ਕੋਲਕਾਤਾ ਜਬਰ-ਜਨਾਹ ਤੇ ਕਤਲ ਦੇ ਮਾਮਲੇ ਨੂੰ ਲੈ ਕੇ PCMS ਦੀ ਹੜਤਾਲ, ਮਰੀਜ਼ਾਂ ਨੇ ਕਿਹਾ- ''ਸਾਡਾ ਕੀ ਕਸੂਰ...''
Saturday, Aug 17, 2024 - 05:06 AM (IST)
ਜਲੰਧਰ (ਸ਼ੋਰੀ)- ਪੀ.ਸੀ.ਐੱਮ.ਐੱਸ. (ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ) ਦੇ ਡਾਕਟਰਾਂ ਤੇ ਸਟਾਫ਼ ਵੱਲੋਂ ਸਿਵਲ ਹਸਪਤਾਲ ’ਚ ਓ.ਪੀ.ਡੀ. ਸਮੇਂ ਦੌਰਾਨ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਮਰੀਜ਼ਾਂ ਦਾ ਚੈਕਅੱਪ ਨਹੀਂ ਕੀਤਾ ਗਿਆ। ਸਾਰਿਆਂ ਨੇ ਕੋਲਕਾਤਾ ’ਚ ਮਹਿਲਾ ਡਾਕਟਰ ਨਾਲ ਜਬਰ-ਜ਼ਨਾਹ ਤੇ ਕਤਲ ਕਰਨ ਵਾਲਿਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ।
ਡਾਕਟਰਾਂ ਨੇ ਕਿਹਾ ਕਿ ਇਹ ਬਿਨਾਂ ਸ਼ੱਕ ਸ਼ਰਮ ਦੀ ਗੱਲ ਹੈ ਕਿ ਡਾਕਟਰ ਦਿਨ-ਰਾਤ ਮਰੀਜ਼ਾਂ ਦੀ ਸੇਵਾ ਕਰਦੇ ਹਨ ਤੇ ਉਨ੍ਹਾਂ ਨੂੰ ਬੇਰਹਿਮੀ ਨਾਲ ਸ਼ਿਕਾਰ ਬਣਾਇਆ ਜਾ ਰਿਹਾ ਹੈ। ਜਿਸ ਨੂੰ ਪੁਲਸ ਨੇ ਇਸ ਜਬਰ-ਜ਼ਨਾਹ ਦੇ ਮਾਮਲੇ 'ਚ ਫੜਿਆ ਹੈ, ਉਸ ਨੂੰ ਸਖ਼ਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਪੀ.ਸੀ.ਐੱਮ.ਐੱਸ. ਐਸੋਸੀਏਸ਼ਨ ਨੇ ਸਿਵਲ ਸਰਜਨ ਨੂੰ ਇਕ ਮੰਗ-ਪੱਤਰ ਦਿੱਤਾ, ਜਿਸ ’ਚ ਸੁਰੱਖਿਆ ਦੇ ਪ੍ਰਬੰਧ ਵਧਾਏ ਜਾਣ ਦੀ ਮੰਗ ਕੀਤੀ ਗਈ।
ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਮੰਗ ਹੈ ਕਿ ਜਿੱਥੇ ਲੋਕਾਂ ਨੂੰ 24 ਘੰਟੇ ਸਿਹਤ ਸੇਵਾਵਾਂ ਮਿਲ ਰਹੀਆਂ ਹੋਣ ਅਤੇ ਜਿੱਥੇ ਐੱਮ.ਐੱਲ.ਆਰ. ਕੱਟੀ ਜਾਂਦੀ ਹੈ ਉੱਥੇ ਪੁਲਸ ਚੌਕੀ ਬਣਾਈ ਜਾਵੇ। ਇਸ ਤੋਂ ਇਲਾਵਾ ਐਮਰਜੈਂਸੀ ਵਾਰਡ ’ਚ ਇਕ ਅਜਿਹਾ ਬਟਨ ਹੋਣਾ ਚਾਹੀਦਾ ਹੈ, ਜਿਸ ਦਾ ਪੁਲਸ ਨਾਲ ਹਾਰਟ ਲਾਈਨ ਕੁਨੈਕਸ਼ਨ ਹੋਵੇ ਤਾਂ ਜੋ ਲੋੜ ਪੈਣ ’ਤੇ ਜੇਕਰ ਡਾਕਟਰ ਬਟਨ ਨੂੰ ਦਬਾਵੇ ਹੈ ਤਾਂ ਸਬੰਧਤ ਥਾਣੇ ਤੋਂ ਵੱਡੀ ਗਿਣਤੀ ’ਚ ਪੁਲਸ ਤੁਰੰਤ ਮੌਕੇ ’ਤੇ ਪਹੁੰਚ ਸਕੇ।
