ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਵਿਕ ਜਾਂਦੇ ਨੇ ਮਰੀਜ਼
Wednesday, Dec 11, 2019 - 03:05 PM (IST)
ਲੁਧਿਆਣਾ (ਸਹਿਗਲ) : ਇਕ ਪਾਸੇ ਸਰਕਾਰ ਲੋਕਾਂ ਨੂੰ ਬਿਹਤਰ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਉਣ ਲਈ ਦਿਨ-ਰਾਤ ਇਕ ਕਰਨ ਦੀ ਗੱਲ ਕਰ ਰਹੀ ਹੈ, ਦੂਜੇ ਪਾਸੇ ਨਿੱਜੀ ਅਤੇ ਕਾਰਪੋਰੇਟ ਹਸਪਤਾਲ ਜ਼ਿਆਦਾ ਮਰੀਜ਼ ਆਪਣੇ ਵੱਲ ਖਿੱਚਣ ਲਈ ਕਮਿਸ਼ਨ ਦੀ ਖੇਡ ਖੇਡ ਰਹੇ ਹਨ। ਦੂਰ-ਦੁਰਾਡੇ ਦੇ ਖੇਤਰਾਂ 'ਚ ਬੈਠੇ ਡਾਕਟਰ ਅਤੇ ਛੋਟੇ ਹਸਪਤਾਲਾਂ ਨਾਲ ਸੰਪਰਕ ਕਰਨ ਲਈ ਮਾਰਕੀਟਿੰਗ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜੋ ਪੰਜਾਬ ਦੇ ਆਲੇ-ਦੁਆਲੇ ਦੇ ਰਾਜਾਂ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕਰ ਕੇ ਡਾਕਟਰਾਂ ਨੂੰ ਯੋਗ ਲਾਲਚ ਦੇਣ ਲਈ ਜੁਟੀਆਂ ਹੋਈਆਂ ਹਨ। ਇਹ ਧੰਦਾ ਇੰਨਾ ਵੱਡਾ ਰੂਪ ਧਾਰਨ ਕਰ ਚੁੱਕਾ ਹੈ ਕਿ ਇਸ 'ਤੇ ਪਾਬੰਦੀ ਲਾਉਣਾ ਨਾਮੁਮਕਿਨ ਦਿਖਾਈ ਦੇ ਰਿਹਾ ਹੈ। ਹਾਲਾਂਕਿ ਰਾਜ ਵਿਚ ਏਥੀਕਲ ਪ੍ਰੈਕÎਟਿਸ ਵਿਰੁੱਧ ਕੰਮ ਕਰਨ ਵਾਲਿਆਂ 'ਤੇ ਪਾਬੰਦੀ ਲਾਉਣ ਲਈ ਪੰਜਾਬ ਮੈਡੀਕਲ ਕਾਊਂਸਲ ਵਰਗੀ ਸੰਸਥਾ ਹੈ ਪਰ ਉਹ ਵੀ ਪਿਛਲੇ ਕਈ ਮਹੀਨਿਆਂ ਤੋਂ ਸੁਸਤ ਹਾਲਤ 'ਚ ਦਿਖਾਈ ਦੇ ਰਹੀ ਹੈ।
