ਪਰਲ ਗਰੁੱਪ ਹੱਥੋਂ ਠੱਗੇ ਲੋਕਾਂ ਲਈ ਰਾਹਤ ਭਰੀ ਖ਼ਬਰ, ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ
Saturday, May 27, 2023 - 06:57 PM (IST)
ਚੰਡੀਗੜ੍ਹ : ਪੰਜਾਬ ਵਿਚ ਲਗਭਗ 10 ਲੱਖ ਲੋਕਾਂ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਵਾਲੀ ਕੰਪਨੀ ਪਰਲ ਗਰੁੱਪ ਦੀ ਜਾਂਚ ਹੁਣ ਪੰਜਾਬ ਸਰਕਾਰ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ. ਆਈ. ਟੀ.) ਕਰੇਗੀ। ਇਸ ਵਿਚ ਛੇ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਐੱਸ. ਆਈ. ਟੀ. ਦੀ ਪ੍ਰਧਾਨਗੀ ਵਿਜੀਲੈਂਸ ਬਿਓਰੋ ਦੇ ਡਾਇਰੈਕਟਰ ਰਾਹੁਲ ਐੱਸ ਕਰਨਗੇ। ਟੀਮ ਦੇ ਹੋਰ ਮੈਂਬਰਾਂ ਵਿਚ ਜੁਆਇੰਟ ਡਾਇਰੈਕਟਰ ਵਿਜੀਲੈਂਸ ਕੰਵਲਦੀਪ ਸਿੰਘ, ਏ. ਆਈ. ਜੀ. ਵਿਜੀਲੈਂਸ ਦਲਜੀਤ ਸਿੰਘ ਰਾਣਾ, ਡੀ. ਐੱਸ. ਪੀ. ਸਲਾਮੂਦੀਪ, ਡੀ. ਐੱਸ. ਪੀ. ਨਵਦੀਪ ਸਿੰਘ, ਇੰਸਪੈਕਟਰ ਮੋਹਿਤ ਧਵਨ ਅਤੇ ਇੰਸਪੈਕਟਰ ਮਾਧਵੀ ਕਲਿਆਣ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਹੁਕਮ ਵਿਜੀਲੈਂਸ ਬਿਓਰੋ ਦੇ ਚੀਫ ਡਾਇਰੈਕਟਰ ਵਲੋਂ ਜਾਰੀ ਕੀਤੇ ਗਏ ਹਨ। ਹੁਕਮ ਵਿਚ ਨਵੀਂ ਗਠਿਤ ਐੱਸ. ਆਈ. ਟੀ. ਦੇ ਨਾਲ ਲੀਗਲ ਐਕਸਪਰਟ ਦੇ ਤੌਰ ’ਤੇ ਸਹਾਇਕ ਅਟਾਰਨੀ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨਾਲ ਪੀੜਤ ਲੋਕਾਂ ਨੂੰ ਕੁੱਝ ਰਾਹਤ ਮਿਲਣ ਦੀ ਸੰਭਾਵਨਾ ਜ਼ਰੂਰ ਬੱਝ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਮੀਂਹ ਨੂੰ ਲੈ ਕੇ ਜਾਰੀ ਹੋਇਆ ਅਲਰਟ, ਮੌਸਮ ਵਿਭਾਗ ਨੇ ਦਿੱਤੀ ਇਹ ਚਿਤਾਵਨੀ
