ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਚੰਗੀ ਖ਼ਬਰ, ਹੋ ਗਿਆ ਵੱਡਾ ਐਲਾਨ
Wednesday, Nov 05, 2025 - 06:28 PM (IST)
ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਇਥੇ ਸੂਬੇ ਦੇ ਲਗਭਗ 3.15 ਲੱਖ ਪੈਨਸ਼ਨਰਾਂ ਲਈ ਪੈਨਸ਼ਨ ਸੇਵਾਵਾਂ ਨੂੰ ਸੁਚਾਰੂ ਬਣਾਉਣ ਲਈ ਤਿਆਰ ਕੀਤੇ ਗਏ ‘ਪੈਨਸ਼ਨਰ ਸੇਵਾ ਪੋਰਟਲ’ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ। ਪੋਰਟਲ, ਜਿਸਦਾ ਪਤਾ https://pensionersewa.punjab.gov.in ਹੈ, ਦਾ ਉਦੇਸ਼ ਪੈਨਸ਼ਨ ਵੰਡ ਕੇਸਾਂ ਦੀ ਪ੍ਰਕਿਰਿਆ ਦੇ ਕਾਰਜ ਪ੍ਰਵਾਹ ਨੂੰ ਸਵੈਚਾਲਤ ਕਰਨਾ ਅਤੇ ਪੈਨਸ਼ਨਰਾਂ ਤੇ ਪਰਿਵਾਰਕ ਪੈਨਸ਼ਨਰਾਂ ਨੂੰ ਕਈ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰਨਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪੋਰਟਲ ਸ਼ੁਰੂ ਵਿਚ ਪੈਨਸ਼ਨਰਾਂ ਨੂੰ ਛੇ ਮੁੱਖ ਸੇਵਾਵਾਂ ਪ੍ਰਦਾਨ ਕਰੇਗਾ, ਜਿਨ੍ਹਾਂ ਵਿਚ 'ਜੀਵਨ ਪ੍ਰਮਾਣ' ਮੋਬਾਈਲ ਐਪ ਰਾਹੀਂ ਡਿਜੀਟਲ ਲਾਈਫ਼ ਸਰਟੀਫਿਕੇਟ ਜਮ੍ਹਾਂ ਕਰਾਉਣਾ, ਉਤਰਾਅਧਿਕਾਰੀ ਮਾਡਿਊਲ ਰਾਹੀਂ ਪੈਨਸ਼ਨ ਨੂੰ ਪਰਿਵਾਰਕ ਪੈਨਸ਼ਨ ਵਿਚ ਤਬਦੀਲ ਕਰਨ ਲਈ ਅਰਜ਼ੀ ਦੇਣਾ, ਲੀਵ ਟਰੈਵਲ ਕਨਸੈਸ਼ਨ (ਐੱਲ.ਟੀ.ਸੀ.) ਲੈਣ ਲਈ ਅਰਜ਼ੀ ਦੇਣਾ, ਸ਼ਿਕਾਇਤ ਨਿਵਾਰਣ ਮਾਡਿਊਲ ਰਾਹੀਂ ਪੈਨਸ਼ਨ ਸਬੰਧੀ ਸ਼ਿਕਾਇਤਾਂ ਦਰਜ ਕਰਨਾ ਅਤੇ ਪ੍ਰੋਫ਼ਾਈਲ ਅਪਡੇਸ਼ਨ ਮਾਡਿਊਲ ਰਾਹੀਂ ਪੈਨਸ਼ਨਰ ਦੇ ਨਿੱਜੀ ਵੇਰਵਿਆਂ ਵਿੱਚ ਅਪਡੇਸ਼ਨ/ਬਦਲਾਅ ਕਰਨਾ ਸ਼ਾਮਲ ਹੈ। 'ਜੀਵਨ ਪ੍ਰਮਾਣ' ਮੋਬਾਈਲ ਐਪ ਐਂਡਰਾਇਡ 'ਤੇ https://play.google.com/store/apps/details?id=com.aadhaar.life ਅਤੇ ਐਪਲ ਫੋਨ ਲਈ https://apps.apple.com/in/app/jeevanpramaan/id6736359405 'ਤੇ ਉਪਲਬਧ ਹੈ।
ਇਹ ਵੀ ਪੜ੍ਹੋ : ਪੰਜਾਬ ਦੀਆਂ ਬੀਬੀਆਂ ਲਈ ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਸ਼ੁਰੂ ਹੋਈ...
