ਹਸਪਤਾਲ ਦੀਆਂ ਲਿਫਟਾਂ ਬੰਦ ਹੋਣ ਕਾਰਨ ਮਰੀਜ਼ਾਂ ਦੇ ਫੁੱਲਣ ਲੱਗੇ ਸਾਹ, ਗਰਭਵਤੀ ਔਰਤਾਂ ਲਈ ਬਣੀ ਮੁਸੀਬਤ
Saturday, Jan 25, 2025 - 01:37 PM (IST)
ਅੰਮ੍ਰਿਤਸਰ (ਦਲਜੀਤ)-ਸਰਕਾਰਾਂ ਵੱਲੋਂ ਕਰੋੜਾਂ ਰੁਪਏ ਜੱਚਾ-ਬੱਚਾ ਦੀ ਸੁਵਿਧਾ ਲਈ ਖਰਚੇ ਜਾਣ ਦੇ ਬਾਵਜੂਦ ਸਰਕਾਰੀ ਬੇਬੇ ਨਾਨਕੀ ਮਦਰ ਐਂਡ ਚਾਇਲਡ ਕੇਅਰ ਸੈਂਟਰ ਵਿਚ ਸੁਵਿਧਾਵਾਂ ਦਮ ਤੋੜਦੀਆਂ ਨਜ਼ਰ ਆ ਰਹੀਆਂ ਹਨ। ਢਿੱਲੇ ਪ੍ਰਸ਼ਾਸਨਿਕ ਪ੍ਰਬੰਧਾਂ ਕਾਰਨ ਲੱਖਾਂ ਰੁਪਏ ਖਰਚ ਕਰ ਕੇ ਲਗਾਈਆਂ 9 ਮੰਜ਼ਿਲਾਂ ਨੂੰ ਕਵਰ ਕਰਨ ਲਈ ਤਿੰਨ ਲਿਫਟਾਂ ਪਿਛਲੇ ਕਈ ਸਮੇਂ ਤੋਂ ਬੰਦ ਪਈਆਂ ਹਨ।
ਹਾਲਾਤ ਅਜਿਹੇ ਹਨ ਕਿ ਗਰਭਵਤੀ ਔਰਤਾਂ ਅਤੇ ਸੀਰੀਅਸ ਹਾਲਤ ਵਿਚ ਆਉਣ ਵਾਲੇ ਬੱਚਿਆਂ ਨੂੰ 8ਵੀਂ ਮੰਜ਼ਿਲ ’ਤੇ ਬਣੇ ਗਾਇਨੀ ਆਪ੍ਰੇਸ਼ਨ ਥੀਏਟਰ ਅਤੇ 7ਵੀਂ ਮੰਜ਼ਿਲ ’ਤੇ ਬਣੇ ਨਿੱਕੂ ਸੈਂਟਰ ਵਿਚ ਲਿਜਾਣ ਲਈ ਮਰੀਜ਼ਾਂ ਦੇ ਵਾਰਿਸਾਂ ਨੂੰ 150 ਤੋਂ ਵਧੇਰੇ ਪੌੜੀਆਂ ਮਰੀਜ਼ਾਂ ਨੂੰ ਨਾਲ ਲੈ ਕੇ ਚੜ੍ਹਨਾ ਪੈ ਰਿਹਾ ਹੈ। ਇੱਥੇ ਹੀ ਬੱਸ ਨਹੀਂ ਸਟਰੇਚਰ ਅਤੇ ਵੀਲ੍ਹ ਚੇਅਰ ਪੌੜੀਆਂ ਦੇ ਰਾਹੀਂ ਨਾ ਚੜ੍ਹਨ ਕਾਰਨ ਕਈ ਵਾਰਿਸ ਤਾਂ ਮਰੀਜ਼ਾਂ ਨੂੰ ਆਪਣੀ ਗੋਦ ਵਿਚ ਚੁੱਕ ਕੇ ਲਿਜਾ ਰਹੇ ਹਨ। ਉਕਤ ਹਾਲਾਤ ਦੇਖ ਕੇ ਲੱਗਦਾ ਹੈ ਕਿ ਸਰਕਾਰੀ ਤੰਤਰ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਅਤੇ ਆਮ ਆਦਮੀ ਪਾਰਟੀ ਵੱਲੋਂ ਸਿਹਤ ਸੇਵਾਵਾਂ ਵਿਚ ਸੁਧਾਰ ਲਿਆਉਣ ਦੇ ਦਾਅਵੇ ਖੋਖਲੇ ਹੁੰਦੇ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਰੂਹ ਕੰਬਾਊ ਹਾਦਸਾ, ਤਾਸ਼ ਦੇ ਪੱਤਿਆਂ ਵਾਂਗ ਉੱਡਾ ਕੇ ਮਾਰੀ ਸਕੂਟਰੀ ਸਵਾਰ ਕੁੜੀ
