ਲੱਛਣਾਂ ਤੋਂ ਬਗੈਰ ਸਾਹਮਣੇ ਆਏ ਮਰੀਜ਼ਾਂ ਨੇ ਵਧਾਈ ਗੁਰਦਾਸਪੁਰ ਦੇ ਪ੍ਰਸ਼ਾਸਨ ਦੀ ''ਚਿੰਤਾ''

Tuesday, Apr 28, 2020 - 08:41 PM (IST)

ਲੱਛਣਾਂ ਤੋਂ ਬਗੈਰ ਸਾਹਮਣੇ ਆਏ ਮਰੀਜ਼ਾਂ ਨੇ ਵਧਾਈ ਗੁਰਦਾਸਪੁਰ ਦੇ ਪ੍ਰਸ਼ਾਸਨ ਦੀ ''ਚਿੰਤਾ''

ਗੁਰਦਾਸਪੁਰ (ਹਰਮਨ) : ਦੇਸ਼ ਦੇ ਵੱਖ-ਵੱਖ ਸੂਬਿਆਂ ਸਹਿਤ ਪੰਜਾਬ 'ਚ ਵੱਡਾ ਕਹਿਰ ਮਚਾ ਰਹੇ ਕੋਰੋਨਾ ਵਾਇਰਸ ਤੋਂ ਗੁਰਦਾਸਪੁਰ ਜ਼ਿਲੇ ਨੂੰ ਬਚਾਈ ਰੱਖਣਾ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੈ। ਖਾਸ ਤੌਰ 'ਤੇ ਹੁਣ ਜਦੋਂ 2 ਦਿਨ ਪਹਿਲਾਂ ਪਠਾਨਕੋਟ ਅੰਦਰ ਇਕ ਮਹਿਲਾ ਡਾਕਟਰ 'ਚ ਇਸ ਵਾਇਰਸ ਤੋਂ ਪੀੜ੍ਹਤ ਹੋਣ ਦੇ ਲੱਛਣ ਦਿਖਾਈ ਦੇਣ ਦੇ ਬਗੈਰ ਵੀ ਉਸ ਦੀ ਰਿਪੋਰਟ ਪਾਜ਼ੇਟਿਵ ਆ ਗਈ ਹੈ ਤਾਂ ਅਜਿਹੀ ਸਥਿਤੀ 'ਚ ਗੁਰਦਾਸਪੁਰ ਜ਼ਿਲੇ ਨੂੰ ਗ੍ਰੀਨ ਜ਼ੋਨ 'ਚ ਬਣਾਈ ਰੱਖਣ ਲਈ ਜ਼ਿਲਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਅਤੇ ਚਿੰਤਾ ਹੋਰ ਵਧ ਗਈ ਹੈ। ਇਸ ਤਹਿਤ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਅਤੇ ਐੱਸ. ਐੱਸ. ਪੀ. ਸਵਰਨਦੀਪ ਸਿੰਘ ਨੇ ਮੁੜ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਪਿਛਲੇ ਕਰੀਬ ਇਕ ਮਹੀਨੇ ਦੌਰਾਨ ਕੀਤੀ ਸਖ਼ਤ ਮਿਹਨਤ ਦੀ ਬਦੌਲਤ ਇਹ ਜ਼ਿਲਾ ਗ੍ਰੀਨ ਜ਼ੋਨ 'ਚ ਸ਼ਾਮਲ ਹੋ ਸਕਿਆ ਹੈ ਪਰ ਜਿਸ ਢੰਗ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮਰੀਜ਼ਾਂ ਦੀ ਗਿਣਤੀ 'ਚ ਭਾਰੀ ਵਾਧਾ ਹੋ ਰਿਹਾ ਹੈ, ਉਸ ਨੂੰ ਦੇਖਦੇ ਹੋਏ ਗੁਰਦਾਸਪੁਰ ਜ਼ਿਲੇ ਨੂੰ ਆਉਣ ਵਾਲੇ ਦਿਨਾਂ ਵਿਚ ਹੀ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਸੁਚੇਤ ਹੋਣ ਦੀ ਲੋੜ ਹੈ।

.ਇਹ ਵੀ ਪੜ੍ਹੋ ► ਕੋਰੋਨਾ ਨਾਲ ਜੰਗ 'ਚ ਸਹਿਯੋਗ ਦੇ ਰਹੀ 88 ਸਾਲਾ ਔਰਤ, ਘਰ ਬੈਠੇ ਰੋਜ਼ਾਨਾ ਬਣਾ ਰਹੀ 150 ਮਾਸਕ 