ਵਿੱਤ ਮੰਤਰੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਦੀ ਪ੍ਰਕਿਰਿਆ ਸਰਲ ਅਤੇ ਵਰਤੋਂਕਾਰ-ਅਨੁਕੂਲ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨਰ ਪੋਰਟਲ 'ਤੇ ਉਪਲੱਬਧ ਆਧਾਰ ਪ੍ਰਮਾਣਿਕਤਾ ਸਹੂਲਤ ਰਾਹੀਂ ਈ-ਕੇ.ਵਾਈ.ਸੀ. ਪੂਰੀ ਕਰਕੇ 'ਪੈਨਸ਼ਨਰ ਸੇਵਾ ਪੋਰਟਲ' 'ਤੇ ਰਜਿਸਟਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਉਪਰੰਤ ਪੈਨਸ਼ਨਰ ਆਪਣੇ ਮੋਬਾਈਲ ਫੋਨਾਂ, ਪੀ.ਸੀਜ਼ ਜਾਂ ਲੈਪਟਾਪਾਂ ਰਾਹੀਂ ਪੋਰਟਲ 'ਤੇ ਆਪਣੀ ਲੌਗਇਨ ਆਈ.ਡੀ. ਦੀ ਵਰਤੋਂ ਕਰਕੇ ਘਰ ਬੈਠੇ ਹੀ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਨ੍ਹਾਂ ਸੇਵਾਵਾਂ ਦਾ ਲਾਭ ਨਜ਼ਦੀਕੀ ਸੇਵਾ ਕੇਂਦਰਾਂ, ਸੇਵਾ ਦੀ ਹੋਮ ਡਿਲੀਵਰੀ ਦੀ ਬੇਨਤੀ ਕਰਕੇ ਸਬੰਧਤ ਪੈਨਸ਼ਨ ਵੰਡਣ ਵਾਲੇ ਬੈਂਕਾਂ ਜਾਂ ਜ਼ਿਲ੍ਹਾ ਖ਼ਜ਼ਾਨਾ ਦਫ਼ਤਰਾਂ 'ਤੇ ਜਾ ਕੇ ਵੀ ਲਿਆ ਜਾ ਸਕਦਾ ਹੈ। ਵਿੱਤ ਮੰਤਰੀ ਨੇ ਵਿਦੇਸ਼ਾਂ ਵਿਚ ਰਹਿ ਰਹੇ ਪੈਨਸ਼ਨਰਾਂ ਲਈ ਸਥਿਤੀ ਸਪੱਸ਼ਟ ਕਰਦੇ ਹੋਏ ਕਿਹਾ ਕਿ ਫਿਲਹਾਲ 'ਪੈਨਸ਼ਨਰ ਸੇਵਾ ਪੋਰਟਲ' ਸਿਰਫ਼ ਭਾਰਤ ਦੇ ਅੰਦਰ ਹੀ ਚਾਲੂ ਹੈ, ਇਸ ਲਈ ਵਿਦੇਸ਼ਾਂ ਵਿਚ ਰਹਿ ਰਹੇ ਪੈਨਸ਼ਨਰਾਂ ਨੂੰ ਇਸ ਸ਼ੁਰੂਆਤੀ ਪੜਾਅ ਵਿਚ ਈ-ਕੇ.ਵਾਈ.ਸੀ. ਪੂਰਾ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਐੱਨ.ਆਰ.ਆਈ. ਪੈਨਸ਼ਨਰਾਂ ਲਈ ਈ-ਕੇ.ਵਾਈ.ਸੀ. ਨੂੰ ਸਮਰੱਥ ਬਣਾਉਣ ਲਈ ਕੰਮ ਚੱਲ ਰਿਹਾ ਹੈ ਅਤੇ ਉਦੋਂ ਤੱਕ, ਵਿਦੇਸ਼ਾਂ ਵਿੱਚ ਰਹਿ ਰਹੇ ਪੈਨਸ਼ਨਰ ਪਹਿਲਾਂ ਵਾਂਗ ਹੀ ਮੈਨੂਅਲ ਲਾਈਫ਼ ਸਰਟੀਫਿਕੇਟ ਜਮ੍ਹਾਂ ਕਰਵਾਉਂਦੇ ਰਹਿਣਗੇ।
ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਲਈ ਖੁਸ਼ਖਬਰੀ, ਤਰੱਕੀ ਨੂੰ ਲੈ ਕੇ ਆਖਿਰ ਆ ਗਿਆ ਵੱਡਾ ਫ਼ੈਸਲਾ
