ਲੋਕ ਭਲਾਈ ਹਿੱਤ ਕੀਤੇ ਜਾ ਰਹੇ ਕੰਮਾਂ ਨੂੰ ਰੱਖਿਆ ਜਾਵੇ ਜਾਰੀ : ਡੀ. ਸੀ.
Sunday, Feb 04, 2018 - 02:30 PM (IST)

ਫਾਜ਼ਿਲਕਾ (ਲੀਲਾਧਰ, ਨਾਗਪਾਲ) - ਡਿਪਟੀ ਕਮਿਸ਼ਨਰ ਫਾਜ਼ਿਲਕਾ ਈਸ਼ਾ ਕਾਲੀਆ ਦੀ ਪ੍ਰਧਾਨਗੀ ਹੇਠ ਜ਼ਿਲਾ ਰੈੱਡ ਕਰਾਸ ਸੋਸਾਇਟੀ ਅਤੇ ਇਸਦੀਆਂ ਸਹਾਇਕ ਇਕਾਈਆਂ ਦੀ ਸਾਲਾਨਾ ਜਨਰਲ ਮੀਟਿੰਗ ਹੋਈ। ਮੀਟਿੰਗ ਦੌਰਾਨ ਸੋਸਾਇਟੀ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਗਏ ਅਤੇ ਮੌਜੂਦਾ ਸਮੇਂ ਕੀਤੇ ਜਾ ਰਹੇ ਲੋਕ ਭਲਾਈ ਕੰਮਾਂ ਦਾ ਰਵਿਊ ਕੀਤਾ ਗਿਆ। ਇਸ ਮੌਕੇ ਲੋਕ ਭਲਾਈ ਹਿੱਤ ਹੋਰ ਕੀਤੇ ਜਾਣ ਵਾਲੇ ਵੱਖ-ਵੱਖ ਵਿਕਾਸ ਕਾਰਜਾਂ ਬਾਰੇ ਸਬੰਧਤ ਮੈਂਬਰਾਂ ਨਾਲ ਵਿਚਾਰ-ਚਰਚਾ ਕੀਤੀ ਗਈ ਤੇ ਉਨ੍ਹਾਂ ਕੋਲੋਂ ਲੋੜੀਂਦੇ ਸੁਝਾਅ ਵੀ ਲਏ ਗਏ।
ਇਸ ਦੌਰਾਨ ਉਨ੍ਹਾਂ ਲੋਕ ਭਲਾਈ ਹਿੱਤ ਕੀਤੇ ਜਾਣ ਵਾਲੇ ਵਿਕਾਸ ਕਾਰਜ ਇਸੇ ਤਰ੍ਹਾਂ ਜਾਰੀ ਰੱਖਣ ਲਈ ਵੀ ਉਤਸ਼ਾਹਿਤ ਕੀਤਾ। ਇਸ ਮੌਕੇ ਜ਼ਿਲਾ ਰੈੱਡ ਕਰਾਸ ਸੋਸਾਇਟੀ ਦੇ ਬਣੇ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ ਗਿਆ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਗਰੀਬ ਸਕੂਲੀ ਵਿਦਿਆਰਥੀਆਂ ਦੀ ਭਲਾਈ ਲਈ ਸਕੂਲ ਫੀਸਾਂ, ਆਈ ਕੈਨ ਪ੍ਰਾਜੈਕਟ ਅਤੇ ਸਲਮ ਏਰੀਆ ਦੇ ਬੱਚਿਆਂ ਨੂੰ ਰਿਫਰੈੱਸ਼ਮੈਂਟ ਆਦਿ ਸਬੰਧੀ ਰੈੱਡ ਕਰਾਸ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ਤੇ ਇਸੇ ਤਰ੍ਹਾਂ ਇਸ ਨੂੰ ਜਾਰੀ ਰੱਖਣ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਸੋਸਾਇਟੀ ਅਤੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਸਾਡੀ ਰਸੋਈ, ਨੇਕੀ ਦੀ ਦੀਵਾਰ ਅਤੇ ਜ਼ਿਲਾ ਪੱਧਰੀ ਲਾਇਬ੍ਰੇਰੀ ਰਾਹੀਂ ਜ਼ਿਲਾ ਵਾਸੀਆਂ ਨੂੰ ਨਿਰਵਿਘਨ ਮਿਲ ਰਹੀਆਂ ਸਹੂਲਤਾਂ 'ਤੇ ਵੀ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਨੇ ਜ਼ਿਲੇ ਦੇ ਪਿੰਡ ਆਲਮਗੜ ੍ਹ(ਅਬੋਹਰ) ਵਿਖੇ ਚੱਲ ਰਹੇ ਪ੍ਰਯਾਸ ਸਕੂਲ ਵਿਖੇ ਬੱਚਿਆਂ ਦੀ ਸਿਹਤ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕੈਂਪ ਲਾਉਣ ਲਈ ਕਿਹਾ। ਮੀਟਿੰਗ 'ਚ ਐੱਸ. ਡੀ. ਐੱਮ. ਅਬੋਹਰ ਮੈਡਮ ਪੂਨਮ ਸਿੰਘ, ਐੱਸ. ਡੀ. ਐੱਮ. ਜਲਾਲਾਬਾਦ ਪ੍ਰਿਥੀ ਸਿੰਘ, ਸਹਾਇਕ ਸਿਵਲ ਸਰਜਨ ਡਾ. ਦਵਿੰਦਰ ਭੁੱਕਲ, ਐੱਸ. ਐੱਮ. ਓ. ਫਾਜ਼ਿਲਕਾ ਡਾ. ਰਾਜੇਸ਼ ਕੁਮਾਰ, ਸਕੱਤਰ ਜ਼ਿਲਾ ਰੈੱਡ ਕਰਾਸ ਸੋਸਾਇਟੀ ਸੁਭਾਸ਼ ਅਰੋੜਾ ਤੋਂ ਇਲਾਵਾ ਰੈੱਡ ਕਰਾਸ ਦੇ ਸਮੂਹ ਅਹੁਦੇਦਾਰ ਅਤੇ ਸਹਿਯੋਗ ਕਰ ਰਹੀਆਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।