ਟੈਸਟਿੰਗ ਦੀ ਪ੍ਰਕਿਰਿਆ ਕੀਤੀ ਤੇਜ਼
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਜ਼ਿਲ੍ਹਾ ਗੁਰਦਾਸਪੁਰ 'ਚ ਟੈਸਟਿੰਗ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ, ਜਿਸ ਤਹਿਤ ਪਿਛਲੇ 4 ਦਿਨਾਂ ਦੌਰਾਨ 555 ਮਰੀਜ਼ਾਂ ਦੇ ਸੈਂਪਲ ਲਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਗੁਰਦਾਸਪੁਰ ਜ਼ਿਲੇ 'ਚ ਕੁਲ 844 ਮਰੀਜ਼ਾਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ 'ਚੋਂ 541 ਮਰੀਜ਼ਾਂ ਦੇ ਸੈਂਪਲ ਨੈਗੇਟਿਵ ਹਨ ਅਤੇ 302 ਮਰੀਜ਼ਾਂ ਦੇ ਸੈਂਪਲਾਂ ਦੀਆਂ ਰਿਪੋਰਟਾਂ ਆਉਣੀਆਂ ਬਾਕੀ ਹਨ। ਸਿਰਫ ਇਕ ਮਰੀਜ਼ ਦੀ ਰਿਪੋਰਟ ਪਾਜ਼ੇਟਿਵ ਆਈ ਸੀ, ਜਿਸ ਦੀ ਮੌਤ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਅਤੇ ਜ਼ਿਲੇ ਦੇ ਐਂਟਰੀ ਪੁਆਇੰਟਾਂ 'ਤੇ ਤਾਇਨਾਤ ਕੀਤੇ ਅਧਿਕਾਰੀ ਲੋਕਾਂ ਦੀ ਬਾਰੀਕੀ ਨਾਲ ਜਾਂਚ ਅਤੇ ਪੁੱਛਗਿਛ ਕਰ ਰਹੇ ਹਨ ਅਤੇ ਜਿਥੇ ਕਿਤੇ ਵੀ ਕੋਈ ਸ਼ੱਕੀ ਮਰੀਜ਼ ਨਜ਼ਰ ਆਉਂਦਾ ਹੈ ਤਾਂ ਉਸ ਦਾ ਸੈਂਪਲ ਲੈ ਕੇ ਭੇਜਿਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਆਲੇ ਦੁਆਲੇ ਕੋਈ ਸ਼ੱਕੀ ਮਰੀਜ਼ ਹੋਵੇ ਤਾਂ ਉਸ ਬਾਰੇ ਜਾਣਕਾਰੀ ਦਿੱਤੀ ਜਾਵੇ।

ਸਾਰੇ ਲੋਕ ਇਕ ਮਿਸ਼ਨ ਵਾਂਗ ਕੰਮ ਕਰਨ : ਡੀ. ਸੀ.
ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਜ਼ਿਲੇ ਦੇ ਵੱਖ-ਵੱਖ ਵਿਭਾਗ ਜ਼ਿਲੇ ਨੂੰ ਬਚਾਉਣ ਲਈ ਦਿਨ ਰਾਤ ਜੂਝ ਰਹੇ ਹਨ ਅਤੇ ਲੋਕਾਂ ਨੇ ਵੀ ਪੂਰਾ ਸਹਿਯੋਗ ਦਿੱਤਾ ਹੈ, ਜਿਸ ਦੀ ਬਦੌਲਤ ਜ਼ਿਲਾ ਗਰੀਨ ਜ਼ੋਨ 'ਚ ਸ਼ਾਮਲ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਰਚ ਮਹੀਨੇ ਦੀ ਸ਼ੁਰੂਆਤ ਵਿਚ ਹੀ ਜ਼ਿਲਾ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ ਦੇ ਬਚਾਅ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਜਾਗਰੂਕਤਾ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਸੀ ਅਤੇ ਜ਼ਿਲੇ 'ਚ ਚਲਾਏ ਜਾਗਰੂਕਤਾ ਅਭਿਆਨ, ਸਿਵਲ ਤੇ ਪੁਲਸ ਪ੍ਰਸ਼ਾਸਨ ਦੇ ਉਪਰਾਲਿਆਂ ਅਤੇ ਲੋਕਾਂ ਦੇ ਸਹਿਯੋਗ ਸਦਕਾ, ਜ਼ਿਲਾ ਕੋਰੋਨਾ ਵਾਇਰਸ ਦੀ ਬੀਮਾਰੀ ਤੋਂ ਬਚਣ ਵਿਚ ਸਫਲ ਰਿਹਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਕਰਫਿਊ ਦੌਰਾਨ ਲੋਕਾਂ ਨੂੰ ਜ਼ਰੂਰਤ ਵਾਲੀਆਂ ਵਸਤਾਂ ਘਰਾਂ ਤੱਕ ਪੁਹੰਚਾਉਣ ਲਈ ਵੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਕੋਰੋਨਾ ਦੀ ਵੱਡੀ ਚੁਣੌਤੀ ਦਾ ਸਾਹਮਣਾ ਕਰਨ ਲਈ ਜ਼ਿਲੇ ਦੇ ਹਰੇਕ ਵਿਅਕਤੀ ਨੂੰ ਇਕ ਮਿਸ਼ਨ ਸਮਝ ਕੇ ਕੰਮ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ ► ਤਰਨਤਾਰਨ : ਹਜ਼ੂਰ ਸਾਹਿਬ ਤੋਂ ਪਰਤੇ ਦੋ ਹੋਰ ਦੀ ਰਿਪੋਰਟ ਆਈ ਪਾਜ਼ੇਟਿਵ     