ਇਹ ਵੀ ਪੜ੍ਹੋ- ਪੁਲਸ ਮੁਲਾਜ਼ਮਾਂ ਨੇ ਸਿਵਲ ਸਰਜਨ ਨੂੰ ਆਜ਼ਾਦੀ ਸਮਾਗਮ 'ਚ ਜਾਣ ਤੋਂ ਰੋਕਿਆ, ਕਮਿਸ਼ਨਰ ਨੇ ਕੀਤਾ ਸਸਪੈਂਡ
ਮਰੀਜ਼ ਹੋਏ ਪ੍ਰੇ੍ਸ਼ਾਨ, ਕਿਹਾ- ''ਸਾਡਾ ਕੀ ਕਸੂਰ''
ਹੜਤਾਲ ਕਾਰਨ ਸਵੇਰ ਤੋਂ ਹੀ ਹਸਪਤਾਲ ’ਚ ਇਲਾਜ ਲਈ ਆਏ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮਰੀਜ਼ ਨੂੰ ਲੱਗ ਰਿਹਾ ਸੀ ਕਿ 1 ਜਾਂ 2 ਘੰਟੇ ਤੱਕ ਹੜਤਾਲ ਤੇ ਧਰਨਾ ਹੋਵੇਗਾ, ਜਿਸ ਤੋਂ ਬਾਅਦ ਡਾਕਟਰ ਰੁਟੀਨ ਅਨੁਸਾਰ ਉਨ੍ਹਾਂ ਦਾ ਚੈਕਅੱਪ ਕਰਨਗੇ ਪਰ ਓ.ਪੀ.ਡੀ. ਦਾ ਦਰਵਾਜ਼ਾ ਹੀ ਬੰਦ ਕਰ ਦਿੱਤਾ ਗਿਆ ਤੇ ਬਾਅਦ ’ਚ ਪਤਾ ਲੱਗਾ ਕਿ ਹੜਤਾਲ 2 ਵਜੇ ਤੱਕ ਭਾਵ ਸਾਰਾ ਦਿਨ ਰਹੇਗੀ, ਜਿਸ ਤੋਂ ਬਾਅਦ ਨਿਰਾਸ਼ ਮਰੀਜ਼ ਇਲਾਜ ਲਈ ਦੂਜੇ ਹਸਪਤਾਲਾਂ ’ਚ ਚਲੇ ਗਏ।
ਹੜਤਾਲ ’ਤੇ ਆਈ.ਐੱਮ.ਏ. ਨੇ ਸਾਧੀ ਚੁੱਪੀ
ਬੇਸ਼ੱਕ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਨੇ ਇਕ ਮਹਿਲਾ ਡਾਕਟਰ ਦੇ ਕਤਲ ਤੇ ਜਬਰ-ਜ਼ਨਾਹ ਦੇ ਮਾਮਲੇ 'ਤੇ ਗੁੱਸਾ ਜ਼ਾਹਰ ਕਰਦਿਆਂ ਜਲੰਧਰ ’ਚ ਰੋਸ ਪ੍ਰਦਰਸ਼ਨ ਕੀਤਾ ਪਰ ਆਈ.ਐੱਮ.ਏ. ਵੱਲੋਂ ਸ਼ੁੱਕਰਵਾਰ ਨੂੰ ਕੰਮ ਬੰਦ ਕਰ ਕੇ ਹੜਤਾਲ ਨਾ ਕਰਨ ਨੂੰ ਲੈ ਕੇ ਕੁਝ ਸਰਕਾਰੀ ਡਾਕਟਰਾਂ ’ਚ ਗੁੱਸਾ ਹੈ। ਉਕਤ ਡਾਕਟਰਾਂ ਦਾ ਕਹਿਣਾ ਹੈ ਕਿ ਸਾਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਚਾਹੀਦਾ ਸੀ ਤਾਂ ਜੋ ਸਾਰਿਆਂ ਦਾ ਮਨੋਬਲ ਉੱਚਾ ਰਹੇ ਤੇ ਸਭ ਨੂੰ ਪਤਾ ਹੋਵੇ ਕਿ ਅਸੀਂ ਸਾਰੇ ਇਕ ਹਾਂ ਪਰ ਡਾਕਟਰਾਂ ਦੀ ਆਈ.ਐੱਮ.ਏ. 'ਚ ਪ੍ਰਾਈਵੇਟ ਹਸਪਤਾਲ ਵੀ ਸ਼ਾਮਲ ਹੁੰਦੇ ਹਨ। ਉਕਤ ਐਸੋਸੀਏਸ਼ਨ ਨੂੰ ਵੀ ਸਾਡੇ ਨਾਲ ਹੜਤਾਲ ਕਰ ਕੇ ਕੰਮ ਬੰਦ ਰੱਖਣਾ ਚਾਹੀਦਾ ਸੀ।
ਇਹ ਵੀ ਪੜ੍ਹੋ- ਹਸਪਤਾਲ ਇਲਾਜ ਕਰਵਾਉਣ ਜਾਣ ਤੋਂ ਪਹਿਲਾਂ ਪੜ੍ਹ ਲਓ ਇਹ ਜ਼ਰੂਰੀ ਖ਼ਬਰ, ਅੱਜ ਬੰਦ ਰਹਿਣਗੀਆਂ OPDs
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e