ਬੇਮੌਸਮੀ ਬਰਸਾਤ ਨਾਲ ਕਿਸਾਨਾਂ ਦੇ ਚਿਹਰੇ ਮੁਰਝਾਏ

Friday, Apr 20, 2018 - 01:23 AM (IST)

ਬਟਾਲਾ, (ਬੇਰੀ)- ਅੱਜ ਜਿਵੇਂ ਹੀ ਬੇਮੌਸਮੀ ਬਰਸਾਤ ਬਟਾਲਾ 'ਚ ਹੋਈ, ਅਨਾਜ ਮੰਡੀ 'ਚ ਆਪਣੀ ਫਸਲ ਲੈ ਕੇ ਆਏ ਕਿਸਾਨਾਂ ਦੇ ਚਿਹਰੇ ਮੁਰਝਾਅ ਗਏ ਕਿਉਂਕਿ ਹਰ ਸਾਲ ਹੁੰਦੀ ਬੇਮੌਸਮੀ ਬਰਸਾਤ ਕਾਰਨ ਜਿਥੇ ਕਿਸਾਨਾਂ ਵੱਲੋਂ ਮਿਹਨਤ ਨਾਲ ਤਿਆਰ ਕੀਤੀ ਗਈ ਕਣਕ ਦਾ ਪੂਰਾ ਸਮਰਥਨ ਮੁੱਲ ਨਹੀਂ ਮਿਲ ਪਾਉਂਦਾ, ਉਥੇ ਨਾਲ ਹੀ ਫਸਲ ਦਾ ਝਾੜ ਵੀ ਕਾਫੀ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਆਪਣੀ ਗਿੱਲੀ ਕਣਕ ਅਨਾਜ ਮੰਡੀ 'ਚ ਵੇਚਣ ਲਈ ਮਜਬੂਰ ਹੋਣਾ ਪੈਂਦਾ ਹੈ, ਇਹ ਸਭ ਕੁਦਰਤ ਦੇ ਹੱਥ 'ਚ ਹੈ। 
ਦੱਸਣਯੋਗ ਹੈ ਕਿ ਬਟਾਲਾ ਦੀ ਨਵੀਂ ਅਨਾਜ ਮੰਡੀ 'ਚ ਪਾਣੀ ਦੇ ਨਿਕਾਸ ਦਾ ਕੋਈ ਯੋਗ ਪ੍ਰਬੰਧ ਨਹੀਂ ਹੈ, ਜਿਸ ਕਾਰਨ ਹਮੇਸ਼ਾ ਬਰਸਾਤ ਦੌਰਾਨ ਮੰਡੀ ਵਿਚ ਪਾਣੀ ਖੜ੍ਹਾ ਹੋ ਜਾਂਦਾ ਹੈ। ਇਸ ਨਾਲ ਕਿਸਾਨਾਂ, ਲੇਬਰ ਅਤੇ ਆੜ੍ਹਤੀਆਂ ਨੂੰ ਫਸਲ ਦੀ ਢੇਰੀ ਲਾਉਣ 'ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧ 'ਚ ਅੱਜ ਗੱਲਬਾਤ ਕਰਦਿਆਂ ਸੰਜੀਵ ਕੁਮਾਰ ਮੁਨੀਮ, ਪ੍ਰੇਮ ਮਸੀਹ, ਸਤਪਾਲ, ਸੁਰਿੰਦਰ ਕੁਮਾਰ, ਗੁਰਨਾਮ ਸਿੰਘ, ਮੁਨੀਸ਼ ਕੁਮਾਰ ਆਦਿ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਮੰਡੀ 'ਚ ਪਾਣੀ ਖੜ੍ਹਾ ਹੋਣ ਨਾਲ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਪੇਸ਼ ਆ ਰਹੀਆਂ ਹਨ ਅਤੇ ਆਪਣੇ ਤੌਰ 'ਤੇ ਮਸ਼ੀਨ ਮੰਗਵਾ ਕੇ ਉਹ ਮੰਡੀ ਦੀਆਂ ਫੜ੍ਹਾਂ ਵਿਚੋਂ ਪਾਣੀ ਨੂੰ ਕੱਢ ਰਹੇ ਹਨ ਕਿਉਂਕਿ ਇਥੇ ਸੀਵਰੇਜ ਉੱਚਾ ਹੋਣ ਨਾਲ ਪਾਣੀ ਦਾ ਨਿਕਾਸ ਨਹੀਂ ਹੁੰਦਾ। ਇਸ ਲਈ ਪ੍ਰਸ਼ਾਸਨ ਅਤੇ ਸੀਵਰੇਜ ਬੋਰਡ ਤੋਂ ਮੰਗ ਹੈ ਕਿ ਇਥੇ ਪਾਣੀ ਦੇ ਨਿਕਾਸ ਦਾ ਪੁਖਤਾ ਪ੍ਰਬੰਧ ਕਰਵਾਇਆ ਜਾਵੇ।


Related News