ਲੋਕ ਕਰਫਿਊ ਪਾਸ ਦੀ ਦੁਰਵਰਤੋਂ ਨਾ ਕਰਨ : ਐੱਸ. ਐੱਸ. ਪੀ.
ਐੱਸ. ਐੱਸ. ਪੀ. ਸਵਰਨਦੀਪ ਸਿੰਘ ਨੇ ਕਿਹਾ ਕਿ ਅਜਿਹੇ ਸੰਕਟ ਦੇ ਸਮੇਂ ਦੌਰਾਨ ਪੁਲਸ ਲੋਕਾਂ ਖਿਲਾਫ ਸਖ਼ਤੀ ਨਹੀਂ ਕਰਨੀ ਚਾਹੁੰਦੀ ਪਰ ਇਸ ਦੇ ਬਾਵਜੂਦ ਕਈ ਲੋਕ ਦੁਕਾਨਾਂ ਖੋਲ੍ਹ ਰਹੇ ਹਨ ਅਤੇ ਕਈ ਲੋਕ ਮਾਮੂਲੀ ਕੰਮਾਂ ਲਈ ਵੀ ਘਰਾਂ ਤੋਂ ਬਾਹਰ ਨਿਕਲਦੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਲੋਕਾਂ ਦੀਆਂ ਬੇਹੱਦ ਅਹਿਮ ਜ਼ਰੂਰਤਾਂ ਦੀ ਪੂਰਤੀ ਲਈ ਪਾਸ ਜਾਰੀ ਕੀਤੇ ਗਏ ਹਨ, ਪਰ ਲੋਕ ਇਨ੍ਹਾਂ ਪਾਸਾਂ ਨੂੰ ਲੈ ਕੇ ਕਈ ਵਾਰ ਬਿਨਾਂ ਮਤਲਬ ਸੜਕਾਂ 'ਤੇ ਆਉਂਦੇ-ਜਾਂਦੇ ਦਿਖਾਈ ਦਿੰਦੇ ਹਨ, ਜਿਸ ਕਾਰਣ ਪੁਲਸ ਨੂੰ ਅਜਿਹੇ ਲੋਕਾਂ ਖਿਲਾਫ ਸਖ਼ਤੀ ਕਰਨੀ ਪੈ ਰਹੀ ਹੈ। ਜ਼ਿਆਦਾਤਰ ਦੁਕਾਨਦਾਰਾਂ ਅਤੇ ਰੇਹੜੀਆਂ ਵਾਲਿਆਂ ਨੂੰ ਜਾਰੀ ਕੀਤੇ ਪਾਸ ਸਿਰਫ ਹੋਮ ਡਲਿਵਰੀ ਲਈ ਹੁੰਦੇ ਹਨ, ਪਰ ਉਹ ਦੁਕਾਨਦਾਰ ਵੀ ਦੁਕਾਨਾਂ ਖੋਲ੍ਹ ਕੇ ਸਾਰਾ ਦਿਨ ਸਮਾਨ ਵੇਚਦੇ ਹਨ। ਉਨ੍ਹਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਦੇ ਖਤਰੇ ਨੂੰ ਗੰਭੀਰਤਾ ਨਾਲ ਲੈਣ ਅਤੇ ਆਪਣੀ ਤੇ ਦੂਸਰਿਆਂ ਦੀ ਸੁਰੱਖਿਆ ਲਈ ਘਰਾਂ ਵਿਚ ਰਹਿਣ ਨੂੰ ਯਕੀਨੀ ਬਣਾਉਣ।
\


author

Anuradha

Content Editor

Related News