ਜਾਣਕਾਰੀ ਅਨੁਸਾਰ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਵਿਚ ਜੱਚਾ-ਬੱਚਾ ਦੀ ਸੁਵਿਧਾ ਲਈ ਬੇਬੇ ਨਾਨਕੀ ਮਦਰ ਐਂਡ ਚਾਇਲਡ ਕੇਅਰ ਸੈਂਟਰ ਬਣਾਇਆ ਗਿਆ ਹੈ। ਇਸ ਸੈਂਟਰ ਵਿਚ ਜੱਚਾ-ਬੱਚਾ ਆਪ੍ਰੇਸ਼ਨ ਥੀਏਟਰ ਤੋਂ ਇਲਾਵਾ ਨਿੱਕੂ ਅਤੇ ਹੋਰ ਬੱਚਿਆਂ ਦੇ ਸੈਂਟਰ ਸਥਾਪਤ ਕੀਤੇ ਗਏ ਹਨ। ਕੁੱਲ 9 ਮੰਜ਼ਿਲਾਂ ਦੀਆਂ 150 ਤੋਂ ਵਧੇਰੇ ਪੌੜੀਆਂ ਹਨ। ਸਰਕਾਰ ਵੱਲੋਂ ਮਰੀਜ਼ਾਂ ਦੀ ਸੁਵਿਧਾ ਲਈ ਤਿੰਨ ਲਿਫਟਾਂ ਅਤਿ-ਆਧੁਨਿਕ ਤਕਨੀਕਾਂ ਨਾਲ ਲੈਸ ਲੱਖਾਂ ਰੁਪਏ ਖਰਚ ਕਰ ਕੇ ਲਗਾਈਆਂ ਗਈਆਂ ਹਨ ਪਰ ਅਫਸੋਸ ਦੀ ਗੱਲ ਹੈ ਕਿ ਲਿਫਟਾਂ ਖਰਾਬ ਹੋਣ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਿਸਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਮਾਜ ਸੇਵਕ ਜੈ ਗੋਪਾਲ ਲਾਲੀ ਅਤੇ ਰਜਿੰਦਰ ਸ਼ਰਮਾ ਰਾਜੂ ਨੇ ਦੱਸਿਆ ਕਿ ਕੇਂਦਰ ਵਿਚ ਅੱਜ ਉਨ੍ਹਾਂ ਵੱਲੋਂ ਨਿਰੀਖਣ ਕੀਤਾ ਗਿਆ, ਜਿਸ ਦੌਰਾਨ ਲਿਫਟਾਂ ਖਰਾਬ ਹੋਣ ਸੰਬੰਧੀ ਹਸਪਤਾਲ ਪ੍ਰਸ਼ਾਸਨ ਵੱਲੋਂ ਪੋਸਟਰ ਚਿਪਕਾਏ ਹੋਏ ਸਨ ਪਰ 8ਵੀਂ ਮੰਜ਼ਿਲ ’ਤੇ ਬਣੇ ਗਾਇਨੀ ਆਪ੍ਰੇਸ਼ਨ ਥੀਏਟਰ ਅਤੇ 7ਵੀਂ ਮੰਜ਼ਿਲ ’ਤੇ ਬਣੇ ਨਿੱਕੂ ਸੈਂਟਰ ਵਿਚ ਮਰੀਜ਼ਾਂ ਅਤੇ ਬੱਚਿਆਂ ਨੂੰ ਲਿਜਾਉਣ ਲਈ ਪ੍ਰਬੰਧ ਨਹੀਂ ਕੀਤੇ ਗਏ ਸਨ।
ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਨੇ ਵਿਛਾਏ ਸੱਥਰ, MLA ਜਗਦੀਪ ਕੰਬੋਜ ਗੋਲਡੀ ਦੀ ਭੈਣ ਦੀ ਮੌਤ
ਉਨ੍ਹਾਂ ਦੱਸਿਆ ਕਿ ਮਰੀਜ਼ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਲੈ ਕੇ ਖੁਦ ਪੌੜੀਆਂ ਦੇ ਰਸਤੇ ਰਾਹੀਂ ਲੈ ਕੇ ਜਾ ਰਹੇ ਸਨ। ਕਈ ਮਰੀਜ਼ ਤਾਂ ਅਜਿਹੇ ਸਨ ਜਿਨ੍ਹਾਂ ਦੀ ਹਾਲਤ ਗੰਭੀਰ ਸੀ ਅਤੇ ਉਨ੍ਹਾਂ ਦੇ ਵਾਰਿਸ ਉਨ੍ਹਾਂ ਨੂੰ ਗੋਦੀ ਵਿੱਚ ਚੁੱਕ ਕੇ ਬੜੀ ਮੁਸ਼ਕਿਲ ਨਾਲ ਲੈ ਕੇ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਦਾਖਲ ਕਈ ਮਰੀਜ਼ਾਂ ਦੇ ਵਾਰਿਸਾਂ ਨੇ ਦੱਸਿਆ ਕਿ ਲਿਫਟਾਂ ਕਾਫੀ ਸਮੇਂ ਤੋਂ ਖਰਾਬ ਪਈਆਂ ਹਨ ਪਰ ਠੀਕ ਨਹੀਂ ਹੋਈਆਂ ਹਨ। ਕਈ ਵਾਰ ਡਾਕਟਰਾਂ ਨੂੰ ਵੀ ਕਿਹਾ ਹੈ ਪਰ ਸੁਣਵਾਈ ਨਹੀਂ ਹੋਈ ਹੈ।
ਦੂਸਰੇ ਪਾਸੇ ਕਈ ਡਾਕਟਰਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਲਿਫਟ ਖਰਾਬ ਹੋਣ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੱਚਾ-ਬੱਚਾ ਤੋਂ ਇਲਾਵਾ ਵਿਦਿਆਰਥੀਆਂ ਅਤੇ ਡਾਕਟਰਾਂ ਨੂੰ ਵੀ ਚੜ੍ਹਨ ਵਿਚ ਕਾਫੀ ਸਮੱਸਿਆਵਾਂ ਆ ਰਹੀਆਂ ਹਨ। ਇਸ ਸਬੰਧ ਵਿਚ ਜਦੋਂ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
ਇਹ ਵੀ ਪੜ੍ਹੋ- ਬਟਾਲਾ ਪੁਲਸ ਦੀ ਵੱਡੀ ਕਾਰਵਾਈ, ਅੰਮ੍ਰਿਤਸਰ ਦੇ ਮਸ਼ਹੂਰ ਹੋਟਲ 'ਚ ਕੀਤੀ ਰੇਡ ਤੇ ਫਿਰ...
