ਪਟਵਾਰੀਆਂ ਦਿੱਤਾ ਤਹਿਸੀਲ ਕੰਪਲੈਕਸ ''ਚ ਧਰਨਾ

02/14/2018 12:15:37 PM


ਜਲਾਲਾਬਾਦ/ਮੰਡੀ ਲਾਧੂਕਾ (ਸੇਤੀਆ, ਨਿਖੰਜ, ਬੰਟੀ, ਟੀਨੂੰ, ਦੀਪਕ, ਬਜਾਜ, ਜਤਿੰਦਰ, ਸੰਧੂ) - ਸਥਾਨਕ ਪਟਵਾਰ ਯੂਨੀਅਨ ਵੱਲੋਂ ਬੀਤੇ ਕੁਝ ਦਿਨਾਂ ਤੋਂ ਬਰਖਾਸਤ ਪਟਵਾਰੀਆਂ ਨੂੰ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਤਹਿਸੀਲ ਕੰਪਲੈਕਸ 'ਚ ਧਰਨਾ ਦੇ ਕੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਧਾਰਾ 144 ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ, ਜਦਕਿ ਦੂਜੇ ਪਾਸੇ ਐੱਸ. ਡੀ. ਐੱਮ. ਵੱਲੋਂ ਪਟਵਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ। 
ਇਥੇ ਦੱਸਣਯੋਗ ਹੈ ਕਿ ਜਥੇਬੰਦੀ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਿਨਾਂ ਧਰਨਾ ਨਹੀਂ ਦੇ ਸਕਦੀ ਅਤੇ ਜੇਕਰ ਸ਼ਾਂਤਮਈ ਢੰਗ ਨਾਲ ਧਰਨਾ ਦੇਣਾ ਹੋਵੇ ਤਾਂ ਉਸ ਲਈ ਮਨਜ਼ੂਰੀ ਲੈਣੀ ਲਾਜ਼ਮੀ ਹੈ ਅਤੇ ਉਸ ਲਈ ਜਗ੍ਹਾ ਨਿਰਧਾਰਤ ਕੀਤੀ ਗਈ ਹਨ ਤਾਂ ਜੋ ਉਨ੍ਹਾਂ ਦੇ ਧਰਨੇ ਨਾਲ ਸਰਕਾਰੀ ਜਾਂ ਗੈਰ ਸਰਕਾਰੀ ਸੰਪਤੀ ਦਾ ਨੁਕਸਾਨ ਨਾ ਹੋਵੇ ਤੇ ਨਾ ਕਿਸੇ ਨੂੰ ਸਮੱਸਿਆ ਨਾ ਹੋਵੇ ਪਰ ਜਲਾਲਾਬਾਦ ਦੇ ਪਟਵਾਰੀਆਂ ਵੱਲੋਂ ਸ਼ਰੇਆਮ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪਟਵਾਰੀਆਂ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ਦੇ ਉਲਟ ਆਪਣੇ ਪ੍ਰਾਈਵੇਟ ਮੁੰਡਿਆਂ ਨੂੰ ਕੀਮਤੀ ਮਾਲ ਰਿਕਾਰਡ ਸੌਂਪ ਕੇ ਉਨ੍ਹਾਂ ਤੋਂ ਕੰਮ ਕਰਵਾਇਆ ਜਾ ਰਿਹਾ ਸੀ, ਜਿਸ ਦੇ ਸਬੰਧ 'ਚ ਉਨ੍ਹਾਂ ਦੇ ਇਕ ਪਟਵਾਰੀ ਸਾਥੀ ਨੂੰ ਡੀ. ਸੀ ਫਾਜ਼ਿਲਕਾ ਵੱਲੋਂ ਸਸਪੈਂਡ ਕੀਤਾ। ਇਹ ਇਕ ਚਿੰਤਾ ਦਾ ਵਿਸ਼ਾ ਹੈ ਕਿ ਕੋਈ ਜਥੇਬੰਦੀ ਆਪਣੀ ਯੂਨੀਅਨ ਦੇ ਦਮ 'ਤੇ ਪ੍ਰਸ਼ਾਸਨ ਨੂੰ ਦਬਾਅ ਕੇ ਕੋਈ ਗਲਤ ਫ਼ੈਸਲੇ ਕਰਵਾਉਂਦੀ ਰਹੇਗੀ।

ਕੀ ਕਹਿਣਾ ਹੈ ਐੱਸ. ਡੀ. ਐੱਮ. ਦਾ
ਐੱਸ. ਡੀ. ਐੱਮ. ਤੋਂ ਮਾਣਯੋਗ ਹਾਈਕੋਰਟ ਦੇ ਹੁਕਮਾਂ ਦੀ ਹੋ ਰਹੀ ਉਲੰਘਣਾ ਸਬੰਧੀ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਇਹ ਮਸਲਾ ਮੇਰੇ ਧਿਆਨ 'ਚ ਆ ਗਿਆ ਹੈ। ਇਸ ਲਈ ਮੈਂ ਉਕਤ ਪਟਵਾਰ ਯੂਨੀਅਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਅਤੇ ਉਨ੍ਹਾਂ ਨੂੰ ਨਿਰਵਿਘਨ ਕੰਮ ਕਰਨ ਦੀ ਹਦਾਇਤ ਕੀਤੀ ਹੈ। ਜੇਕਰ ਫਿਰ ਵੀ ਪਟਵਾਰੀ ਇਸ ਦੀ ਉਲੰਘਣਾ ਕਰਦੇ ਹਨ ਤਾਂ ਇਨ੍ਹਾਂ ਖ਼ਿਲਾਫ਼ ਸਖ਼ਤ ਕਨੂੰਨੀ ਕਾਰਵਾਈ ਕੀਤੀ ਜਾਵੇਗੀ।

ਕੀ ਕਹਿੰਦੇ ਨੇ ਡੀ. ਐੱਸ. ਪੀ.
ਡੀ. ਐੱਸ. ਪੀ. ਤੋਂ ਇਸ ਉਲੰਘਣਾ ਸਬੰਧੀ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਮੈਂ ਬਾਹਰ ਹਾਂ, ਇਸ ਕਰਕੇ ਮੇਰੇ ਧਿਆਨ 'ਚ ਨਹੀਂ ਹੈ ਇਹ ਮਾਮਲਾ। ਇਸ ਬਾਰੇ ਮੈਂ ਹੁਣੇ ਐੱਸ. ਐੱਚ. ਓ. ਸਿਟੀ ਜਲਾਲਾਬਾਦ ਨੂੰ ਕਹਿ ਦਿੰਦਾ ਹਾਂ।


Related News