ਵਿਜੀਲੈਂਸ ਨੂੰ ਜਾਂਚ ਸੌਂਪਣ ਤੋਂ ਪਹਿਲਾਂ ਪਰਲ ਗਰੁੱਪ ਖ਼ਿਲਾਫ਼ ਸਭ ਤੋਂ ਪਹਿਲਾਂ ਫਿਰੋਜ਼ਪੁਰ ਦੇ ਜ਼ੀਰਾ ਪੁਲਸ ਸਟੇਸ਼ਨ ਵਿਚ ਧੋਖਾਧੜੀ, ਫਰਜ਼ੀ ਦਸਤਾਵੇਜ਼ ਤਿਆਰ ਕਰਕੇ ਲੋਕਾਂ ਨੂੰ ਸਾਜ਼ਿਸ਼ ਤਹਿਤ ਫਸਾਉਣ ਅਤੇ ਕਰੋੜਾਂ ਰੁਪਏ ਦੇ ਲੈਣ ਦੇਣ ਦੇ ਜਾਅਲੀ ਦਸਤਾਵੇਜ਼ਾਂ ਨੂੰ ਤਿਆਰ ਕਰਨ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਸੀ। ਗੌਰਲਤਲਬ ਹੈ ਕਿ ਪਰਲ ਗਰੁੱਪ ਨੇ ਦੇਸ਼ ਵਿਚ ਲਗਭਗ 5.50 ਕਰੋੜ ਲੋਕਾਂ ਤੋਂ ਪ੍ਰਾਪਰਟੀ ਵਿਚ ਨਿਵੇਸ਼ ਕਰਵਾਇਆ। ਇਸ ਤੋਂ ਲਗਭਗ 60 ਹਜ਼ਾਰ ਕਰੋੜ ਰੁਪਏ ਦੀ ਕਮਾਈ ਕੀਤੀ। ਨਿਵੇਸ਼ਕਾਂ ਨੂੰ ਫਰਜ਼ੀ ਅਲਾਟਮੈਂਟ ਪੱਤਰ ਫੜਾ ਕੇ ਕੰਪਨੀ ਨੇ ਪੈਸਾ ਹੜਪ ਲਿਆ ਸੀ।
ਇਹ ਵੀ ਪੜ੍ਹੋ : 12 ਸਾਲਾ ਬੱਚੀ ਬਣੀ ਮਾਂ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਪੀੜਤਾ ਦੇ ਬਿਆਨ ਵੀ ਦਰਜ ਕੀਤੇ ਜਾਣਗੇ
ਮਾਮਲੇ ਦੀ ਪੈਰਵੀ ਵਿਜੀਲੈਂਸ ਦੇ ਸਹਾਇਕ ਅਟਾਰਨੀ ਸੋਨਕ ਬਾਲੀ ਕਰਨਗੇ। ਇਹ ਟੀਮ ਕੰਪਨੀ ਦੀ ਪ੍ਰਾਪਰਟੀ ਸੰਬੰਧੀ ਵੀ ਜਾਣਕਾਰੀ ਇਕੱਠੀ ਕਰੇਗੀ। ਟੀਮ ਇਹ ਪਤਾ ਲਗਾਏਗੀ ਕਿ ਪਰਲ ਕੰਪਨੀ ਨੇ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿਚ ਕਿੰਨੇ-ਕਿੰਨੇ ਲੋਕਾਂ ਨਾਲ ਠੱਗੀ ਕੀਤੀ ਹੈ। ਪਿਛਲੇ ਦਿਨੀਂ ਮੁੱਖ ਮਤੰਰੀ ਭਗਵੰਤ ਮਾਨ ਨੇ ਵੀ ਕਿਹਾ ਸੀ ਕਿ ਕੰਪਨੀ ਦੀ ਪੰਜਾਬ ਵਿਚ ਕਾਫੀ ਜਾਇਦਾਦ ਹੈ। ਸੂਬਾ ਸਰਕਾਰ ਕਾਨੂੰਨੀ ਤਰੀਕੇ ਨਾਲ ਪਰਲ ਕੰਪਨੀ ਦੀ ਜਾਇਦਾਦ ਨੂੰ ਆਪਣੇ ਕਬਜ਼ੇ ਵਿਚ ਲਵੇਗੀ। ਨਵੀਂ ਐੱਸ. ਆਈ. ਟੀ. ਪੀੜਤਾਂ ਦੀ ਪਛਾਣ ਲਈ ਹਰ ਜ਼ਿਲ੍ਹੇ ਦਾ ਦੌਰਾ ਕਰੇਗੀ ਅਤੇ ਪੀੜਤਾਂ ਦੇ ਬਿਆਨ ਵੀ ਦਰਜ ਕਰੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਅਹਿਮ ਖ਼ਬਰ, ਕੇਂਦਰ ਸਰਕਾਰ ਨੇ ਚੁੱਕਿਆ ਵੱਡਾ ਕਦਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani