PAU ਦੇ ਕੀਟ ਵਿਗਿਆਨੀਆਂ ਨੇ ਹਿਮਾਚਲ ਦੇ ਕਬੀਲਾਈ ਕਿਸਾਨਾਂ ਨੂੰ ਦਿੱਤੀ ਸਿਖਲਾਈ
Tuesday, Mar 19, 2019 - 05:30 PM (IST)
ਲੁਧਿਆਣਾ-ਪੰਜਾਬ ਐਗਰੀਕਲਚਰ ਯੂਨੀਵਰਸਿਟੀ (PAU) ਨੇ ਚੌਧਰੀ ਸਰਵਨ ਕੁਮਾਰ ਹਿਮਾਚਲ ਪ੍ਰਦੇਸ਼ ਕ੍ਰਿਸ਼ੀ ਵਿਸ਼ਵ ਵਿਦਿਆਲਾ, ਪਾਲਮਪੁਰ, ਹਿਮਾਚਲ ਪ੍ਰਦੇਸ਼ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਬਜੌਰਾ ਜ਼ਿਲਾ ਕੁੱਲੂ ਦੇ ਸਹਿਯੋਗ ਨਾਲ ਹਿਮਾਚਲ ਪ੍ਰਦੇਸ਼ ਦੇ ਕਬੀਲਾਈ ਕਿਸਾਨਾਂ ਨੂੰ 'ਖੇਤੀ-ਬਾਗਬਾਨੀ ਫ਼ਸਲਾਂ ਦੀਆਂ ਜੂੰਆਂ ਅਤੇ ਉਹਨਾਂ ਦਾ ਸੰਯੁਕਤ ਪ੍ਰਬੰਧਨ' ਵਿਸ਼ੇ ਤੇ ਦੋ ਸਿਖਲਾਈ ਪ੍ਰੋਗਰਾਮ ਕੁੱਲੂ ਦੇ ਖੇਤਰ ਵਿੱਚ ਲਗਾਏ ਗਏ।
ਡਾ. ਪ੍ਰਦੀਪ ਕੁਮਾਰ ਛੁਨੇਜਾ ਮੁਖੀ ਕੀਟ ਵਿਗਿਆਨ ਵਿਭਾਗ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਿਖਲਾਈ ਪ੍ਰੋਗਰਾਮ ਟਰਾਈਬ-ਸਬ-ਪਲਾਨ (ਟੀ. ਐਸ. ਪੀ.) ਪ੍ਰੋਗਰਾਮ ਅਧੀਨ ਆਯੋਜਿਤ ਕੀਤੇ ਗਏ ਸਨ, ਜੋ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਸਹਾਇਤਾ ਪ੍ਰਾਪਤ ਆਲ ਇੰਡੀਆ ਨੈਟਵਰਕ ਪ੍ਰੋਜੈਕਟ ਤਹਿਤ ਆਉਂਦਾ ਹੈ ।
ਸੀਨੀਅਰ ਐਕਰੋਲੋਜਿਸਟ ਅਤੇ ਇਸ ਸਕੀਮ ਦੇ ਪ੍ਰਿੰਸੀਪਲ ਇਨਵੈਸਟੀਗੇਟਰ ਡਾ. ਮਨਮੀਤ ਭੁੱਲਰ ਨੇ ਇਸ ਸਿਖਲਾਈ ਪ੍ਰੋਗਰਾਮ ਨੂੰ ਬਾਗਬਾਨੀ ਫ਼ਸਲਾਂ, ਦੀਆਂ ਜੂੰਆਂ ਦੀ ਪਛਾਣ ਅਤੇ ਉਹਨਾਂ ਦੇ ਸੰਯੁਕਤ ਕੀਟ ਪ੍ਰਬੰਧਨ ਬਾਰੇ ਕੁੱਲੂ ਖੇਤਰ ਦੇ ਕੁੱਝ ਪਿੰਡਾਂ ਜਿਵੇਂ ਚੋਯਾਲ, ਬਜੌਰਾ ਅਤੇ ਸੀਓਬਾਗ ਦੇ ਕਿਸਾਨਾਂ ਨੂੰ ਸਿਖਲਾਈ ਦੇਣ ਲਈ ਵਿਉਂਤਿਆ ਸੀ । ਕੁੱਲ 76 ਕਿਸਾਨ ਇਸ ਸਿਖਲਾਈ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ। ਇਸ ਦੇ ਨਾਲ ਹੀ ਪੰਚਾਇਤਾਂ ਦੇ ਮੁਖੀ ਅਤੇ ਮੈਂਬਰ ਪੰਚਾਇਤ ਵੀ ਇਸ ਸਿਖਲਾਈ ਪ੍ਰੋਗਰਾਮ ਦਾ ਹਿੱਸਾ ਬਣੇ । ਸਿਖਲਾਈ ਲੈਣ ਵਾਲੇ ਕਿਸਾਨਾਂ ਨੂੰ ਛਾਂਗਣ ਵਾਲੇ ਔਜਾਰ ਅਤੇ ਹੱਥ ਲੈਜ਼ ਦੇ ਨਾਲ ਵਿਸ਼ੇ ਨਾਲ ਸੰਬੰਧਿਤ ਇੱਕ ਹਿੰਦੀ ਬੁਲੇਟਿਨ ਦਿੱਤਾ ਗਿਆ, ਜਿਸ 'ਚ ਇਹਨਾਂ ਜੂੰਆਂ ਦੀ ਪਛਾਣ ਅਤੇ ਇਹਨਾਂ ਦੀ ਰੋਕਥਾਮ ਦੇ ਤਰੀਕੇ ਸਨ ।