ਸਮੇਂ ਸਿਰ ਪੈਨਸ਼ਨ ਨਾ ਮਿਲਣ ਕਾਰਨ ਪੈਨਸ਼ਨਰਾਂ ਕੱਢੀ ਰੋਸ ਰੈਲੀ

12/05/2017 6:40:42 AM

ਸ੍ਰੀ ਮੁਕਤਸਰ ਸਾਹਿਬ,(ਪਵਨ, ਖੁਰਾਣਾ)- ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਮੁਕਤਸਰ ਵੱਲੋਂ ਸਮੇਂ ਸਿਰ ਪੈਨਸ਼ਨ ਨਾ ਮਿਲਣ ਦੇ ਰੋਸ ਵਜੋਂ ਅੱਜ ਪ੍ਰਕਾਸ਼ ਚੰਦਰ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੱਢੀ ਗਈ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। 
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਵੱਲੋਂ ਸਮੇਂ ਸਿਰ ਪਾਵਰਕਾਮ ਦੇ ਪੈਨਸ਼ਨਰਾਂ ਨੂੰ ਪੈਨਸ਼ਨ ਨਾ ਮਿਲਣ ਕਾਰਨ ਉਹ ਖੱਜਲ-ਖੁਆਰ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਹਰ ਮਹੀਨੇ ਸਮੇਂ ਸਿਰ ਪੈਨਸ਼ਨ ਦੇਣੀ ਯਕੀਨੀ ਬਣਾਈ ਜਾਵੇ।
ਇਸ ਸਮੇਂ ਮੇਜਰ ਸਿੰਘ, ਨਛੱਤਰ ਸਿੰਘ, ਰਾਮ ਸ਼ਰਨ, ਲਾਲ ਸਿੰਘ, ਮੋਹਨ ਲਾਲ, ਭੁਪਿੰਦਰ ਸਿੰਘ, ਕਾਲੀਚਰਨ, ਕੁਲਦੀਪ ਸ਼ਰਮਾ, ਬੂਟਾ ਸਿੰਘ, ਹੰਸ ਰਾਜ ਪ੍ਰਣਾਮੀ, ਸੁਭਾਸ਼ ਖੁਰਾਣਾ ਆਦਿ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਪੈਨਸ਼ਨਰਾਂ ਨੂੰ ਖੱਜਲ-ਖੁਆਰ ਕਰਨਾ ਬੰਦ ਨਾ ਕੀਤਾ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਪੈਨਸ਼ਨਰਜ਼ ਐਸੋਸੀਏਸ਼ਨ ਨੇ ਦਿੱਤਾ ਧਰਨਾ
ਗਿੱਦੜਬਾਹਾ, (ਸੰਧਿਆ)-ਰਿਟਾਇਰਡ ਕਰਮਚਾਰੀਆਂ ਨੇ 1 ਨਵੰਬਰ 2017 ਨੂੰ ਉਨ੍ਹਾਂ ਦੇ ਖਾਤਿਆਂ ਵਿਚ ਪੈਨਸ਼ਨ ਜਮ੍ਹਾ ਨਾ ਹੋਣ ਕਾਰਨ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਗਿੱਦੜਬਾਹਾ ਦੀ ਅਗਵਾਈ ਹੇਠ ਡਵੀਜ਼ਨ ਦਫ਼ਤਰ ਅੱਗੇ ਧਰਨਾ ਦਿੱਤਾ, ਜਿਸ ਵਿਚ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਸ ਧਰਨੇ ਨੂੰ ਸੰਬੋਧਨ ਕਰਦਿਆਂ ਮੰਡਲ ਪ੍ਰਧਾਨ ਜੱਗ ਸਿੰਘ ਬੁੱਟਰ ਨੇ ਕਿਹਾ ਕਿ ਹਰ ਮਹੀਨੇ ਪਹਿਲੀ ਤਰੀਕ ਤੱਕ ਉਨ੍ਹਾਂ ਦੇ ਖਾਤਿਆਂ ਵਿਚ ਪੈਨਸ਼ਨ ਜਮ੍ਹਾ ਹੋ ਜਾਂਦੀ ਸੀ ਪਰ ਇਸ ਮਹੀਨੇ ਅਜੇ ਤੱਕ ਪੈਨਸ਼ਨ ਖਾਤਿਆਂ 'ਚ ਜਮ੍ਹਾ ਨਹੀਂ ਹੋਈ, ਜੋ ਕਿ ਰਿਟਾ. ਕਰਮਚਾਰੀਆਂ ਨਾਲ ਸਰਾਸਰ ਧੱਕਾ ਹੈ। 
ਇਸ ਮੌਕੇ ਉਨ੍ਹਾਂ ਪਾਵਰਕਾਮ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਦੀਆਂ ਇਨ੍ਹਾਂ ਨੀਤੀਆਂ ਖਿਲਾਫ਼ ਆਉਣ ਵਾਲੇ ਸਮੇਂ ਵਿਚ ਜ਼ੋਰਦਾਰ ਸੰਘਰਸ਼ ਵਿੱਢਿਆ ਜਾਵੇਗਾ। ਅੱਜ ਦਾ ਧਰਨਾ ਸਿਰਫ਼ ਚਿਤਾਵਨੀ ਨਹੀਂ ਸਗੋਂ ਆਉਣ ਵਾਲੇ ਸਮੇਂ ਵਿਚ ਸੂਬਾ ਕਮੇਟੀ ਦੇ ਸੱਦੇ 'ਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਦੌਰਾਨ ਐਸੋਸੀਏਸ਼ਨ ਦੇ ਆਗੂਆਂ ਵੱਲੋਂ ਐਕਸੀਅਨ ਡਵੀਜ਼ਨ ਗਿੱਦੜਬਾਹਾ ਦੇ ਦਫ਼ਤਰ ਵਿਚ ਮੌਜੂਦ ਨਾ ਹੋਣ ਕਰਕੇ ਮੰਡਲ ਸੁਪਰਡੈਂਟ ਰਜਿੰਦਰ ਗਰਗ ਨੂੰ ਸੀ. ਐੱਮ. ਡੀ. ਸਾਹਿਬ, ਪਾਵਰ ਕਾਰਪੋਰੇਸ਼ਨ ਪੰਜਾਬ ਦੇ ਨਾਂ ਮੰਗ-ਪੱਤਰ ਸੌਂਪਿਆ ਗਿਆ। 
ਇਸ ਸਮੇਂ ਹਰਮੰਦਰ ਸਿੰਘ, ਸੈਕਟਰੀ ਲਾਲ, ਮੇਘ ਰਾਜ, ਦਰਸ਼ਨ ਸਿੰਘ, ਸੁਰਿੰਦਰ ਸਿੰਘ, ਸਾਧੂ ਰਾਮ, ਨਿਹਾਲ ਸਿੰਘ ਆਦਿ ਹਾਜ਼ਰ ਸਨ।


Related News