ਸੂਤਰਾਂ ਦੀ ਮੰਨੀਏ ਤਾਂ ਇਨ੍ਹਾਂ ਹਸਪਤਾਲਾਂ ਦੀਆਂ ਟੀਮਾਂ ਦੂਰ ਦੇ ਇਲਾਕਿਆਂ 'ਚ ਨਿੱਜੀ ਪ੍ਰੈਕਟਿਸ ਕਰ ਰਹੇ ਡਾਕਟਰ ਛੋਟੇ ਨਰਸਿੰਗ ਹੋਮਜ਼ ਦੇ ਪ੍ਰਬੰਧਕਾਂ ਨਾਲ ਸੰਪਰਕ ਕਰਦੇ ਹਨ। ਉਨ੍ਹਾਂ ਨੇ ਆਪਣੇ ਇੱਥੇ ਮਰੀਜ਼ ਰੈਫਰ ਕਰਨ ਲਈ ਬਦਲੇ 'ਚ ਪੂਰੀ ਕਮਿਸ਼ਨਰ ਦਾ ਲੋਭ ਦਿੰਦੇ ਹਨ। ਕਮਿਸ਼ਨ ਦਾ ਇਹ ਧੰਦਾ ਨਿੱਜੀ ਕਲੀਨਿਕਾਂ, ਨਰਸਿੰਗ ਹੋਮਜ਼, ਛੋਟੇ ਹਸਪਤਾਲਾਂ ਤੋਂ ਅੱਗੇ ਵਧਦਾ ਹੋਇਆ ਕੈਮਿਸਟਾਂ ਤੱਕ ਜਾ ਪੁੱਜਾ ਹੈ।
ਇਨ੍ਹਾਂ ਕਾਰਪੋਰੇਟ ਸੰਸਥਾਵਾਂ ਦੇ ਪ੍ਰਤੀਨਿਧੀ ਹੁਣ ਕੈਮਿਸਟ ਨੂੰ ਵੀ ਆਪਣੇ ਇੱਥੇ ਮਰੀਜ਼ ਭੇਜਣ 'ਤੇ ਯੋਗ ਕਮਿਸ਼ਨਰ ਦਾ ਲਾਲਚ ਦੇ ਰਹੇ ਹਨ। ਸੂਤਰਾਂ ਮੁਤਾਬਕ 10,000 ਦਾ ਬਿੱਲ ਬਣਨ 'ਤੇ ਰੈਫਰ ਕਰਨ ਵਾਲੇ ਕੈਮਿਸਟ, ਡਾਕਟਰ ਜਾਂ ਹਸਪਤਾਲ ਨੂੰ 4 ਹਜ਼ਾਰ ਦਾ ਕਮਿਸ਼ਨ ਆਫਰ ਪੇਸ਼ ਕੀਤਾ ਜਾ ਰਿਹਾ ਹੈ, ਜਦੋਂਕਿ 10 ਹਜ਼ਾਰ ਤੋਂ ਜ਼ਿਆਦਾ 'ਤੇ ਕਮਿਸ਼ਨ ਦੀ ਦਰ ਵਧ ਜਾਂਦੀ ਹੈ। ਇਸੇ ਤਰ੍ਹਾਂ ਮਰੀਜ਼ ਰੈਫਰ ਕਰਨ 'ਤੇ ਜੇਕਰ ਬਿੱਲ 20 ਹਜ਼ਾਰ ਬਣਦਾ ਹੈ ਤਾਂ ਉਸ 'ਤੇ 6500 ਰੁਪਏ ਕਮਿਸ਼ਨ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਅਤੇ 25 ਹਜ਼ਾਰ ਬਿੱਲ ਬਣਨ 'ਤੇ 9 ਹਜ਼ਾਰ ਰੁਪਏ ਕਮਿਸ਼ਨ, ਜੇਕਰ ਕਿਸੇ ਤਰ੍ਹਾਂ ਹੱਡੀਆਂ ਟੁੱਟਣ 'ਤੇ ਮਰੀਜ਼ ਨੂੰ ਆਰਥੋ ਵਿਭਾਗ ਵਿਚ ਕਿਸੇ ਹਸਪਤਾਲ ਵਿਚ ਰੈਫਰ ਕੀਤਾ ਜਾਂਦਾ ਹੈ ਤਾਂ ਉਸ 'ਤੇ 30 ਫੀਸਦੀ ਕਮਿਸ਼ਨ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।
ਜਦੋਂਕਿ ਈ. ਐੱਨ. ਟੀ. ਵਿਭਾਗ ਵਿਚ ਮੀਰਜ਼ ਰੈਫਰ ਕਰਨ 'ਤੇ ਵੀ 30 ਫੀਸਦੀ, ਜਨਰਲ ਸਰਜਰੀ ਲਈ ਭੇਜ ਕੇ ਮਰੀਜ਼ 'ਤੇ 55 ਫੀਸਦੀ ਤੱਕ ਕਮਿਸ਼ਨ ਦਿੱਤੀ ਜਾ ਰਹੀ ਹੈ। ਇਹੀ ਆਲਮ ਹੋਰਨਾਂ ਵਿਭਾਗਾਂ ਲਈ ਵੀ ਤੈਅ ਕੀਤਾ ਗਿਆ ਹੈ। ਅਜਿਹੇ 'ਚ ਮਰੀਜ਼ ਰੈਫਰ ਹੁੰਦੇ ਹੀ ਦੂਜੇ ਹਸਪਤਾਲ ਨੂੰ ਭੇਜ ਦਿੱਤੇ ਗਏ ਸਮਝੇ ਜਾਂਦੇ ਹਨ। ਇਹ ਧੰਦਾ ਡਾਇਗਨੋਸਟਿਕ ਸੈਂਟਰਾਂ ਅਤੇ ਲੈਬਾਰਟਰੀ ਤੋਂ ਇਲਾਵਾ ਜਿੱਥੇ ਡਾਕਟਰਾਂ ਲਈ ਪਹਿਲਾਂ ਹੀ ਕਮਿਸ਼ਨ ਤੈਅ ਕੀਤੀ ਜਾ ਚੁੱਕੀ ਹੈ। ਹਾਲ ਹੀ ਵਿਚ ਮੰਦਾ ਪੈਂਦਾ ਦੇਖ ਕੇ ਇਕ ਕਾਰਪੋਰੇਟ ਹਸਪਤਾਲ ਨੇ ਦਿੱਲੀ ਤੋਂ ਇਕ ਮਾਰਕੀਟਿੰਗ ਟੀਮ ਦਾ ਤਜਰਬੇਕਾਰ ਕਰਿੰਦਾ ਹਾਇਰ ਕੀਤਾ ਹੈ ਜੋ ਮਰੀਜ਼ਾਂ ਨੂੰ ਰੈਫਰ ਕਰਨ 'ਤੇ ਉਸ ਦੇ ਰੇਟ ਤੈਅ ਕਰਨ 'ਚ ਮਾਹਰ ਮੰਨਿਆ ਜਾਂਦਾ ਹੈ। ਹੋਰ ਤਾਂ ਹੋਰ ਕਈ ਛੋਟੇ ਅਤੇ ਵੱਡੇ ਹਸਪਤਾਲ ਐਂਬੂਲੈਂਸ ਤੋਂ ਮਰੀਜ਼ ਉਨ੍ਹਾਂ ਦੇ ਹਸਪਤਾਲ ਲਿਆਉਣ 'ਤੇ ਉਨ੍ਹਾਂ ਨੂੰ ਵੀ ਮੁੱਠੀ ਗਰਮ ਕਰਨ ਦੀ ਪੇਸ਼ਕਸ਼ ਦੇਣ ਤੋਂ ਪਿੱਛੇ ਨਹੀਂ ਹਟਦੇ। ਅਜਿਹੇ ਮਰੀਜ਼ ਦੀ ਜਾਨ ਵੀ ਸਿਰਫ ਖਿਡੌਣਾ ਬਣ ਕੇ ਰਹਿ ਗਈ ਹੈ ਅਤੇ ਉਨ੍ਹਾਂ 'ਤੇ ਇਲਾਜ ਦਾ ਭਾਰ ਪਹਿਲਾਂ ਤੋਂ ਕਈ ਗੁਣਾ ਜ਼ਿਆਦਾ ਵਧ ਗਿਆ ਹੈ।