5 ਸਾਲ ਲੋਕਾਂ ਨੂੰ ਨਜ਼ਰਅੰਦਾਜ਼ ਕਰਨ ਵਾਲੇ ਕਈ ਉਮੀਦਵਾਰਾਂ ਨੂੰ ਦਿਨੇ ਦਿਖ ਰਹੇ ਨੇ ‘ਤਾਰੇ’, ਨਤੀਜਿਆਂ ਨੇ ਵਧਾਈ ਬੇਚੈਨੀ

Sunday, Mar 06, 2022 - 12:51 PM (IST)

ਗੁਰਦਾਸਪੁਰ (ਜੀਤ ਮਠਾਰੂ)- 20 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਵਿਚ ਕੁਝ ਦਿਨ ਰਹਿ ਗਏ ਹਨ, ਜਿਸ ਕਾਰਨ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਆਮ ਲੋਕਾਂ ਅੰਦਰ ਵੀ ਇਸ ਵਾਰ ਦੇ ਚੋੋਣ ਨਤੀਜੇ ਜਾਨਣ ਲਈ ਉਤਸੁਕਤਾ ਵਧਦੀ ਜਾ ਰਹੀ ਹੈ। ਵੋਟਾਂ ਪੈਣ ਉਪਰੰਤ ਅਗਲੇ ਦਿਨ ਤੋਂ ਉਮੀਦਵਾਰਾਂ ਨੇ ਆਪਣੀ ਜਿੱਤ ਹਾਰ ਦੀ ਸਮੀਖਿਆ ਕਰਨੀ ਸ਼ੁਰੂ ਕਰ ਦਿੱਤੀ ਸੀ, ਜਿਸ ਤਹਿਤ ਉਮੀਦਵਾਰਾਂ ਨੇ ਵੱਖ-ਵੱਖ ਬੂਥਾਂ ’ਤੇ ਆਪਣੇ ਪੋਲਿੰਗ ਏਜੰਟਾਂ ਅਤੇ ਸਮਰਥਕਾਂ ਰਾਹੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਸੀ ਕਿ ਕਿਹੜੇ ਬੂਥ ’ਤੇ ਉਨ੍ਹਾਂ ਦੀ ਕਿਹੋ ਜਿਹੀ ਸਥਿਤੀ ਰਹੀ ਹੈ। 

ਦੱਸ ਦੇਈਏ ਕਿ ਇਸ ਵਾਰ ਵੋਟਰਾਂ ਨੇ ਸਿਆਸਤਦਾਨਾਂ ਨੂੰ ਉਨ੍ਹਾਂ ਦੇ ਅੰਦਾਜ਼ ਵਿਚ ਉਲਝਾ ਕੇ ਰੱਖਿਆ ਹੈ, ਜਿਸ ਦੇ ਚਲਦਿਆਂ ਹੁਣ ਤੱਕ ਵੋਟਰਾਂ ਨੇ ਆਪਣੇ ਦਿਲਾਂ ਦੇ ਭੇਦ ਨਹੀਂ ਖੋਲ੍ਹੇ ਅਤੇ ਅੱਜ ਵੀ ਚੋਣਾਂ ਵਿਚ ਉਮੀਦਵਾਰਾਂ ਦੀ ਜਿੱਤ ਹਾਰ ਸਬੰਧੀ ਅੰਦਾਜ਼ੇ ਲਗਾਉਣੇ ਬੇਹੱਦ ਔਖੇ ਦਿਖਾਈ ਦੇ ਰਹੇ ਹਨ। ਅਜਿਹੇ ਹਾਲਾਤਾਂ ਵਿਚ ਅਨੇਕਾਂ ਉਮੀਦਵਾਰਾਂ ਨੇ ਕੁਝ ਏਜੰਸੀਆਂ ਨਾਲ ਸੰਪਰਕ ਕਰ ਕੇ ਵੀ ਆਪਣੀ ਸਥਿਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਚੋਣਾਂ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਆਪਣੀ ਜਿੱਤ ਹਾਰ ਦਾ ਅੰਦਾਜ਼ਾ ਹੋ ਸਕੇ।

