 4 ਪਿੰਡਾਂ ’ਚ ਇਕ ਹਫ਼ਤੇ ਤੋਂ ਸਪਲਾਈ ਨਾ ਆਉਣ ਕਾਰਨ ਲੋਕ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ ਤੇ ਅੱਤ  ਦੀ ਗਰਮੀ ’ਚ  ਖੇਤਾਂ ’ਚ ਸਥਿਤ ਮੋਟਰਾਂ ਤੋਂ ਪਾਣੀ ਲਿਆਉਣ ਲਈ ਮਜਬੂਰ ਹਨ। ਅੱਜ ਹੋਈ ਬੈਠਕ ’ਚ ਪਿੰਡ ਮਵਾ ਦੇ ਸਰਪੰਚ ਰਤਨ ਚੰਦ, ਮਵਾ ਖੁਰਦ ਦੇ ਸਰਪੰਚ ਕ੍ਰਿਸ਼ਨ ਕੁਮਾਰ, ਸਾਬਕਾ ਸਰਪੰਚ ਪ੍ਰੀਤਮ ਸਿੰਘ ਮਵਾ ਤੇ ਮਾ. ਮੋਹਣ ਸਿੰਘ ਭੈਣੀ ਨੇ ਕਿਹਾ ਕਿ ਵਿਭਾਗ ਦੀ ਅਣਗਹਿਲੀ ਕਾਰਨ ਉਨ੍ਹਾਂ ਦੇ ਪਰਿਵਾਰਾਂ ਨੂੰ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
PunjabKesari
ਉਨ੍ਹਾਂ ਕਿਹਾ ਕਿ ਜਦੋਂ ਅਧਿਕਾਰੀਆਂ ਨੂੰ ਬੋਰ ਦੇ ਫੇਲ ਹੋਣ ਦਾ ਅੰਦੇਸ਼ਾ ਸੀ ਤਾਂ ਉਹ ਪਿੰਡ ਵਾਸੀਆਂ ਨੂੰ ਪਹਿਲਾਂ ਹੀ ਵਿਸ਼ਵਾਸ ’ਚ ਲੈ ਕੇ ਇਸ ਦਾ ਕੋਈ ਹੱਲ ਲੱਭਣ ਦਾ ਯਤਨ ਕਰਦੇ। ਉਨ੍ਹਾਂ ਕਿਹਾ ਕਿ ਅਗਰ ਵਿਭਾਗ ਦੇ ਅਧਿਕਾਰੀ ਤੇ ਪ੍ਰਸ਼ਾਸਨ ਭਵਿੱਖ ਦੀ ਯੋਜਨਾ ਨੂੰ ਅਮਲ ’ਚ ਲੈ ਕੇ ਚੱਲਦੇ ਤਾਂ ਇਹ ਮੁਸ਼ਕਲ ਪੇਸ਼ ਨਾ ਆਉਂਦੀ। ਇਸ ਮੌਕੇ ਫੈਸਲਾ ਲਿਆ ਗਿਆ ਕਿ ਉਕਤ ਪਿੰਡਾਂ ਦੇ ਸਮੁੱਚੇ ਲੋਕਾਂ ਵੱਲੋਂ ਦਸਤਖਤ ਕੀਤਾ ਗਿਆ ਇਕ ਮੰਗ-ਪੱਤਰ 11 ਜੂਨ ਨੂੰ ਸਵੇਰੇ 10 ਵਜੇ 4 ਪੰਚਾਇਤਾਂ ਦੇ ਨੁਮਾਇੰਦਿਆਂ ਵੱਲੋਂ ਵਿਭਾਗ ਦੇ ਐਕਸੀਅਨ ਨੂੰ ਸੌਂਪਿਆ ਜਾਵੇਗਾ।
 PunjabKesari
 ਉਪਰੰਤ ਉਕਤ ਮੰਗ-ਪੱਤਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਵੀ ਦੇਣ  ਦਾ ਫੈਸਲਾ ਲਿਆ ਗਿਆ। ਇਸ ਮੰਗ-ਪੱਤਰ ਰਾਹੀਂ ਜਲਦ ਉਕਤ ਪਿੰਡਾਂ ਲਈ ਨਵਾਂ ਬੋਰ ਕਰਵਾਏ ਜਾਣ ਦੀ ਮੰਗ ਕੀਤੀ ਜਾਵੇਗੀ। ਅਗਰ ਇਸ ਦੌਰਾਨ ਫਿਰ ਵੀ ਪਾਣੀ ਦਾ ਜਲਦ ਕੋਈ ਹੱਲ ਨਾ ਕੱਢਿਆ ਗਿਆ ਤਾਂ ਉਹ ਤਿੱਖਾ ਸੰਘਰਸ਼ ਆਰੰਭਣ ਲਈ ਅਗਲੀ ਰੂਪਰੇਖਾ ਤੈਅ ਕਰਨਗੇ। ਇਸ ਬੈਠਕ ’ਚ ਉਕਤ ਤੋਂ ਇਲਾਵਾ ਯੋਗਾ ਸਿੰਘ ਭੈਣੀ, ਡਾ. ਪ੍ਰੇਮ ਸਿੰਘ, ਸੈਕਟਰੀ ਜਗਦੀਪ ਸਿੰਘ ਮਵਾ, ਪੰਚ ਰਾਮਪਾਲ ਮਵਾ, ਪੰਚ ਅਵਤਾਰ ਸਿੰਘ ਮਵਾ, ਗੁਰਮੇਲ ਸਿੰਘ, ਡਾ. ਗੁਰਚਰਨ ਸਿੰਘ, ਨੰਬਰਦਾਰ ਧਰਮਪਾਲ, ਗੁਰਮੁੱਖ ਸਿੰਘ, ਜੋਗਿੰਦਰਪਾਲ ਸਿੰਘ, ਪੰਚ ਬਲਵੀਰ ਸਿੰਘ ਮਵਾ, ਧਿਆਨ ਸਿੰਘ, ਅਮਰੀਕ ਸੋਨੀ, ਤਰਲੋਚਨ ਸਿੰਘ, ਹਰਪਾਲ ਪਾਲੀ, ਮਹਿੰਦਰਪਾਲ ਮੁਕਾਰੀ, ਸੋਮਨਾਥ, ਜੈ ਰਾਮ, ਸ਼ਿਵ ਕੁਮਾਰ, ਰਘੁਵੀਰ ਸਿੰਘ, ਆਗਿਆ ਰਾਮ, ਗੁਲਜ਼ਾਰ ਰਾਮ, ਪ੍ਰਭੂ ਦਿਆਲ ਤੇ ਸੁਰਜੀਤ ਸਿੰਘ ਆਦਿ ਹਾਜ਼ਰ ਸਨ।  


Related News