1.30 ਵਜੇ ਦੇ ਕਰੀਬ ਓ. ਪੀ. ਡੀ. ’ਚੋਂ ਗਾਇਬ ਦਿਖਾਈ ਦਿੱਤੇ ਡਾਕਟਰ
ਹਸਪਤਾਲ ਵਿੱਚ ਡਾਕਟਰਾਂ ਅਤੇ ਮੁਲਾਜ਼ਮਾਂ ਨੂੰ ਡਿਊਟੀ ’ਤੇ ਪਾਬੰਦ ਰਹਿਣ ਦੇ ਕੁਝ ਅਧਿਕਾਰੀਆਂ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਪਰ ਅਫਸੋਸ ਦੀ ਗੱਲ ਹੈ ਕਿ 1.30 ਵਜੇ ਬੇਬੇ ਨਾਨਕੀ ਮਦਰ ਐਂਡ ਚਾਇਲਡ ਕੇਅਰ ਸੈਂਟਰ ਵਿਚ ਬਣੀ ਓ. ਪੀ. ਡੀ. ਵਿਚ ਕੁਝ ਡਾਕਟਰ ਮੌਜੂਦ ਨਹੀਂ ਸਨ। ਇਥੋਂ ਤੱਕ ਕਿ ਡਿਸਪੈਂਸਰੀ ਵਿੱਚ ਵੀ ਮੁੱਖ ਖਿੜਕੀ ’ਤੇ ਪਰਦੇ ਲੱਗੇ ਹੋਏ ਸਨ ਅਤੇ ਇਕ ਹੀ ਖਿੜਕੀ ਖੁੱਲ੍ਹੀ ਹੋਈ ਸੀ। ਕਾਫੀ ਸਮਾਂ ਬਤੀਤ ਹੋਣ ’ਤੇ ਡਾਕਟਰ ਓ. ਪੀ. ਡੀ ਦੇ ਸੰਬੰਧਤ ਕਮਰੇ ਵਿਚ ਨਹੀਂ ਆਏ। ਕਹਿਣ ਨੂੰ ਇਹ ਅਤਿ-ਆਧੁਨਿਕ ਤਕਨੀਕਾਂ ਨਾਲ ਲੈਸ ਸੈਂਟਰ ਹੈ ਅਤੇ ਡਾਕਟਰਾਂ ਦਾ 24 ਘੰਟੇ ਉਪਲੱਬਧ ਰਹਿਣ ਦਾ ਦਾਅਵਾ ਪ੍ਰਸ਼ਾਸਨ ਵੱਲੋਂ ਕੀਤਾ ਜਾਂਦਾ ਹੈ।
ਕਰੋੜਾਂ ਦੀ ਬਿਲਡਿੰਗ ਵਿਚ ਨਹੀਂ ਬਣਾਏ ਰੈਂਪ
ਜੈ ਗੋਪਾਲ ਲਾਲੀ ਅਤੇ ਰਜਿੰਦਰ ਸ਼ਰਮਾ ਰਾਜੂ ਨੇ ਦੱਸਿਆ ਕਿ ਗਾਇਨੀ ਆਪ੍ਰੇਸ਼ਨ ਥੀਏਟਰ 8ਵੀਂ ਮੰਜ਼ਿਲ ’ਤੇ ਹੋਣ ਦੇ ਬਾਵਜੂਦ ਬਿਲਡਿੰਗ ਵਿਚ ਰੈਪ ਨਹੀਂ ਬਣਾਏ ਗਏ। ਹਰੇਕ ਬਿਲਡਿੰਗ ਵਿਚ ਗਾਇਨੀ ਆਪ੍ਰੇਸ਼ਨ ਥੀਏਟਰ ਲਈ ਰੈਂਪ ਜ਼ਰੂਰ ਬਣਾਏ ਜਾਂਦੇ ਹਨ ਪਰ ਇਸ ਕਰੋੜਾਂ ਰੁਪਏ ਦੀ ਬਿਲਡਿੰਗ ਵਿਚ ਪੌੜੀਆਂ ਅਤੇ ਲਿਫਟ ਦੇ ਸਹਾਰੇ ਹੀ ਬਿਲਡਿੰਗ ਨੂੰ 9 ਮੰਜ਼ਿਲਾਂ ਤੱਕ ਖੜ੍ਹਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਕਰੋੜਾਂ ਦੀ ਬਿਲਡਿੰਗ ਅਤੇ ਵੱਡੀ ਬਿਲਡਿੰਗ ਹੋਣ ਦੇ ਬਾਵਜੂਦ ਇਸ ਵਿਚ ਰੈਂਪ ਬਣਾਉਣ ਦਾ ਕੋਈ ਵੀ ਸਾਧਨ ਉਪਲੱਬਧ ਨਹੀਂ ਕੀਤਾ ਗਿਆ ਅਤੇ ਬਿਲਡਿੰਗ ਵੀ ਪਾਸ ਕਰ ਦਿੱਤੀ ਗਈ। ਇਸ ਕਾਰਵਾਈ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ।
ਇਹ ਵੀ ਪੜ੍ਹੋ- ਬੱਸ ਕੰਡਕਟਰ ਦਾ ਸ਼ਰਮਨਾਕ ਕਾਰਾ, ਵਿਆਹੁਤਾ ਨਾਲ ਟੱਪੀਆਂ ਹੱਦਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8