ਚੋਣਾਂ ਤੋਂ ਪਹਿਲਾਂ ਵੀ ਲਈ ਸੀ ਏਜੰਸੀਆਂ ਦੀ ਮਦਦ
ਇਹ ਵੀ ਪਤਾ ਲੱਗਾ ਹੈ ਕਿ ਅਨੇਕਾਂ ਉਮੀਦਵਾਰਾਂ ਨੇ ਚੋਣਾਂ ਤੋਂ ਪਹਿਲਾਂ ਵੀ ਸਰਵੇ ਏਜੰਸੀਆਂ ਦੀ ਮਦਦ ਲਈ ਸੀ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਕਿਹੜੇ ਪਿੰਡ ਜਾਂ ਵਾਰਡ ਵਿਚ ਉਨ੍ਹਾਂ ਦੀ ਸਥਿਤੀ ਕਮਜ਼ੋਰ ਹੈ। ਕੁਝ ਉਮੀਦਵਾਰਾਂ ਨੂੰ ਇਨ੍ਹਾਂ ਏਜੰਸੀਆਂ ਨੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਕੁਝ ਪਿੰਡਾਂ ਵਿਚ ਲੋਕਾਂ ਦਾ ਰੁਝਾਨ ਉਨ੍ਹਾਂ ਦੇ ਪੱਖ ਵਿਚ ਨਹੀਂ ਹੈ। ਇਸ ਕਾਰਨ ਇਹ ਪਤਾ ਲੱਗਾ ਹੈ ਕਿ ਅਜਿਹੇ ਪਿੰਡਾਂ ਵਿਚ ਉਮੀਦਵਾਰਾਂ ਨੇ ਲੋਕਾਂ ਨੂੰ ਭਰਮਾਉਣ ਲਈ ਹਰ ਹੀਲਾ ਵਰਤਣ ਦੀ ਕੋਸ਼ਿਸ਼ ਕੀਤੀ। ਖ਼ਾਸ ਤੌਰ ’ਤੇ ਕਈ ਸੱਤਾਧਾਰੀ ਵਿਧਾਇਕਾਂ ਨੇ ਇਸ ਮਾਮਲੇ ਨੂੰ ਕਾਫ਼ੀ ਗੰਭੀਰਤਾ ਨਾਲ ਲਿਆ ਅਤੇ ਹਰੇਕ ਪਿੰਡ ਅਤੇ ਵਾਰਡ ਦੀ ਸਥਿਤੀ ਦੀ ਜਾਣਨ ਦੀ ਕੋਸ਼ਿਸ਼ ਕੀਤੀ।

ਬੇਹੱਦ ਉਤਸ਼ਾਹਿਤ ਹਨ ਅਕਾਲੀ ਦਲ ਦੇ ਉਮੀਦਵਾਰ
ਇਨ੍ਹਾਂ ਚੋਣਾਂ ਦੌਰਾਨ ਅਕਾਲੀ ਦਲ ਅਤੇ ਬਸਪਾ ਗਠਜੋੜ ਦੇ ਉਮੀਦਵਾਰ ਸਭ ਤੋਂ ਜ਼ਿਆਦਾ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜੋ ਇਹ ਸਮਝ ਕੇ ਚੱਲ ਰਹੇ ਹਨ ਕਿ ਇਸ ਵਾਰ ਜ਼ਿਆਦਾ ਹਲਕਿਆਂ ਦੇ ਚੋਣ ਮੈਦਾਨ ਵਿਚ ਤਿਕੌਣੀ ਟੱਕਰ ਹੋਣ ਕਾਰਨ ਕਾਂਗਰਸ ਨੂੰ ਜ਼ਿਆਦਾ ਨੁਕਸਾਨ ਹੋਵੇਗਾ। ਅਕਾਲੀ ਆਗੂਆਂ ਦਾ ਅਨੁਮਾਨ ਹੈ ਕਿ ਆਮ ਆਦਮੀ ਪਾਰਟੀ ਨੇ ਇਨ੍ਹਾਂ ਚੋਣਾਂ ਦੌਰਾਨ ਸੱਤਾਧਾਰੀ ਕਾਂਗਰਸ ਦੇ ਵੋਟ ਬੈਂਕ ਨੂੰ ਜ਼ਿਆਦਾ ਖੋਰਾ ਲਗਾਇਆ ਹੈ। ਇਸ ਕਾਰਨ ਕਾਂਗਰਸ ਦਾ ਵੋਟ ਟੁੱਟ ਕੇ ਆਮ ਦੇ ਹੱਕ ’ਚ ਜਾਵੇਗਾ, ਜਦੋਂਕਿ ਅਕਾਲੀ ਦਲ ਨੂੰ ‘ਆਪ’ ਜ਼ਿਆਦਾ ਨੁਕਸਾਨ ਨਹੀਂ ਕਰ ਸਕੇਗੀ। ਅਕਾਲੀ ਦਲ ਇਸ ਉਮੀਦ ਨਾਲ ਜ਼ਿਆਦਾ ਹਲਕਿਆਂ ਵਿਚ ਜਿੱਤ ਦੀ ਆਸ ਲਗਾਈ ਬੈਠਾ ਹੈ, ਜਿਸ ਕਾਰਨ ਅਕਾਲੀ ਵਰਕਰ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ।

ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਸਬੰਧੀ ਚਰਚੇ
ਇਸ ਵਾਰ ਜੇਕਰ ਜਿੱਤ ਸਬੰਧੀ ਸਭ ਤੋਂ ਜ਼ਿਆਦਾ ਦਾਅਵੇ ਅਤੇ ਚਰਚਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਮੌਕੇ ਸਭ ਤੋਂ ਵੱਡੀ ਚਰਚਾ ‘ਆਪ’ ਨੂੰ ਲੈ ਕੇ ਸੁਣਨ ਨੂੰ ਮਿਲ ਰਹੀ ਹੈ, ਜਿਸ ਢੰਗ ਨਾਲ ਪਿਛਲੇ ਦਿਨਾਂ ਵਿਚ ਸੋਸ਼ਲ ਮੀਡੀਏ ’ਤੇ ‘ਆਪ’ ਨੂੰ ਸਪੱਸ਼ਟ ਬਹੁਮਤ ਮਿਲਣ ਸਬੰਧੀ ਚਰਚਾ ਹੁੰਦੀ ਰਹੀ ਹੈ। ਉਸ ਅਨੁਸਾਰ ਆਮ ਲੋਕਾਂ ਵਿਚ ਇਸ ਪਾਰਟੀ ਦੀ ਜਿੱਤ ਸਬੰਧੀ ਸਭ ਤੋਂ ਜ਼ਿਆਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਪਾਰਟੀ ਦੇ ਕਈ ਉਮੀਦਵਾਰਾਂ ਨੇ ਆਪਣੀ ਜਿੱਤ ਨੂੰ ਯਕੀਨੀ ਸਮਝ ਕੇ ਹੁਣ ਤੋਂ ਜਸ਼ਨ ਮਨਾਉਣ ਦੀ ਤਿਆਰੀ ਕਰ ਲਈ। ਇਕ ਉਮੀਦਵਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਇਸ ਵਾਰ ਬਹੁਤ ਵੱਡੇ ਭੁਲੇਖੇ ਵਿਚ ਹੈ ਜਦੋਂ ਕਿ ਅਸਲੀਅਤ ਇਹ ਹੈ ਕਿ ਇਨ੍ਹਾਂ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰਾਂ ਦੇ ਚੋਣ ਪ੍ਰਚਾਰ ਵਿਚ ਮੋਹਰੀ ਰਹਿਣ ਵਾਲੇ ਕਈ ਦਲ-ਬਦਲੂ ਲੋਕ ‘ਆਪ’ ਦੇ ਉਮੀਦਵਾਰਾਂ ਨੂੰ ਮਿਲਦੇ ਰਹੇ। ਇਸ ਕਾਰਨ ਇਸ ਵਾਰ ਦੇ ਚੋਣ ਨਤੀਜੇ ਹੈਰਾਨੀਜਨਕ ਹੋਣਗੇ ਜੋ ਕਾਂਗਰਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦੇਣਗੇ।