ਉਨ੍ਹਾਂ ਮੰਨਿਆ ਕਿ ਕੁਝ ਪੈਨਸ਼ਨਰਾਂ ਨੂੰ ਰਜਿਸਟ੍ਰੇਸ਼ਨ ਦੌਰਾਨ ਸ਼ੁਰੂਆਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਤੁਰੰਤ ਮਦਦ ਅਤੇ ਸਹਾਇਤਾ ਪ੍ਰਦਾਨ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੋਰਟਲ ਦੇ ਸ਼ੁਰੂ ਹੋਣ ਤੋਂ ਬਾਅਦ ਪੈਦਾ ਹੋਣ ਵਾਲੀਆਂ ਸ਼ਿਕਾਇਤਾਂ ਨੂੰ ਜਲਦੀ ਹੱਲ ਕਰਨ ਲਈ ਡਾਇਰੈਕਟੋਰੇਟ ਆਫ਼ ਟ੍ਰੇਜ਼ਰੀਜ਼ ਐਂਡ ਅਕਾਊਂਟਸ, ਪੈਨਸ਼ਨ ਅਤੇ ਨਵੀਂ ਪੈਨਸ਼ਨ ਸਕੀਮ ਵਿਖੇ ਇਕ ਸਮਰਪਿਤ ਵਾਰ ਰੂਮ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦੇ ਨਿਵਾਰਣ ਲਈ ਡਾਇਰੈਕਟੋਰੇਟ ਪੱਧਰ 'ਤੇ ਤਿੰਨ ਸਮਰਪਿਤ ਹੈਲਪਲਾਈਨ ਨੰਬਰ (18001802148, 01722996385, 01722996386) ਨਿਰਧਾਰਤ ਕੀਤੇ ਗਏ ਹਨ, ਜੋ ਸਾਰੇ ਕੰਮਕਾਜੀ ਦਿਨਾਂ ਦੌਰਾਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਾਰਜਸ਼ੀਲ ਰਹਿਣਗੇ। ਪੋਰਟਲ ਦੇ ਸੁਚਾਰੂ ਢੰਗ ਨਾਲ ਚਲਾਉਣ ਬਾਰੇ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਜ਼ਿਲ੍ਹਾ ਖ਼ਜ਼ਾਨਾ ਦਫ਼ਤਰਾਂ, ਬੈਂਕਾਂ ਅਤੇ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਲਈ ਸਿਖਲਾਈ ਸੈਸ਼ਨ ਸਫ਼ਲਤਾਪੂਰਵਕ ਕਰਵਾਏ ਗਏ ਹਨ ਅਤੇ ਵਿਸਥਾਰ ਵਿਚ ਜਾਣਕਾਰੀ ਦੇਣ ਵਾਲੇ ਦਸਤਾਵੇਜ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਖਾਸ ਤੌਰ ‘ਤੇ 'ਪੈਨਸ਼ਨਰ ਸੇਵਾ ਪੋਰਟਲ' ਦਾ ਇਕ ਪਾਇਲਟ ਪ੍ਰੋਜੈਕਟ ਜ਼ਿਲ੍ਹਾ ਖ਼ਜ਼ਾਨਾ ਦਫ਼ਤਰਾਂ, ਬੈਂਕਾਂ ਅਤੇ ਸੇਵਾ ਕੇਂਦਰਾਂ ਦੇ ਪੱਧਰ 'ਤੇ ਪਹਿਲਾਂ ਹੀ ਸਫ਼ਲਤਾਪੂਰਵਕ ਸੰਪੰਨ ਹੋ ਚੁੱਕਾ ਹੈ, ਜੋ ਸੂਬਾ ਪੱਧਰੀ ਲਾਗੂਕਰਨ ਲਈ ਇਸਦੀ ਤਿਆਰੀ ਦੀ ਪੁਸ਼ਟੀ ਕਰਦਾ ਹੈ।
ਇਹ ਵੀ ਪੜ੍ਹੋ : ਪੰਜਾਬੀ ਗਾਇਕ ਸਤਿੰਦਰ ਸਰਤਾਜ ਦੇ ਨਾਂ 'ਤੇ ਬਣੇਗੀ ਸੜਕ, ਪੰਜਾਬ ਸਰਕਾਰ ਨੇ ਜਾਰੀ ਕੀਤੀ ਨੋਟੀਫਿਕੇਸ਼ਨ