ਕਾਂਗਰਸ ਨੂੰ ਸੱਤਾ ਵਾਪਸੀ ਦੀ ਉਮੀਦ
ਕਾਂਗਰਸ ਪਾਰਟੀ ਬਾਰੇ ਆਮ ਸੱਥਾਂ ਵਿਚ ਇਹੀ ਚਰਚਾ ਹੈ ਕਿ ਪਿਛਲੇ ਮਹੀਨਿਆਂ ਵਿਚ ਕਾਂਗਰਸ ਦੇ ਅੰਦਰ ਮਚੇ ਘਮਸਾਨ ਨੇ ਇਸ ਪਾਰਟੀ ਨੂੰ ਵੱਡੇ ਪੱਧਰ ’ਤੇ ਨੁਕਸਾਨ ਪਹੁੰਚਾਇਆ ਹੈ। ਜੇਕਰ ਕਾਂਗਰਸ ਪਾਰਟੀ ਚੋਣਾਂ ਤੋਂ ਕੁਝ ਮਹੀਨੇ ਆਪਸੀ ਗੁੱਟਬੰਦੀ ਵਿਚ ਉਲਝਣ ਦੀ ਬਜਾਏ ਵਿਰੋਧੀਆਂ ਦਾ ਡਟ ਕੇ ਮੁਕਾਬਲਾ ਕਰਦੀ ਤਾਂ ਇਸ ਪਾਰਟੀ ਨੂੰ ਹਰਾਉਣਾ ਹੋਰ ਪਾਰਟੀਆਂ ਲਈ ਅਾਸਾਨ ਨਹੀਂ ਹੋਣਾ ਸੀ। ਭਾਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਉਨ੍ਹਾਂ ਦੀ ਸਰਕਾਰ ਨੇ ਕੁਝ ਦਿਨਾਂ ਵਿਚ ਸਖ਼ਤ ਮਿਹਨਤ ਕੀਤੀ ਪਰ ਇਸ ਦੇ ਬਾਵਜੂਦ ਕਾਂਗਰਸ ਦੀ ਅੰਦਰੂਨੀ ਫੁੱਟ ਨੇ ਪਾਰਟੀ ਨੂੰ ਵੱਡਾ ਨੁਕਸਾਨ ਕੀਤਾ ਹੈ। ਅਜਿਹੀ ਸਥਿਤੀ ਵਿਚ ਜਿਹੜੇ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਨੇ ਹਲਕਿਆਂ ਅੰਦਰ ਲੋਕਾਂ ਦੇ ਸੇਵਕ ਬਣ ਕੇ ਲੋਕ ਸੇਵਾ ਕੀਤੀ ਹੈ, ਉਨ੍ਹਾਂ ਦੀ ਜਿੱਤ ਸਬੰਧੀ ਅੱਜ ਵੀ ਪੱਕੀ ਉਮੀਦ ਬਰਕਰਾਰ ਹੈ।
 
ਜਿਹੜੇ ਕੁਝ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ ਨੇ ਸੱਤਾ ਦੇ ਨਸ਼ੇ ਵਿਚ ਹਲਕੇ ਦੇ ਆਮ ਲੋਕਾਂ ਨੂੰ ਤਾਂ ਕੀ ਮਿਲਣਾ ਸੀ ਸਗੋਂ ਆਪਣੇ ਵਰਕਰਾਂ ਦੀ ਗੱਲ ਵੀ ਨਹੀਂ ਸੁਣੀ। ਉਨ੍ਹਾਂ ਨੂੰ ਇਨ੍ਹਾਂ ਚੋਣਾਂ ਦੌਰਾਨ ਦਿਨੇ ਤਾਰੇ ਦਿਖਾਈ ਦਿੱਤੇ ਹਨ ਅਤੇ ਅੱਜ ਵੀ ਅਜਿਹੇ ਆਗੂ ਇਹ ਦਾਅਵਾ ਕਰ ਰਹੇ ਹਨ ਕਿ ਉਹ ਜਿੱਤਣਗੇ ਜ਼ਰੂਰ, ਭਾਵੇਂ ਕਝ ਵੋਟਾਂ ਦਾ ਫਰਕ ਥੋੜਾ ਹੀ ਰਹਿ ਜਾਵੇ। ਕਾਂਗਰਸੀ ਖੇਮਿਆਂ ਵੱਲੋਂ ਵੀ ਸਰਵੇ ਕਰਵਾ ਕੇ ਜਿੱਤ-ਹਾਰ ਸਬੰਧੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਅਤੇ ਸਰਵੇ ਨੂੰ ਅਾਧਾਰ ਮੰਨ ਕੇ ਅੱਜ ਵੀ ਕਾਂਗਰਸੀ ਨੂੰ ਦੁਬਾਰਾ ਸੱਤਾ ਵਿਚ ਵਾਪਸ ਹੋਣ ਦੀ ਉਮੀਦ ਦਿਖਾਈ ਦੇ ਰਹੀ ਹੈ।


rajwinder kaur

Content Editor

Related News